ਭੋਗਪੁਰ ''ਚ ਸਵਾਈਨ ਫਲੂ ਦੀ ਦਸਤਕ, ਇਕ ਦੀ ਮੌਤ
Friday, Feb 15, 2019 - 06:46 PM (IST)
ਭੋਗਪੁਰ (ਸੂਰੀ) : ਸਵਾਈਨ ਫਲੂ ਦੀ ਬਿਮਾਰੀ ਤੇਜ਼ੀ ਨਾਲ ਪੈਰ ਪਸਾਰਦੀ ਨਜ਼ਰ ਆ ਰਹੀ ਹੈ। ਇਸ ਬਿਮਾਰੀ ਨੇ ਵੱਡੇ ਸ਼ਹਿਰਾਂ ਤੋਂ ਬਾਅਦ ਛੋਟੇ ਕਸਬਿਆਂ 'ਚ ਵੀ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ ਸਵੇਰੇ ਭੋਗਪੁਰ ਸ਼ਹਿਰ ਵਾਸੀ ਇਕ ਵਿਅਕਤੀ ਦੀ ਸਵਾਈਨ ਫਲੂ ਕਾਰਨ ਮੌਤ ਹੋ ਗਈ। ਨਰੇਸ਼ ਪੁੱਤਰ ਮਦਨ ਲਾਲ ਵਾਸੀ ਮੁਹੱਲਾ ਨਵੀਂ ਅਬਾਦੀ ਵਾਰਡ 12 ਭੋਗਪੁਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਪਿਤਾ ਮਦਨ ਲਾਲ ਅਚਾਨਕ ਬਿਮਾਰ ਹੋ ਗਏ ਸਨ। ਉਨ੍ਹਾਂ ਨੂੰ ਭੋਗਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਭੋਗਪੁਰ ਦੇ ਇਸ ਹਸਪਤਾਲ ਵਿਚ ਦੋ ਦਿਨ ਇਲਾਜ ਕਰਨ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਜਲੰਧਰ ਦੇ ਕਿਸੇ ਵੱਡੇ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ।
ਉਸ ਤੋਂ ਬਾਅਦ ਉਨ੍ਹਾਂ ਨੂੰ ਜਲੰਧਰ ਦੇ ਇਕ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮਦਨ ਲਾਲ ਦੇ ਸਰੀਰ ਵਿਚ ਸਵਾਈਨ ਫਲੂ ਦਾ ਵਾਇਰਸ ਹੋਣ ਦੀ ਪੁਸ਼ਟੀ ਕੀਤੀ। ਜਲੰਧਰ ਦੇ ਇਸ ਨਿੱਜੀ ਹਸਪਤਾਲ ਵਿਚ ਮਦਨ ਲਾਲ ਦਾ ਅੱਠ ਦਿਨ ਇਲਾਜ ਚੱਲਿਆ। ਵੀਰਵਾਰ ਸਵੇਰ ਸਮੇਂ ਮਦਨ ਲਾਲ ਨੇ ਹਸਤਾਲ ਵਿਚ ਦਮ ਤੋੜ ਦਿੱਤਾ। ਮਦਨ ਲਾਲ ਦੇ ਪਰਿਵਾਰ ਵੱਲੋਂ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। ਮ੍ਰਿਤਕ ਮਸ਼ਹੂਰ ਸੰਗੀਤ ਨਿਰਦੇਸ਼ਕ ਕੁਲਵੰਤ ਸਾਬੀ ਦੇ ਪਿਤਾ ਸਨ।