ਦੋ ਹਥਿਆਰਬੰਦ ਲੁਟੇਰੇ ਸਵਿਫਟ ਕਾਰ ਖੋਹ ਕੇ ਫਰਾਰ

Friday, Oct 09, 2020 - 02:31 PM (IST)

ਦੋ ਹਥਿਆਰਬੰਦ ਲੁਟੇਰੇ ਸਵਿਫਟ ਕਾਰ ਖੋਹ ਕੇ ਫਰਾਰ

ਨਾਭਾ (ਜੈਨ) : ਇਥੇ ਹਥਿਆਰਬੰਦ ਲੁਟੇਰਿਆਂ ਵਲੋਂ ਸਵਿਫਟ ਕਾਰ ਖੋਹ ਕੇ ਫਰਾਰ ਹੋਣ ਦੀ ਸੂਚਨਾ ਮਿਲੀ ਹੈ, ਜਿਸ ਨਾਲ ਟੈਕਸੀ ਡਰਾਈਵਰਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦਮਨਪ੍ਰੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਗੁਰੂ ਨਾਨਕ ਸੰਗਰੂਰ ਨੇ ਥਾਣਾ ਸਦਰ ਪੁਲਸ ਪਾਸ ਬਿਆਨ ਦਰਜ ਕਰਵਾਇਆ ਕਿ ਉਹ ਟੈਕਸੀ ਡਰਾਈਵਰ ਹੈ। ਦੋ ਮੋਟਰਸਾਈਕਲਾਂ 'ਤੇ ਸਵਾਰ ਚਾਰ ਅਣਪਛਾਤੇ ਵਿਅਕਤੀ ਉਸ ਪਾਸ ਆਏ, ਜਿਨ੍ਹਾਂ ਵਿਚੋਂ ਦੋ ਵਿਅਕਤੀਆਂ ਨੇ ਕਿਹਾ ਕਿ ਅਸੀਂ ਸੈਕਟਰ 17 ਚੰਡੀਗੜ੍ਹ ਜਾਣਾ ਹੈ। ਟੈਕਸੀ ਚਾਲਕ ਅਨੁਸਾਰ ਉਸ ਨੂੰ ਇਕ ਹਜ਼ਾਰ ਰੁਪਏ ਉਨ੍ਹਾਂ ਨੇ ਦੇ ਦਿੱਤੇ ਅਤੇ ਦੋਵੇਂ ਵਿਅਕਤੀ ਉਸ ਦੀ ਗੱਡੀ ਪੀ. ਬੀ. 13 ਏ. ਜੀ. 2136 ਵਿਚ ਬੈਠ ਗਏ। ਇਕ ਵਿਅਕਤੀ ਅੱਗੇ ਤੇ ਦੂਜਾ ਪਿੱਛੇ ਸੀਟ 'ਤੇ ਬੈਠ ਗਿਆ। ਜਦੋਂ ਗੱਡੀ ਪਿੰਡ ਬੀਨਾਹੇੜੀ ਟੀ-ਪੁਆਇੰਟ ਪਾਸ ਪਹੁੰਚੀ ਤਾਂ ਪਿੱਛੇ ਬੈਠੇ ਵਿਅਕਤੀ ਨੇ ਪਿਸ਼ਾਬ ਦਾ ਬਹਾਨਾ ਲਾ ਕੇ ਗੱਡੀ ਰੁਕਵਾ ਲਈ ਅਤੇ ਬਾਹਰ ਨਿਕਲ ਕੇ ਉਸ ਵਿਅਕਤੀ ਨੇ ਹਥਿਆਰ ਦਿਖਾ ਕੇ ਮੈਨੂੰ (ਟੈਕਸੀ ਚਾਲਕ) ਗੱਡੀ ਵਿਚੋਂ ਉਤਰਨ ਲਈ ਕਿਹਾ। 

ਉਕਤ ਨੇ ਦੱਸਿਆ ਕਿ ਉਹ ਡਰਦਾ ਹੋਇਆ ਗੱਡੀ ਵਿਚੋਂ ਉਤਰ ਗਿਆ ਅਤੇ ਦੋਵੇਂ ਵਿਅਕਤੀ ਗੱਡੀ ਖੋਹ ਕੇ ਫਰਾਰ ਹੋ ਗਏ। ਥਾਣਾ ਸਦਰ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 392, 120 ਬੀ. ਆਈ. ਪੀ. ਸੀ. ਅਤੇ ਆਰਮਜ਼ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਐੱਸ. ਐੱਚ. ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਸਵਿਫਟ ਕਾਰ ਡਿਜ਼ਾਇਰ ਨੂੰ ਖੋਹ ਕੇ ਲੈ ਜਾਣ ਦੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।


author

Gurminder Singh

Content Editor

Related News