ਬਠਿੰਡਾ ''ਚ ਡੇਂਗੂ ਤੇ ਸਵਾਈਨ ਫਲੂ ਦੇ ਕਿਸੇ ਵੀ ਰੋਗੀ ਦੀ ਪਛਾਣ ਨਹੀਂ
Friday, Sep 08, 2017 - 02:35 AM (IST)
ਬਠਿੰਡਾ(ਵਰਮਾ)-ਬਰਸਾਤ ਦੇ ਮੌਸਮ ਤੇ ਤਾਪਮਾਨ ਵਿਚ ਆਈ ਨਮੀ ਕਾਰਨ ਡੇਂਗੂ ਫੈਲਣ ਦਾ ਡਰ ਜ਼ਿਆਦਾ ਬਣਿਆ ਹੋਇਆ ਹੈ। ਇਸ ਲਈ ਸਿਹਤ ਵਿਭਾਗ ਵੱਲੋਂ ਕੁਝ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਗਲੀ-ਮੁਹੱਲਿਆਂ ਤੇ ਬਾਜ਼ਾਰਾਂ 'ਚ ਘੁੰਮ ਕੇ ਡੇਂਗੂ ਦੇ ਲਾਰਵੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਬਠਿੰਡਾ ਜ਼ਿਲੇ ਵਿਚ ਅਜੇ ਤੱਕ ਡੇਂਗੂ ਤੇ ਸਵਾਈਨ ਫਲੂ ਦੇ ਕਿਸੇ ਵੀ ਰੋਗੀ ਦੀ ਪਛਾਣ ਨਹੀਂ ਹੋਈ ਪਰ ਸਿਹਤ ਵਿਭਾਗ ਨੂੰ ਡੇਂਗੂ ਦਾ ਲਾਰਵਾ ਬੀਤੇ 1 ਮਹੀਨੇ ਤੋਂ ਲਗਾਤਾਰ ਮਿਲ ਰਿਹਾ ਹੈ। ਡੇਂਗੂ ਅਤੇ ਸਵਾਈਨ ਫਲੂ ਦੇ ਇਲਾਜ ਲਈ ਸਿਵਲ ਸਰਜਨ ਬਠਿੰਡਾ ਵੱਲੋਂ ਦੁਬਾਰਾ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਹੈ, ਜੋ ਨਾਕਾਫੀ ਹੈ ਕਿਉਂਕਿ ਸ਼ਹਿਰ ਵੱਡਾ ਹੈ, ਜਿਸ ਦੇ 50 ਵਾਰਡ ਹਨ ਅਤੇ ਗਿਣਤੀ 5 ਲੱਖ ਤੋਂ ਜ਼ਿਆਦਾ ਹੈ। ਹਸਪਤਾਲ ਵਿਚ ਓ. ਪੀ. ਡੀ. ਅਤੇ ਟੈਸਟ ਕਰਵਾਉਣ ਵਾਲੇ ਮਰੀਜ਼ਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ, ਪੁਖਤਾ ਪ੍ਰਬੰਧ ਨਾ ਹੋਣ ਕਾਰਨ ਰੋਗੀਆਂ ਨੂੰ ਕਈ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ ਜਦਕਿ ਸਿਵਲ ਹਸਪਤਾਲ ਵਿਚ ਟੈਸਟ ਸਿਰਫ ਦੁਪਹਿਰ 2 ਵਜੇ ਤੱਕ ਕੀਤੇ ਜਾਂਦੇ ਹਨ।
ਡੇਂਗੂ ਤੇ ਸਵਾਈਨ ਫਲੂ ਦਾ ਕੋਈ ਵੀ ਰੋਗੀ ਨਹੀਂ
ਸਿਵਲ ਹਸਪਤਾਲ ਦੇ ਅਧਿਕਾਰੀਆਂ ਅਨੁਸਾਰ ਬਠਿੰਡਾ ਜ਼ਿਲੇ ਵਿਚ ਅਜੇ ਤੱਕ ਸਵਾਈਨ ਫਲੂ ਤੇ ਡੇਂਗੂ ਦਾ ਕੋਈ ਵੀ ਰੋਗੀ ਨਹੀਂ ਹੈ। ਸਵਾਈਨ ਫਲੂ ਸਿਰਫ ਲੁਧਿਆਣਾ, ਜਲੰਧਰ ਤੇ ਮੋਹਾਲੀ ਤੱਕ ਹੀ ਸੀਮਤ ਹੈ, ਉਥੇ ਕੁਝ ਮਰੀਜ਼ ਪਾਏ ਗਏ ਹਨ ਜਦਕਿ ਇਸ ਬੀਮਾਰੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਸਿਹਤ ਵਿਭਾਗ ਨੇ ਕਮਰ ਕੱਸ ਲਈ ਹੈ। ਬਾਰਿਸ਼ ਦੇ ਮੌਸਮ ਕਾਰਨ ਮੱਛਰ ਤੇ ਡੇਂਗੂ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਕਿਉਂਕਿ ਤਾਪਮਾਨ ਵਿਚ ਆਈ ਨਮੀ ਡੇਂਗੂ ਲਈ ਅਨੁਕੂਲ ਸਮਾਂ ਹੈ। ਨਗਰ ਨਿਗਮ ਨਾਲ ਮਿਲ ਕੇ ਸਿਹਤ ਵਿਭਾਗ ਲਗਾਤਾਰ ਡੇਂਗੂ ਦੇ ਲਾਰਵੇ 'ਤੇ ਨਜ਼ਰ ਰੱਖੀ ਬੈਠਾ ਹਨ। ਬੀਤੇ 1 ਮਹੀਨੇ ਦੌਰਾਨ ਨਗਰ ਨਿਗਮ ਨੇ 105 ਲੋਕਾਂ ਦਾ ਚਲਾਨ ਕੀਤਾ ਹੈ ਜਿਨ੍ਹਾਂ ਵਿਚ ਰੇਲਵੇ ਸਟੇਸ਼ਨ ਨਜ਼ਦੀਕ ਢਾਬੇ, ਬੱਸ ਸਟੈਂਡ ਨਜ਼ਦੀਕ ਸਾਮਾਨ ਵੇਚਣ ਵਾਲੇ, ਸਬਜ਼ੀ ਤੇ ਫਲ ਮੰਡੀ ਸਮੇਤ ਸਲੱਮ ਖੇਤਰ ਸ਼ਾਮਲ ਹਨ।
ਸਵਾਈਨ ਫਲੂ ਤੇ ਡੇਂਗੂ ਦੇ ਲੱਛਣ
ਸਿਹਤ ਅਧਿਕਾਰੀ ਅਨੁਸਾਰ ਸਵਾਈਨ ਫਲੂ ਤੇ ਡੇਂਗੂ ਦੇ ਰੋਗੀ ਨੂੰ ਤੇਜ਼ ਬੁਖਾਰ, ਸਿਰਦਰਦ, ਹੱਥਾਂ ਪੈਰਾਂ ਦੀਆਂ ਹੱਡੀਆਂ ਵਿਚ ਦਰਦ, ਖਾਂਸੀ, ਜ਼ੁਕਾਮ, ਸਾਹ ਫੁੱਲਣਾ ਆਦਿ ਲੱਛਣ ਹਨ। ਸਵਾਈਨ ਫਲੂ ਨਾਲ ਨਿਮੋਨੀਆ ਹੋ ਜਾਵੇ ਤਾਂ ਇਸ ਦੇ ਲੱਛਣ ਵੀ ਅਲੱਗ ਤੋਂ ਨਜ਼ਰ ਆਉਂਦੇ ਹਨ। ਵਾਰ-ਵਾਰ ਨੱਕ ਦਾ ਵਗਣਾ ਹੈ ਤੇ ਖਾਂਸੀ ਜ਼ੁਕਾਮ ਆਉਣਾ ਆਦਿ। ਸਵਾਈਨ ਫਲੂ ਗ੍ਰਸਤ ਰੋਗੀ ਜਦੋਂ ਖੰਘਦਾ ਹੈ ਤਾਂ 6 ਫੁੱਟ ਦੂਰੀ 'ਤੇ ਖੜ੍ਹੇ ਵਿਅਕਤੀ ਨੂੰ ਉਸ ਦੇ ਕੀਟਾਣੂ ਘੇਰ ਲੈਂਦੇ ਹਨ ਤੇ ਸਾਹ ਰਾਹੀਂ ਸਰੀਰ ਵਿਚ ਚਲੇ ਜਾਂਦੇ ਹਨ। ਡੇਂਗੂ ਰੋਗੀਆਂ ਦੇ ਪਲੇਟਲੈਟਸ ਘੱਟ ਹੋਣ ਲੱਗਦੇ ਹਨ, ਜੋ 4 ਲੱਖ ਜਾਂ ਇਸ ਤੋਂ ਜ਼ਿਆਦਾ ਹੁੰਦੇ ਹਨ। ਡਾਕਟਰਾਂ ਅਨੁਸਾਰ ਡੇਢ ਲੱਖ ਤੋਂ ਲੈ ਕੇ ਚਾਰ ਲੱਖ ਤੱਕ ਤਾਂ ਕੋਈ ਖਤਰਾ ਨਹੀਂ ਜਦਕਿ 15 ਹਜ਼ਾਰ ਜਾਂ ਇਸ ਤੋਂ ਘੱਟ ਪਲੇਟਲੈਟਸ ਹੋਣ ਨਾਲ ਇਲਾਜ ਦੀ ਜ਼ਰੂਰਤ ਪੈਂਦੀ ਹੈ।
ਹਸਪਤਾਲ ਵਿਚ ਦਵਾਈ ਮੁਹੱਈਆ-ਪ੍ਰਬੰਧਾਂ ਦੀ ਘਾਟ
ਬੇਸ਼ੱਕ ਸਿਹਤ ਵਿਭਾਗ ਨੇ ਸਵਾਈਨ ਫਲੂ ਤੇ ਡੇਂਗੂ ਜਿਹੀ ਬੀਮਾਰੀ 'ਤੇ ਕਾਬੂ ਪਾਉਣ ਲਈ ਸਾਰੇ ਸਿਵਲ ਹਸਪਤਾਲਾਂ ਨੂੰ ਚੌਕਸ ਕੀਤਾ ਹੈ ਪਰ ਬਾਵਜੂਦ ਇਸ ਦੇ ਪ੍ਰਬੰਧਾਂ ਵਿਚ ਕਮੀ ਹੈ। ਸਵਾਈਨ ਫਲੂ ਤੇ ਡੇਂਗੂ ਲਈ ਬਣਾਏ ਗਏ ਵਾਰਡ ਸਿਰਫ ਨਾਂ ਦੇ ਹੀ ਹਨ ਜਦਕਿ ਸੁਵਿਧਾ ਕੋਈ ਨਹੀਂ। ਆਮ ਤੌਰ 'ਤੇ ਅਜਿਹੇ ਰੋਗੀਆਂ ਲਈ ਵਾਰਡ ਦੂਰ ਹੋਣਾ ਚਾਹੀਦਾ ਹੈ ਜਿਥੇ ਆਮ ਪਬਲਿਕ ਦਾ ਆਉਣਾ-ਜਾਣਾ ਨਾ ਹੋਵੇ। ਸਿਵਲ ਹਸਪਤਾਲ ਵਿਚ ਬਣਾਇਆ ਗਿਆ ਇਹ ਵਿਸ਼ੇਸ਼ ਵਾਰਡ ਮੈਡੀਕਲ ਵਾਰਡ ਨਾਲ ਹੈ ਜਿਥੇ ਪਹਿਲਾਂ ਤੋਂ ਹੀ ਸ਼ੂਗਰ ਰੋਗੀ, ਹਾਈ ਬਲੱਡ ਪ੍ਰੈਸ਼ਰ, ਦਿਲ ਦੇ ਰੋਗੀ, ਕਿਡਨੀ ਦੇ ਰੋਗੀ ਸਮੇਤ ਹੋਰਨਾਂ ਬੀਮਾਰੀਆਂ ਦੇ ਮਰੀਜ਼ ਇਲਾਜ ਲਈ ਦਾਖਲ ਹਨ। ਤੀਜੀ ਮੰਜ਼ਿਲ ਦੇ ਬਣਾਏ ਗਏ ਵਾਰਡ ਵਿਚ ਸਿਰਫ ਇਕ ਨਰਸ ਦੀ ਡਿਊਟੀ ਹੈ ਜਿਥੇ ਨੈੱਟ ਦਾ ਵੀ ਪੂਰਾ ਪ੍ਰਬੰਧ ਨਹੀਂ। ਹਸਪਤਾਲ ਵਿਚ ਵੱਖ-ਵੱਖ ਵਾਰਡਾਂ ਵਿਚ ਲੱਗੇ ਕੂਲਰ ਵੀ ਮੂੰਹ ਚਿੜਾ ਰਹੇ ਹਨ ਜਿਨ੍ਹਾਂ ਨੂੰ ਡੇਂਗੂ ਦਾ ਖਤਰਾ ਬਣਿਆ ਹੋਇਆ ਹੈ।
ਟੈਸਟ ਦੇ ਨਾਂ 'ਤੇ ਰੋਗੀਆਂ ਦੀ ਲੁੱਟ
ਸਿਵਲ ਹਸਪਤਾਲ ਵਿਚ ਬੇਸ਼ੱਕ ਸਰਕਾਰ ਵੱਲੋਂ ਮੁਫਤ ਟੈਸਟ ਕਰਨ ਦੀ ਸੁਵਿਧਾ ਦਿੱਤੀ ਗਈ ਹੈ ਪਰ ਸਿਸਟਮ ਵਿਚ ਟੈਸਟਾਂ ਲਈ ਪ੍ਰਬੰਧ ਨਹੀਂ। ਹਸਪਤਾਲ ਦੀ ਐਕਸਰੇ ਮਸ਼ੀਨ 15 ਦਿਨਾਂ ਤੋਂ ਖਰਾਬ ਪਈ ਹੈ, ਜਿਸ ਨੂੰ ਠੀਕ ਕਰਵਾਉਣ ਦੀ ਜ਼ਰੂਰਤ ਨਹੀਂ ਸਮਝੀ ਗਈ, ਜਿਸ ਕਾਰਨ ਰੋਗੀਆਂ ਨੂੰ ਟੈਸਟ ਲਈ ਹਸਪਤਾਲ ਤੋਂ ਬਾਹਰ ਜਾਣਾ ਪੈਂਦਾ ਹੈ। ਬਲੱਡ, ਯੂਰਿਨ ਜਿਹੇ ਆਮ ਟੈਸਟ ਤਾਂ ਰੋਜ਼ਾਨਾ ਹੁੰਦੇ ਹਨ ਜਦਕਿ ਅਲਟ੍ਰਾਸਾਊਂਡ ਠੇਕੇ 'ਤੇ ਦਿੱਤਾ ਗਿਆ ਹੈ ਜਿਥੇ ਇਕ ਲੇਡੀਜ਼ ਡਾਕਟਰ ਹੈ ਜੋ ਸਿਰਫ 2 ਘੰਟੇ ਹੀ ਹਾਜ਼ਰ ਰਹਿੰਦੀ ਹੈ। ਇਸ ਦੌਰਾਨ ਕੁਝ ਮਰੀਜ਼ ਹੀ ਟੈਸਟ ਦੀ ਸੁਵਿਧਾ ਪ੍ਰਾਪਤ ਕਰਦੇ ਹਨ ਜਦਕਿ ਹੋਰਨਾਂ ਮਰੀਜ਼ਾਂ ਨੂੰ ਨਿੱਜੀ ਹਸਪਤਾਲ ਵਿਚ ਜਾ ਕੇ ਆਪਣੀ ਜੇਬ ਢਿੱਲੀ ਕਰਨੀ ਪੈਂਦੀ ਹੈ। ਐੱਮ. ਆਰ. ਆਈ., ਸੀ. ਟੀ. ਸਕੈਨ ਜਿਹੇ ਟੈਸਟਾਂ ਦੀ ਸਿਵਲ ਹਸਪਤਾਲ ਵਿਚ ਕੋਈ ਸਹੂਲਤ ਨਹੀਂ, ਮਰੀਜ਼ਾਂ ਨੂੰ ਦੁੱਗਣੇ ਤੋਂ ਜ਼ਿਆਦਾ ਪੈਸਿਆਂ 'ਤੇ ਨਿੱਜੀ ਹਸਪਤਾਲਾਂ ਵਿਚ ਜਾਣਾ ਪੈਂਦਾ ਹੈ।
ਦਵਾਈਆਂ ਦਾ ਗੋਲ-ਮਾਲ
ਸਿਵਲ ਹਸਪਤਾਲ ਵਿਚ ਦਵਾਈਆਂ ਦੇ ਗੋਲ-ਮਾਲ ਦਾ ਧੰਦਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਥੇ ਨਿੱਜੀ ਮੈਡੀਕਲ ਸ਼ਾਪ ਦੇ ਕਰਮਚਾਰੀ ਰੋਗੀਆਂ ਨੂੰ ਦਵਾਈਆਂ ਲਿਖਦੇ ਹਨ ਅਤੇ ਬਾਹਰੋਂ ਦਵਾਈ ਲਿਆ ਕੇ ਕਾਫੀ ਪੈਸੇ ਕਮਾਉਂਦੇ ਹਨ। ਜੇਕਰ ਨਿੱਜੀ ਹਸਪਤਾਲ ਵਿਚ ਸਵਾਈਨ ਫਲੂ ਦਾ ਕੋਈ ਰੋਗੀ ਆਉਂਦਾ ਹੈ ਤਾਂ ਉਸ ਨੂੰ ਵੀ ਦਵਾਈ ਲਈ ਹਸਪਤਾਲ 'ਤੇ ਨਿਰਭਰ ਹੋਣਾ ਪੈਂਦਾ ਹੈ। ਓ. ਪੀ. ਡੀ. ਪਰਚੀ ਦੀ ਕੀਮਤ 10 ਰੁਪਏ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਗਈ ਹੈ, ਜਿਸ ਵਿਚ ਦਵਾਈਆਂ ਤੇ ਟੈਸਟ ਵੀ ਮੁਫਤ ਹਨ। ਪੰਜਾਬ ਵਿਚ ਬਠਿੰਡਾ ਇਕ ਅਜਿਹਾ ਸ਼ਹਿਰ ਹੈ, ਜਿਸ ਵਿਚ ਓ. ਪੀ. ਡੀ. ਹੋਰਨਾਂ ਸ਼ਹਿਰਾਂ ਨਾਲੋਂ ਸਭ ਤੋਂ ਜ਼ਿਆਦਾ ਹੈ। ਆਮ ਤੌਰ 'ਤੇ ਆਰਥਿਕ ਤੌਰ 'ਤੇ ਕਮਜ਼ੋਰ ਮਰੀਜ਼ਾਂ ਲਈ ਸਿਵਲ ਹਸਪਤਾਲ ਹੀ ਅਜਿਹਾ ਸਹਾਰਾ ਹੈ ਪਰ ਇਥੇ ਦਵਾਈਆਂ ਦੀ ਘਾਟ ਹਮੇਸ਼ਾ ਰਹਿੰਦੀ ਹੈ। ਥੋੜ੍ਹੀ ਮਾਤਰਾ ਵਿਚ ਦਵਾਈ ਆਉਂਦੀ ਹੈ ਤਾਂ ਕੁਝ ਵੀ ਘੰਟੇ ਵਿਚ ਚਲਦੀ ਹੈ ਅਤੇ ਮਰੀਜ਼ਾਂ ਨੂੰ ਅਗਲੇ ਦਿਨ ਆਉਣ ਲਈ ਕਹਿ ਦਿੱਤਾ ਜਾਂਦਾ ਹੈ। ਰਾਤ ਵੇਲੇ ਦਵਾਈ ਦਾ ਕੋਈ ਪ੍ਰਬੰਧ ਨਹੀਂ, ਕਈ ਵਾਰ ਅੱਧੀ ਰਾਤ ਵੇਲੇ ਬੱਚਿਆਂ ਤੇ ਹੋਰ ਮਰੀਜ਼ਾਂ ਨੂੰ ਕੋਈ ਸਮੱਸਿਆ ਆ ਜਾਂਦੀ ਹੈ। ਮੌਕੇ 'ਤੇ ਮੌਜੂਦ ਨਰਸ ਦਵਾਈ ਲਿਖਦੀ ਹੈ ਪਰ ਦਵਾਈ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ। ਅਜਿਹੇ ਵਿਚ ਰੋਗੀਆਂ ਨੂੰ ਦਿਨ ਦੀ ਰੌਸ਼ਨੀ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ।
