ਤਬਲੀਗੀ ਜਮਾਤ ਦਾ ਨੌਜਵਾਨ ਕੋਰੋਨਾ ਪਾਜ਼ੇਟਿਵ, ਡੇਢ ਦਰਜਨ ਤੋਂ ਵੱਧ ਪਿੰਡ ਕੀਤੇ ਸੀਲ

Monday, Apr 13, 2020 - 12:09 AM (IST)

ਭੋਗਪੁਰ/ਕਿਸ਼ਨਗੜ੍ਹ/ਕਰਤਾਰਪੁਰ, (ਰਾਣਾ ਭੋਗਪੁਰੀਆ, ਬੈਂਸ, ਸਾਹਨੀ)- ਨਜ਼ਦੀਕੀ ਪਿੰਡ ਤਲਵੰਡੀ ਦੋਦੇ ਥਾਣਾ ਕਰਤਾਰਪੁਰ ਤੋਂ ਬੀਤੇ ਦਿਨੀਂ ਗੁੱਜਰ ਭਾਈਚਾਰੇ ਦੇ 2 ਨੌਜਵਾਨਾਂ ਨੂੰ ਸਿਹਤ ਵਿਭਾਗ ਨੇ ਸ਼ੱਕ ਦੇ ਆਧਾਰ ’ਤੇ ਰਾਊਂਡਅਪ ਕੀਤਾ ਸੀ, ਜਿਨ੍ਹਾਂ ਵਿਚੋਂ ਇਕ ਨੌਜਵਾਨ ਦੀ ਅੱਜ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਉਣ ਨਾਲ ਸਿਵਲ ਤੇ ਪੁਲਸ ਪ੍ਰਸ਼ਾਸਨ ਵਿਚ ਹਡ਼ਕੰਪ ਮਚ ਗਿਆ। ਜਿਵੇਂ ਹੀ ਰਿਪੋਰਟ ਦੀ ਜਾਣਕਾਰੀ ਪੁਲਸ ਪ੍ਰਸ਼ਾਸਨ ਨੂੰ ਮਿਲੀ ਤਾਂ ਪੁਲਸ ਨੇ ਪਿੰਡ ਤਲਵੰਡੀ ਦੋਦੇ (ਤਲਵੰਡੀ ਭੀਲਾਂ) ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ। ਇਸ ਸਬੰਧੀ ਐੱਸ. ਐੱਚ. ਓ. ਕਰਤਾਰਪੁਰ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਪਿੰਡ ਦੇ ਗੁੱਜਰ ਭਾਈਚਾਰੇ ਦੇ ਇਕ ਡੇਰੇ ਤੋਂ 2 ਨੌਜਵਾਨਾਂ ਨੂੰ ਚੈੱਕਅਪ ਲਈ ਰਾਊਂਡਅਪ ਕੀਤਾ ਸੀ, ਜਿਨ੍ਹਾਂ ਵਿਚੋਂ ਵਾਧ ਅਲੀ ਹੁਸੈਨ ਦੀ ਅੱਜ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਵਿਭਾਗ ਇਸ ਸਬੰਧੀ ਪੂਰੀ ਤਰ੍ਹਾਂ ਸਰਗਰਮ ਹੋ ਕੇ ਛਾਣਬੀਣ ਕਰ ਰਿਹਾ ਹੈ ਕਿ ਇਹ ਨੌਜਵਾਨ ਪਿਛਲੇ ਦਿਨੀਂ ਹਰਿਦੁਆਰ ਗਏ ਸਨ। ਵਾਧ ਅਲੀ ਹੁਸੈਨ (18) ਤਬਲੀਗੀ ਜਮਾਤ ਨਾਲ ਸਬੰਧ ਰੱਖਦਾ ਹੈ। ਪੁਲਸ ਪ੍ਰਸ਼ਾਸਨ ਵਲੋਂ ਤਲਵੰਡੀ ਨਾਲ ਲੱਗਦੇ ਪਿੰਡ ਰਸੂਲਪੁਰ ਬ੍ਰਾਹਮਣਾਂ, ਰਹੀਮਪੁਰ, ਮੁਸਤਫਾਪੁਰ, ਚਕਰਾਲਾ, ਐਮਾ, ਘੁਮਿਆਰਾ, ਹਸਨਮੁੰਡਾ, ਬੂਲ੍ਹੇ, ਸ਼ਿਵਦਾਸਪੁਰ, ਮੁਰੀਦਪੁਰ, ਸੱਤੋਵਾਲੀ, ਬਾਹੋਪੁਰ, ਰੋਹਜਡ਼ੀ, ਰਾਣੀ ਭੱਟੀ, ਕੰਧਾਲਾ ਗੁਰੂ, ਕਰਾਡ਼ੀ ਤੇ ਸੀਤਲਪੁਰ ਨੂੰ ਵੀ ਸੀਲ ਕੀਤਾ ਹੈ।


Bharat Thapa

Content Editor

Related News