ਬਿਕਰਮ ਮਜੀਠਿਆ 'ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਸਿੱਟ ਵੱਲੋਂ ਕਈ ਥਾਵਾਂ 'ਤੇ ਛਾਪੇਮਾਰੀ

Wednesday, Dec 22, 2021 - 01:27 PM (IST)

ਬਿਕਰਮ ਮਜੀਠਿਆ 'ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਸਿੱਟ ਵੱਲੋਂ ਕਈ ਥਾਵਾਂ 'ਤੇ ਛਾਪੇਮਾਰੀ

ਜਲੰਧਰ: ਡਰੱਗਜ਼ ਮਾਮਲੇ 'ਚ ਬਿਕਰਮ ਸਿੰਘ ਮਜੀਠੀਆ 'ਤੇ ਐੱਨ.ਡੀ.ਪੀ.ਸੀ.ਐਕਟ ਤਹਿਤ ਮਾਮਲਾ ਦਰਜ ਹੋਣ ਮਗਰੋਂ ਪੁਲਸ ਵੱਲੋਂ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਪੰਜਾਬ ਪੁਲਸ ਮਜੀਠੀਆ ਤੱਕ ਪਹੁੰਚ ਨਹੀਂ ਸਕੀ।ਬੀਤੇ ਦਿਨੀਂ ਕੇਸ ਦਰਜ ਕਰਨ ਮਗਰੋਂ ਅਕਾਲੀ ਆਗੂ ਦੀ ਗ੍ਰਿਫ਼ਤਾਰੀ ਲਈ ਸਿੱਟ ਦਾ ਗਠਨ ਕਰ ਦਿੱਤਾ ਗਿਆ ਸੀ ਅਤੇ ਸਿੱਟ ਦੀਆਂ ਚਾਰ ਟੀਮਾਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।ਜਾਣਕਾਰੀ ਅਨੁਸਾਰ ਸਿੱਟ ਦੀਆਂ ਟੀਮਾਂ ਵੱਲੋਂ 16 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ ਪਰ ਫ਼ਿਲਹਾਲ ਪੁਲਸ ਮਜੀਠੀਆ ਦੀ ਪੈੜ ਨੱਪਣ ਵਿੱਚ ਕਾਮਯਾਬ ਨਹੀਂ ਹੋ ਸਕੀ।

ਇਹ ਵੀ ਪੜ੍ਹੋਪੰਜਾਬ 'ਚ ਵੱਡਾ ਧਮਾਕਾ ਕਰਨ ਦੀ ਰੌਂਅ 'ਚ ਭਾਜਪਾ, ਬਦਲਣਗੇ ਸਿਆਸੀ ਸਮੀਕਰਨ

ਜਾਣਕਾਰੀ ਅਨੁਸਾਰ ਸਿੱਟ ਦੀਆਂ ਟੀਮਾਂ ਵੱਲੋਂ ਬਿਕਰਮ ਮਜੀਠੀਆ ਦੀ ਚੰਡੀਗੜ੍ਹ ਦੇ ਸੈਕਟਰ 4 'ਚ ਸਰਕਾਰੀ ਰਿਹਾਇਸ਼ ਤੋਂ ਇਲਾਵਾ ਨਿੱਜੀ ਰਿਹਾਇਸ਼ 'ਤੇ ਵੀ ਛਾਪੇਮਾਰੀ ਕੀਤੀ ਗਈ ਹੈ।ਇਸ ਤੋਂ ਇਲਾਵਾ ਪੰਜਾਬ-ਹਰਿਆਣਾ ਦੇ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ ਪਰ ਫ਼ਿਲਹਾਲ ਸਿੱਟ ਦੇ ਹੱਥ ਹਾਲੇ ਤੱਕ ਖ਼ਾਲੀ ਹਨ।ਤਾਜ਼ਾ ਜਾਣਕਾਰੀ ਅਨੁਸਾਰ ਬਿਕਰਮ ਮਜੀਠੀਆ ਖ਼ਿਲਾਫ਼ ਲੁੱਕ ਆਊਟ ਨੋਟਿਸ ਵੀ ਜਾਰੀ ਹੋ ਚੁੱਕਾ ਹੈ ਤਾਂ ਜੋ ਮਜੀਠੀਆ ਦੇਸ਼ ਛੱਡ ਕੇ ਵਿਦੇਸ਼ ਨਾ ਚਲੇ ਜਾਣ।ਜ਼ਿਕਰਯੋਗ ਹੈ ਕਿ ਬਿਕਰਮ ਮਜੀਠੀਆ 'ਤੇ ਕੇਸ ਦਰਜ ਹੋਣ ਮਗਰੋਂ ਪੰਜਾਬ ਦੀ ਸਿਆਸਤ ਵਿੱਚ ਭੂਚਾਲ ਆ ਚੁੱਕਾ ਹੈ। ਜਿੱਥੇ ਇਕ ਪਾਸੇ ਅਕਾਲੀ ਦਲ ਇਸ ਨੂੰ ਬਦਲਾਖੋਰੀ ਦੀ  ਰਾਜਨੀਤੀ ਦੱਸ ਰਿਹਾ ਹੈ ਉਥੇ ਹੀ ਕਾਂਗਰਸੀ ਆਗੂ ਮੁੱਖ ਮੰਤਰੀ ਚੰਨੀ ਅਤੇ ਗ੍ਰਹਿ ਮੰਤਰੀ ਰੰਧਾਵਾ ਦੀ ਪਿੱਠ ਥਾਪੜ ਰਹੇ ਹਨ।

ਇਹ ਵੀ ਪੜ੍ਹੋCM ਚੰਨੀ ਨੇ ਸਾਬਤ ਕੀਤਾ ਕਿ ਉਹ ‘ਰਬੜ ਦੀ ਸਟੈਂਪ’ ਨਹੀਂ

ਕੈਪਟਨ ਅਮਰਿੰਦਰ ਸਿੰਘ ਦੀ ਪ੍ਰਤੀਕਿਰਿਆ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ’ਤੇ ਦਰਜ ਕੀਤੀ ਗਈ ਐੱਫ. ਆਈ. ਆਰ. ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਲਤ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮਜੀਠੀਆ ’ਤੇ ਗਲਤ ਤਰੀਕੇ ਨਾਲ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਨਸ਼ੇ ਨਾਲ ਜੁੜੇ ਮਾਮਲੇ ਦੀ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਕੋਲ ਸੀਲਬੰਦ ਲਿਫ਼ਾਫ਼ੇ ਵਿਚ ਹੈ, ਇਹ ਲਿਫ਼ਾਫ਼ਾ ਖੁੱਲ੍ਹਾ ਨਹੀਂ ਹੈ ਤਾਂ ਪੰਜਾਬ ਸਰਕਾਰ ਨੇ ਕਿਸ ਆਧਾਰ ’ਤੇ ਐੱਫ. ਆਈ. ਆਰ. ਦਰਜ ਕੀਤੀ ਹੈ। ਇਸ ਮੁਲਕ ਵਿਚ ਕਾਨੂੰਨ ਹੈ ਜਾਂ ਨਹੀਂ। ਇਹ ਠੀਕ ਨਹੀਂ ਹੈ ਕਿ ਧੱਕਾ ਕਰ ਕੇ ਜਾਂ ਕਿਸੇ ਨਾਲ ਦੁਸ਼ਮਣੀ ਕੱਢਣ ਲਈ ਕਿਸੇ ਦੀ ਬਾਂਹ ਮਰੋੜੀ ਜਾਵੇ। ਮੈਂ ਵਾਰ-ਵਾਰ ਕਹਿ ਰਿਹਾ ਹਾਂ ਕਿ ਇਹ ਜੋ ਕੁੱਝ ਹੋ ਰਿਹਾ ਹੈ, ਗਲਤ ਹੈ। ਪੰਜਾਬ ਸਰਕਾਰ ਨਾ ਤਾਂ ਕਾਨੂੰਨ ਨੂੰ ਵੇਖ ਰਹੀ ਹੈ ਅਤੇ ਨਹੀਂ ਹੀ ਸੰਵਿਧਾਨ ਨੂੰ ਵੇਖ ਰਹੀ ਹੈ। ਮਜੀਠੀਆ ਖ਼ਿਲਾਫ਼ ਦਰਜ ਕੀਤਾ ਗਿਆ ਕੇਸ ਕਾਨੂੰਨੀ ਪੜਤਾਲ ਵਿਚ ਕਾਇਮ ਨਹੀਂ ਰਹਿ ਸਕੇਗਾ, ਕਿਉਂਕਿ ਸਰਕਾਰ ਨੇ ਜ਼ਰੂਰੀ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Harnek Seechewal

Content Editor

Related News