ਸੂਬੇ 'ਚ ਸਵਾਈਨ ਫਲੂ ਦਾ ਕਹਿਰ ਜਾਰੀ, ਮੁਕਤਸਰ 'ਚ ਇਕ ਹੋਰ ਮੌਤ
Tuesday, Feb 05, 2019 - 11:41 AM (IST)

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) : ਆਏ ਦਿਨ ਸਵਾਈਨ ਫਲੂ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਕ ਹੋਰ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਉਦੇਕਰਨ ਦਾ ਸਾਹਮਣੇ ਆਇਆ ਹੈ, ਜਿੱਥੇ ਪਰਮਜੀਤ ਕੌਰ (47) ਦੀ ਸਵਾਈਨ ਫਲੂ ਕਾਰਨ ਮੌਤ ਹੋ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪੁੱਤਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਪਿਛਲੇ ਚਾਰ ਦਿਨਾਂ ਤੋਂ ਬਿਮਾਰ ਸੀ , ਉਹ ਪਹਿਲਾਂ ਲੁਧਿਆਣਾ ਵਿਖੇ ਡੀ. ਐੱਮ. ਸੀ. ਹਸਪਤਾਲ ਵਿਚ ਦਾਖਲ ਕਰਵਾਉਣ ਲਈ ਲੈ ਕੇ ਗਏ ਸਨ ਪਰ ਉਥੇ ਸਵਾਈਨ ਫਲੂ ਦੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਉਥੇ ਬੈੱਡ ਨਹੀਂ ਮਿਲਿਆ, ਫਿਰ ਉਨ੍ਹਾਂ ਵਲੋਂ ਇਕ ਨਿਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮਾਂ ਦੀ ਮੌਤ ਹੋ ਗਈ।
ਇਸ ਮੌਕੇ ਮ੍ਰਿਤਕ ਦੇ ਪਤੀ ਜਗਸੀਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਬੁਖਾਰ ਹੋਣ ਕਾਰਨ ਉਸ ਦੀ ਪਤਨੀ ਦਾ ਇਲਾਜ ਚੱਲ ਰਿਹਾ ਸੀ , ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਕਿਸੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ, ਜਿਸ ਹਸਪਤਾਲ ਵਿਚ ਮਰੀਜ਼ ਦੀ ਮੌਤ ਹੋਈ ਹੈ, ਉਨ੍ਹਾਂ ਵਲੋਂ ਇਹ ਕਿਹਾ ਗਿਆ ਸੀ ਕਿ ਸ੍ਰੀ ਮੁਕਤਸਰ ਸਾਹਿਬ ਤੋਂ ਟੀਮ ਆਵੇਗੀ ਪਰ ਉਨ੍ਹਾਂ ਕੋਲ ਕੋਈ ਨਹੀਂ ਪਹੁੰਚਿਆ, ਜਿਸ ਕਾਰਨ ਉਸ ਦੀ ਪਤਨੀ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਸੂਬੇ ਭਰ ਵਿਚ ਸਵਾਈਨ ਫਲੂ ਨਾਲ ਕਈ ਮੌਤਾਂ ਹੋ ਚੁੱਕੀਆਂ ਹਨ ਅਤੇ ਮੁਕਤਸਰ 'ਚ ਵੀ ਸੋਮਵਾਰ ਨੂੰ ਇਕ ਧਰਮ ਸਿੰਘ ਨਾਮਕ ਵਿਅਕਤੀ ਦੀ ਮੌਤ ਹੋ ਗਈ ਸੀ। ਬਾਵਜੂਦ ਇਸ ਦੇ ਪੰਜਾਬ ਸਰਕਾਰ ਵਲੋਂ ਸਵਾਈਨ ਫਲੂ ਨਾਲ ਨਜਿੱਠਣ ਲਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਹਨ।