ਤਰਨਤਾਰਨ 'ਚ ਪਿਸਤੌਲ ਦੀ ਨੋਕ 'ਤੇ ਘਰ 'ਚੋਂ ਲੱਖਾਂ ਦਾ ਸਾਮਾਨ ਲੁੱਟ ਕੇ ਫਰਾਰ ਹੋਏ ਲੁਟੇਰੇ

02/04/2020 10:07:01 AM

ਤਰਨਤਾਰਨ (ਰਾਜੂ) : ਤਰਨਤਾਰਨ ਸ਼ਹਿਰ ਦੇ ਜੰਡਿਆਲਾ ਰੋਡ ਸਥਿਤ ਗਲੀ ਦਰਸ਼ਨ ਸਿੰਘ ਸੋਖੀ ਵਾਲੀ ਵਿਖੇ ਬੀਤੀ ਰਾਤ ਗੇਟ ਟੱਪ ਕੇ ਘਰ ਵਿਚ ਦਾਖਲ ਹੋਏ ਨਕਾਬਪੋਸ਼ ਹਥਿਆਰਬੰਦ 3 ਲੁਟੇਰਿਆਂ ਵੱਲੋਂ ਬਜ਼ੁਰਗ ਜੋੜੇ ਨੂੰ ਬੰਧਕ ਬਣਾ ਕੇ 1 ਲੱਖ ਦੀ ਨਕਦੀ, ਕਾਫੀ ਤਾਦਾਦ 'ਚ ਸੋਨੇ ਦੇ ਗਹਿਣੇ, ਮੋਬਾਈਲ ਅਤੇ ਹੋਰ ਸਮਾਨ ਲੁੱਟ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਭਾਸ਼ ਚੰਦ ਪੁੱਤਰ ਖੁਸ਼ਹਾਲ ਚੰਦ (70 ਸਾਲ) ਨੇ ਦੱਸਿਆ ਕਿ ਉਹ ਪੰਜਾਬ ਰੋਡਵੇਜ਼ ਮਹਿਕਮੇ 'ਚੋਂ ਰਿਟਾਇਰਡ ਕਰਮਚਾਰੀ ਹੈ ਅਤੇ ਉਸ ਦੀ ਪਤਨੀ ਵੀ ਸੀ.ਡੀ.ਪੀ.ਓ. ਵਿਭਾਗ ਵਿਚੋਂ ਰਿਟਾਇਰਡ ਹੈ ਅਤੇ ਉਹ ਘਰ ਵਿਚ ਦੋਵੇਂ ਇਕੱਲੇ ਰਹਿੰਦੇ ਹਨ। ਬੀਤੀ ਰਾਤ ਸੁੱਤੇ ਹੋਏ ਸੀ ਤਾਂ 1 ਵਜੇ ਦੇ ਕਰੀਬ 3 ਅਣਪਛਾਤੇ ਲੁਟੇਰੇ ਗੇਟ ਟੱਪ ਕੇ ਉਨ੍ਹਾਂ ਦੇ ਘਰ ਵਿਚ ਦਾਖਲ ਹੋਏ, ਜਿੰਨਾਂ ਵਿਚੋਂ 1 ਕੋਲ ਪਿਸਤੌਲ ਅਤੇ 2 ਕੋਲ ਤੇਜ਼ਧਾਰ ਹਥਿਆਰ ਸਨ। ਉਕਤ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ 'ਤੇ ਪਹਿਲਾਂ ਉਨ੍ਹਾਂ ਕੋਲੋਂ ਮੋਬਾਇਲ ਖੋਹੇ ਅਤੇ ਫਿਰ ਉਸ ਦੀ ਪਤਨੀ ਦੇ ਕੰਨਾਂ ਵਿਚ ਪਾਈਆਂ ਵਾਲੀਆਂ ਲੁਹਾ ਲਈਆਂ ਅਤੇ ਘਰ ਵਿਚ ਰੱਖੀ 1 ਲੱਖ ਰੁਪਏ ਦੀ ਨਕਦੀ, ਕਾਫੀ ਤਾਦਾਦ 'ਚ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਅਤੇ ਸਾਰੇ ਘਰ ਦੀ ਫਰੋਲਾ ਫਰਾਲੀ ਕਰਨ ਉਪਰੰਤ ਉਨ੍ਹਾਂ ਨੂੰ ਕਮਰੇ ਵਿਚ ਢੱਕ ਕੇ ਚਾਬੀ ਲੈ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਉਨ੍ਹਾਂ ਆਪਣੇ ਆਂਢ-ਗੁਆਂਢ ਵਿਚ ਦੱਸਿਆ ਅਤੇ ਪੁਲਸ ਨੂੰ ਵੀ ਸੂਚਿਤ ਕਰ ਦਿੱਤਾ। ਉਧਰ ਘਟਨਾ ਦਾ ਪਤਾ ਚੱਲਦਿਆਂ ਮੌਕੇ 'ਤੇ ਥਾਣਾ ਸਿਟੀ ਦੇ ਐੱਸ.ਐੱਚ.ਓ. ਤੁਸ਼ਾਰ ਗੁਪਤਾ ਆਈ.ਪੀ.ਐੱਸ. ਪੁਲਸ ਪਾਰਟੀ ਅਤੇ ਪੀ.ਸੀ.ਆਰ. ਦੀਆਂ ਟੀਮਾਂ ਸਮੇਤ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਸ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਜੋੜੇ ਦਾ ਇਕ ਮੁੰਡਾ ਵੀ ਹੈ ਜੋ ਕਿ ਲੁਧਿਆਣਾ ਵਿਚ ਨੌਕਰੀ ਕਰਦਾ ਹੈ ਅਤੇ ਉਥੇ ਹੀ ਰਹਿੰਦਾ ਹੈ।


cherry

Content Editor

Related News