ਸਭ ਤੋਂ ਪਹਿਲਾਂ ਪਲਾਜ਼ਮਾ ਦਾਨ ਕਰਨ ਵਾਲੇ ਤਬਰੇਜ਼ ਖ਼ਾਨ ਦੀ ਮੁੰਕਮਲ ਦਾਸਤਾਨ

05/25/2020 3:21:53 PM

ਹਰਪ੍ਰੀਤ ਸਿੰਘ ਕਾਹਲੋਂ

ਦਿੱਲੀ ਦੇ ਜਹਾਂਗੀਰਪੁਰੀ ਵਿੱਚ ਰਹਿੰਦੇ ਤਬਰੇਜ਼ ਖ਼ਾਨ ਨੇ ਸਭ ਤੋਂ ਪਹਿਲਾਂ ਕੋਰੋਨਾ ਦੀ ਬੀਮਾਰੀ ਤੋਂ ਠੀਕ ਹੁੰਦਿਆਂ ਪਲਾਜ਼ਮਾ ਦਾਨ ਕੀਤਾ। ਤਬਰੇਜ਼ ਨੇ 12 ਮਾਰਚ ਨੂੰ ਤਬਲੀਗੀਆਂ ਦੀ ਮਰਕਜ਼ ਵਿੱਚ ਹਿੱਸਾ ਲਿਆ ਸੀ। 15 ਮਾਰਚ ਨੂੰ ਤਬਰੇਜ਼ ਨੂੰ ਹਲਕਾ ਬੁਖਾਰ ਅਤੇ ਖੰਘ ਮਹਿਸੂਸ ਹੋਈ, ਜਿਸ ਤੋਂ ਬਾਅਦ ਉਹ ਘਰ ਵਿੱਚ ਹੀ ਅਲਹਿਦਾ ਹੋ ਗਏ। 18 ਮਾਰਚ ਨੂੰ ਉਨ੍ਹਾਂ ਨੂੰ ਆਪਣੀ ਹਾਲਤ ਬਹੁਤੀ ਗੰਭੀਰ ਜਾਪੀ ਅਤੇ ਉਹ ਬਾਬੂ ਜਗਜੀਵਨ ਰਾਮ ਹਸਪਤਾਲ ਵਿਖੇ ਦਾਖ਼ਲ ਹੋ ਗਏ। ਇੱਥੋਂ ਉਨ੍ਹਾਂ ਨੂੰ ਸਿਹਤ ਮਹਿਕਮੇ ਦੀ ਸਬੰਧਤ ਟੀਮ ਨੇ ਜਹਾਂਗੀਰਪੁਰਾ ਦੇ ਰਾਮ ਮਨੋਹਰ ਲੋਹੀਆਂ ਹਸਪਤਾਲ ਵਿਖੇ ਸੈਂਪਲ ਦੇਣ ਉਪਰੰਤ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰ ਲਿਆ। 

ਤਬਰੇਜ਼ ਖ਼ਾਨ 5 ਅਪ੍ਰੈਲ ਨੂੰ ਠੀਕ ਹੋ ਕੇ ਘਰ ਪਰਤ ਆਏ ਅਤੇ ਘਰ ਹੀ ਦੋ ਹਫਤੇ ਅਲਹਿਦਾ ਰਹਿਣ ਤੋਂ ਬਾਅਦ 21 ਅਪ੍ਰੈਲ ਨੂੰ ਉਨ੍ਹਾਂ ਨੇ ਪਹਿਲੀ ਵਾਰ ਪਲਾਜ਼ਮਾ ਦਾਨ ਕੀਤਾ। ਤਬਰੇਜ਼ ਖ਼ਾਨ ਦੱਸਦੇ ਨੇ ਕਿ ਉਨ੍ਹਾਂ ਵੱਲੋਂ ਦਾਨ ਕੀਤਾ ਪਲਾਜ਼ਮਾ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਹਸਪਤਾਲ ਵਿਖੇ ਦੋ ਮਰੀਜ਼ਾਂ ਨੂੰ ਦਿੱਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਆਉਣ ਦੀ ਖ਼ਬਰ ਆਈ। ਪਲਾਜ਼ਮਾਂ ਦੀ ਇਸ ਵਿਧੀ ’ਤੇ ਅਜੇ ਵੀ ਖੋਜ ਜਾਰੀ ਹੈ।

ਜ਼ਿੰਦਗੀ ਦਰ ਜ਼ਿੰਦਗੀ
ਤਬਰੇਜ਼ ਖ਼ਾਨ ਦੇ ਪੁਰਖੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਤੋਂ 1986 ਵਿੱਚ ਦਿੱਲੀ ਦੇ ਜਹਾਂਗੀਰਪੁਰੀ ਵਿਖੇ ਆਏ ਸਨ। ਤਬਰੇਜ਼ ਉਸ ਸਮੇਂ ਚਾਰ ਸਾਲ ਦੇ ਸਨ। ਤਬਰੇਜ਼ ਦੱਸਦੇ ਨੇ ਕਿ 6 ਦਸੰਬਰ 1992 ਦੇ ਦਿਨਾਂ ਵਿੱਚ ਉਹ 10 ਸਾਲ ਦੇ ਸਨ। ਉਸ ਸਮੇਂ ਜਹਾਂਗੀਰਪੁਰੀ ਦੇ ਹਾਲਾਤ ਵੀ ਬਹੁਤ ਖੌਫਜ਼ਦਾ ਹੋ ਗਏ ਸਨ। ਘਰਾਂ ਦੇ ਦਰਵਾਜ਼ੇ ਬੰਦ ਹੁੰਦੇ ਸਨ ਅਤੇ ਬਾਹਰ ਨਾਅਰਿਆਂ ਦੀ ਆਵਾਜ਼ਾਂ ਆਉਂਦੀਆਂ ਸਨ। ਉਨ੍ਹਾਂ ਮੁਤਾਬਕ ਇਸ ਤੋਂ ਬਾਅਦ ਭਾਰਤ ਵਿੱਚ ਹੁੰਦੀ ਹਰ ਵੱਡੀ ਤ੍ਰਾਸਦੀ ਦੇ ਨਾਲ ਹੀ ਉਹ ਵੱਡੇ ਹੋਏ ਹਨ। ਇਸ ਦਰਮਿਆਨ ਉਨ੍ਹਾਂ ਨੇ ਇੱਕ ਹੀ ਗੱਲ ਸਮਝੀ ਹੈ ਕਿ ਨਫਰਤ ਨੂੰ ਖਤਮ ਕਰਨ ਲਈ ਮੁਹੱਬਤ ਅਤੇ ਮਿਲ ਵੰਡ ਕੇ ਚੱਲਣਾ ਜ਼ਰੂਰੀ ਹੈ।

ਮੈਂ ਤੇ ਕੁਸੁਮ
ਤਬਰੇਜ਼ ਖ਼ਾਨ ਜ਼ੁਰਾਬਾਂ ਬਣਾਉਣ ਦੇ ਕਾਰੋਬਾਰ ਵਿੱਚ ਹਨ ਅਤੇ ਉਨ੍ਹਾਂ ਦੇ ਪਰਿਵਾਰ ਵਿਚ ਉਨ੍ਹਾਂ ਦੇ ਮਾਤਾ-ਪਿਤਾ, ਭਰਾ-ਭਾਬੀ, ਭਤੀਜਾ-ਭਤੀਜੀ ਅਤੇ ਉਨ੍ਹਾਂ ਦੀ ਘਰਵਾਲੀ ਹੈ। ਤਬਰੇਜ਼ ਦਾ ਪ੍ਰੇਮ ਵਿਆਹ ਹੋਇਆ ਹੈ। ਉਨ੍ਹਾਂ ਦੀ ਘਰ ਵਾਲੀ ਹਿੰਦੂ ਪਰਿਵਾਰ ਵਿੱਚੋਂ ਹੈ। ਤਬਰੇਜ਼ ਕਹਿੰਦੇ ਹਨ ਕਿ ਅਸੀਂ ਬਤੌਰ ਮੁਸਲਮਾਨ ਦੋ ਜ਼ਿੰਦਗੀਆਂ ਹੰਢਾਉਂਦੇ ਹਾਂ। ਅਖਬਾਰਾਂ ਮੀਡੀਆ ਜਾਂ ਆਲੇ-ਦੁਆਲੇ ਤੁਰਦੀਆਂ ਖ਼ਬਰਾਂ ਵਿੱਚ ਉਹ ਜੋ ਵੇਖਦਾ ਹੈ, ਉਨ੍ਹੀਂ ਨਫਰਤ ਅਸਲ ਜ਼ਿੰਦਗੀ ਵਿੱਚ ਨਹੀਂ ਹੈ। ਤਬਰੇਜ਼ ਮੁਤਾਬਕ ਉਹ ਅਤੇ ਉਨ੍ਹਾਂ ਦੀ ਪਤਨੀ ਕੁਸੁਮ ਬਹੁਤ ਸੋਹਣੀ ਜ਼ਿੰਦਗੀ ਹੰਢਾ ਰਹੇ ਹਨ। ਪਰਿਵਾਰ ਵਿੱਚ ਹਿੰਦੂ ਅਤੇ ਮੁਸਲਮਾਨਾਂ ਦੀ ਸਾਂਝੀ ਸੱਭਿਅਤਾ ਹੋਣ ਕਰਕੇ ਅਸੀਂ ਹਮੇਸ਼ਾ ਦੋ ਦੋ ਤਿਉਹਾਰਾਂ ਦੀਆਂ ਖੁਸ਼ੀਆਂ ਮਨਾਉਂਦੇ ਹਾਂ। ਸਾਡੇ ਘਰ ਈਦ ਦੀ ਖ਼ੁਸ਼ੀ ਵੀ ਹੈ ਅਤੇ ਦੀਵਾਲੀ, ਲਕਸ਼ਮੀ ਪੂਜਾ ਦਾ ਆਨੰਦ ਵੀ ਹੈ।

ਆਪਣੀ ਪਤਨੀ ਦੇ ਨਾਲ ਤਬਰੇਜ਼ ਖਾਨ

PunjabKesari

ਪਲਾਜ਼ਮਾ ਦਾਨ ਕਰਦਿਆਂ  
21 ਅਪ੍ਰੈਲ ਤੋਂ ਬਾਅਦ ਤਬਰੇਜ਼ ਨੇ 5 ਮਈ ਨੂੰ ਦੂਜੀ ਵਾਰ ਫਿਰ ਪਲਾਜ਼ਮਾ ਦਾਨ ਕੀਤਾ। ਉਨ੍ਹਾਂ ਮੁਤਾਬਕ ਇਸ ਵਾਰ ਉਹ ਪਲਾਜ਼ਮਾਂ ਦੇ ਨਾਲ ਖੂਨ ਦਾਨ ਵੀ ਕਰ ਚੁੱਕੇ ਹਨ। ਤਬਰੇਜ ਮੁਤਾਬਕ ਉਨ੍ਹਾਂ ਨੂੰ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ ਤੋਂ ਖੂਨ ਦਾਨ ਕਰਨ ਲਈ ਫੋਨ ਆਇਆ ਸੀ। ਹਸਪਤਾਲ ਨੂੰ ਇਹ ਖੂਨ ਆਪਣੀ ਮੈਡੀਕਲ ਖੋਜ ਦੇ ਲਈ ਚਾਹੀਦਾ ਸੀ। ਪਲਾਜਮਾ ਦਾਨ ਕਰਦਿਆਂ ਮੈਨੂੰ ਖੁਸ਼ੀ ਹੋਈ ਹੈ ਕਿ ਰਮਜ਼ਾਨ ਦੇ ਪਵਿੱਤਰ ਦਿਨਾਂ ਵਿੱਚ ਮੈਂ ਉਹ ਕੰਮ ਕੀਤਾ ਜਿਸ ਦਾ ਹੁਕਮ ਸਾਨੂੰ ਅੱਲ੍ਹਾ ਤੋਂ ਮਿਲਿਆ ਹੈ। ਇਹ ਰੋਜ਼ਿਆਂ ਦੇ ਦਿਨ ਹਨ ਅਤੇ ਇੰਜ ਖੂਨ ਅਤੇ ਪਲਾਜਮਾ ਦਾਨ ਕਰਦਿਆਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਮਹਿਸੂਸ ਨਹੀਂ ਹੋਈ। ਤਬਰੇਜ਼ ਨੇ ਤੀਜੀ ਵਾਰ ਤਾਜ਼ਾ ਪਲਾਜ਼ਮਾ ਦਾਨ 18 ਮਈ ਨੂੰ ਕੀਤਾ ਹੈ। ਤਵਰੇਜ਼ ਕਹਿੰਦੇ ਹਨ ਕਿ ਜ਼ਿੰਦਗੀ ਵਿੱਚ ਜਦੋਂ ਵੀ ਸਾਨੂੰ ਮੌਕਾ ਮਿਲੇ ਅਸੀਂ ਇਨਸਾਨੀਅਤ ਲਈ ਕੰਮ ਕਰੀਏ ਇਹੋ ਹੀ ਸਾਡਾ ਬੰਦੇ ਦਾ ਬੰਦਾ ਹੋਣ ਦਾ ਅਹਿਸਾਸ ਮੁਕੰਮਲ ਕਰਦਾ ਹੈ। ਤਬਰੇਜ਼ ਮੁਤਾਬਕ ਇਸ ਵਾਰ ਦੀ ਈਦ ਮੇਰੀ ਜ਼ਿੰਦਗੀ ਦੀ ਸਭ ਤੋਂ ਯਾਦਗਾਰ ਈਦ ਰਹੇਗੀ। ਉਨ੍ਹਾਂ ਮੁਤਾਬਕ ਸਾਡੇ ਖਿਲਾਫ ਜੋ ਵੀ ਨਫਰਤ ਫੈਲਾਈ ਗਈ ਉਹ ਸਭ ਬੇਮਾਇਨੇ ਰਹਿ ਗਈ ਹੈ ਅਤੇ ਅਖੀਰ ਤੇ ਉਨ੍ਹਾਂ ਨੂੰ ਮੁਕੰਮਲ ਸਕੂਨ ਹੈ ਕਿ ਉਨ੍ਹਾਂ ਨੇ ਸਵਾਬ ਦਾ ਕੰਮ ਕੀਤਾ। 

ਮੇਰੇ ਗੁਆਂਢ ਵਿੱਚ ਰੱਬ ਦੇ ਕਈ ਘਰ 
ਤਬਰੇਜ਼ ਖਾਨ ਕਹਿੰਦੇ ਹਨ ਕਿ ਜਹਾਂਗੀਰਪੁਰੀ ਵਿਖੇ ਮੇਰੇ ਮੁਹੱਲੇ ਦੀ ਰੌਣਕ ਬਹੁਤ ਰੂਹਾਨੀਅਤ ਭਰੀ ਹੁੰਦੀ ਹੈ। ਤਬਰੇਜ਼ ਦੇ ਘਰ ਦੇ ਨੇੜੇ ਮੰਦਰ ਮਸੀਤ ਅਤੇ ਗੁਰਦੁਆਰਾ ਵੀ ਹੈ। ਉਨ੍ਹਾਂ ਨੂੰ ਮਹਿਸੂਸ ਇਹੋ ਹੁੰਦਾ ਹੈ ਕਿ ਧਰਮ ਕਦੇ ਵੀ ਬੁਰਾ ਨਹੀਂ ਹੁੰਦਾ ਬੋਰੇ ਤਾਂ ਕੁਝ ਲੋਕ ਬਣਾ ਦਿੰਦੇ ਹਨ। ਤਬਰੇਜ਼ ਕਹਿੰਦੇ ਹਨ ਕਿ ਮੇਰੀ ਜ਼ਿੰਦਗੀ ਦਾ ਸਭ ਤੋਂ ਖੁਸ਼ਨੁਮਾ ਹਿੱਸਿਆਂ ਵਿੱਚੋਂ ਇੱਕ ਪਲ ਇਹ ਵੀ ਹੁੰਦਾ ਹੈ ਜਦੋਂ ਅਸੀਂ ਗੁਰਦੁਆਰੇ ਦਾ ਵਿਹੜਾ ਪਾਣੀ ਨਾਲ ਧੋਂਦੇ ਹਾਂ। ਤਬਰੇਜ ਮੁਤਾਬਕ ਉਨ੍ਹਾਂ ਦਾ ਪਲਾਜ਼ਮਾ ਕਿਸੇ ਹਿੰਦੂ ਵੀਰ ਨੂੰ ਦਾਨ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਇਹ ਸੋਚਕੇ ਰੋਜ਼ਾਨਾ ਖੁਸ਼ੀ ਹੁੰਦੀ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਆਪਣੇ ਕਿਸੇ ਹਿੰਦੂ ਵੀਰ ਦੇ ਕੰਮ ਆਈ।

"ਸਿਹਤ ਖੇਤਰ ਵਿੱਚ ਅਕਸਰ ਲੋਕ ਆਪਣੇ ਕਿਸੇ ਜਾਣ ਪਛਾਣ ਲਈ ਇੰਜ ਖ਼ੂਨ ਜਾਂ ਪਲਾਜ਼ਮਾ ਦਾਨ ਕਰਦੇ ਹਨ। ਅਜਿਹੇ ਚ ਤਬਰੇਜ਼ ਖਾਨ ਦਾ ਇਨਸਾਨੀਅਤ ਲਈ ਪਿਆਰ ਵਿਖਾਉਂਦਿਆਂ ਪਲਾਜ਼ਮਾ ਦਾਨ ਕਰਨਾ ਯਕੀਨਨ ਇਸ ਦੌਰ ਦੀ ਪ੍ਰੇਰਨਾ ਭਰੀ ਮਿਸਾਲ ਹੈ।"

-ਡਾਕਟਰ ਉਪਿੰਦਰ, ਆਈ.ਐੱਲ.ਬੀ.ਐੱਸ ਇੰਸਟੀਚਿਊਟ ਤੋਂ ਤਬਰੇਜ਼ ਖ਼ਾਨ ਦੇ ਪਲਾਜ਼ਮਾ ਦਾਨ ਕਰਨ 'ਤੇ 


rajwinder kaur

Content Editor

Related News