ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਭਾਰੀ ਬਾਰਿਸ਼ ਕਾਰਨ ਉਫਾਨ ''ਤੇ ਸਤਲੁਜ ਦਰਿਆ, ਪੁਲ ਤੱਕ ਪਹੁੰਚਿਆ ਪਾਣੀ
Monday, Aug 25, 2025 - 11:40 AM (IST)

ਰੋਪੜ/ਨਵਾਂਸ਼ਹਿਰ (ਵੈੱਬ ਡੈਸਕ, ਤ੍ਰਿਪਠੀ)- ਪਹਾੜੀ ਖੇਤਰਾਂ ਵਿਚ ਭਾਰੀ ਬਾਰਿਸ਼ ਕਾਰਨ ਪੰਜਾਬ ਵਿਚ ਦਰਿਆਵਾਂ ਵਿਚ ਵੀ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਬਿਆਸ ਦਰਿਆ ਅਤੇ ਸਤਲੁਜ ਦਰਿਆ ਉਫਾਨ 'ਤੇ ਹਨ। ਪੰਜਾਬ ਵਿਚ ਵੀ ਬੀਤੇ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਭਾਰੀ ਤਬਾਹੀ ਵੇਖਣ ਨੂੰ ਮਿਲ ਰਹੀ ਹੈ। ਰੋਪੜ ਨੇੜੇ ਹਾਲਾਤ ਬੇਹੱਦ ਬਦਤਰ ਨਜ਼ਰ ਆਏ। ਭਾਰੀ ਮੀਂਹ ਕਾਰਨ ਰੋਪੜ ਨੇੜੇ ਸਤਲੁਜ ਦਰਿਆ ਵਿਚ ਲਗਾਤਾਰ ਵਧ ਰਿਹਾ ਪਾਣੀ ਪੁਲ ਦੇ ਉਪਰ ਤੱਕ ਪਹੁੰਚ ਗਿਆ, ਜਿਸ ਕਾਰਨ ਆਵਜਾਈ ਵਿਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਾਹਮਣੇ ਆਈਆਂ ਤਸਵੀਰਾਂ ਵਿਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਪਾਣੀ ਪੁਲ ਤੱਕ ਪਹੁੰਚ ਚੁੱਕਾ ਹੈ ਅਤੇ ਉਥੋਂ ਲੰਘ ਰਹੇ ਲੋਕਾਂ ਦੇ ਵਾਹਨ ਵਿਚ ਪਾਣੀ ਰੁਕ ਰਹੇ ਹਨ।
ਇਹ ਵੀ ਪੜ੍ਹੋ: ਹੁਸ਼ਿਆਰਪੁਰ LPG ਟੈਂਕਰ ਹਾਦਸੇ ਦੇ ਮਾਮਲੇ ਨੂੰ ਲੈ ਕੇ ਐਕਸ਼ਨ 'ਚ DC ਆਸ਼ਿਕਾ ਜੈਨ, ਜਾਰੀ ਕੀਤੇ ਸਖ਼ਤ ਹੁਕਮ
ਭਾਖੜਾ ਬੰਨ੍ਹ ਦੇ ਪਾਣੀ ਦਾ ਪੱਧਰ 1667.55 ਫੁੱਟ ਤੱਕ ਪੁੱਜਾ
ਇਥੇ ਇਹ ਵੀ ਦੱਸ ਦੇਈਏ ਕਿ ਹਿਮਾਚਲ ਦੇ ਉਪਰੀ ਖੇਤਰਾਂ ’ਚ ਹੋ ਰਹੇ ਮੀਂਹ ਕਾਰਨ ਭਾਖੜਾ ਬੰਨ੍ਹ ਦੀ ਗੋਬਿੰਦ ਸਾਗਰ ਝੀਲ ’ਚ ਪਾਣੀ ਦੀ ਆਮਦ ਲਗਾਤਾਰ ਜਾਰੀ ਹੈ। ਭਾਖੜਾ ਬੰਨ੍ਹ ਦੇ ਪਾਣੀ ਦਾ ਪੱਧਰ ਐਤਵਾਰ ਸ਼ਾਮ 6 ਵਜੇ ਤੱਕ 1667.55 ਫੁੱਟ ਦਰਜ ਕੀਤਾ ਗਿਆ। ਐਤਵਾਰ ਸ਼ਾਮ ਭਾਖੜਾ ਬੰਨ੍ਹ ਦੀ ਗੋਬਿੰਦ ਸਾਗਰ ਝੀਲ ’ਚ ਪਾਣੀ ਦੀ ਆਮਦ 50008 ਕਿਊਸਿਕ ਦਰਜ ਕੀਤੀ ਗਈ ਅਤੇ ਭਾਖੜਾ ਬੰਨ੍ਹ ਤੋਂ ਟ੍ਰਾਬਾਈਨਾਂ ਅਤੇ ਫਲੱਡ ਗੇਟਾਂ ਰਾਹੀਂ ਨੰਗਲ ਡੈਮ ਝੀਲ ਲਈ ਕਰੀਬ 39500 ਕਿਊਸਿਕ ਪਾਣੀ ਛੱਡਿਆ ਗਿਆ । ਭਾਖੜਾ ਬੰਨ੍ਹ ਦੇ ਪਾਣੀ ਪੱਧਰ ਦੀ ਸਮਰੱਥਾ 1680 ਫੁੱਟ ਤੱਕ ਹੈ ਅਤੇ ਹੁਣ ਪਾਣੀ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ 12.50 ਫੁੱਟ ਦੂਰ ਹੈ। ਅੱਜ ਨੰਗਲ ਹਾਈਡਲ ਨਹਿਰ ’ਚ 12350 ਕਿਊਸਿਕ ਅਤੇ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ’ਚ 10150 ਕਿਊਸਿਕ ਪਾਣੀ ਛੱਡਣ ਤੋਂ ਇਲਾਵਾ ਨੰਗਲ ਡੈਮ ਤੋਂ ਸਤਲੁਜ ਦਰਿਆ ’ਚ 16850 ਕਿਊਸਿਕ ਪਾਣੀ ਛੱਡਿਆ ਗਿਆ। ਬੇਸ਼ੱਕ ਪਿਛਲੇ ਕੁਝ ਦਿਨਾਂ ਤੋਂ ਭਾਖੜਾ ਬੰਨ੍ਹ ਦੇ ਫਲੱਡ ਗੇਟ ਖੋਲ੍ਹੇ ਗਏ ਸਨ ਪਰ ਐਤਵਾਰ ਨੂੰ ਉਨ੍ਹਾਂ ਨੂੰ 2 ਫੁੱਟ ਤੋਂ ਘਟਾ ਕੇ 1 ਫੁੱਟ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Punjab: ਪਿਆਰ ਦਾ ਖ਼ੌਫ਼ਨਾਕ ਅੰਤ! ਦੋ ਪਤੀਆਂ ਨੂੰ ਛੱਡ ਪ੍ਰੇਮੀ ਨਾਲ ਰਹਿਣਾ ਚਾਹੁੰਦੀ ਸੀ ਵਿਆਹੁਤਾ, ਪ੍ਰੇਮੀ ਨੇ ਹੀ...
ਨਵਾਂਸ਼ਹਿਰ 'ਚ 6 ਘੰਟਿਆਂ ਤੋਂ ਵੱਧ ਸਮੇਂ ਵਿਚ ਪਿਆ 42 ਮਿਲੀਮੀਟਰ ਮੀਂਹ , ਸ਼ਹਿਰ ਦੇ ਜ਼ਿਆਦਾਤਰ ਇਲਾਕੇ ਪਾਣੀ ਵਿਚ ਡੁੱਬੇ
ਉਥੇ ਹੀ ਨਵਾਂਸ਼ਹਿਰ ਵਿੱਚ ਲਗਭਗ ਪੂਰਾ ਦਿਨ ਹੋਈ ਬਾਰਿਸ਼ ਕਾਰਨ ਲੋਕਾਂ ਨੂੰ ਗਰਮੀ ਤੋਂ ਕਾਫ਼ੀ ਰਾਹਤ ਮਿਲੀ ਪਰ ਇਸ ਦੇ ਨਾਲ ਹੀ ਸ਼ਹਿਰ ਦੇ ਕਈ ਹਿੱਸਿਆਂ ਵਿਚ ਪਾਣੀ ਭਰਨ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਲਗਭਗ 6 ਘੰਟੇ ਤੱਕ ਕਦੇ ਤੇਜ਼ ਅਤੇ ਕਦੇ ਹੌਲੀ ਬਾਰਿਸ਼ ਕਾਰਨ ਰੇਲਵੇ ਰੋਡ, ਕੋਠੀ ਰੋਡ, ਸਲੋਹ ਰੋਡ, ਕੁਲਮ ਰੋਡ, ਪੰਡੋਰਾ ਮੁਹੱਲਾ, ਇੰਦਰਪੁਰੀ ਮੁਹੱਲਾ, ਗੁਰੂ ਰਵਿਦਾਸ ਨਗਰ ਅਤੇ ਨਵਾਂਸ਼ਹਿਰ ਦੇ ਬਾਲਮੀਕੀ ਮੁਹੱਲੇ ਤੋਂ ਇਲਾਵਾ ਸ਼ਹਿਰ ਦੇ ਕਈ ਇਲਾਕੇ ਪਾਣੀ ਵਿਚ ਡੁੱਬ ਗਏ। ਮੌਸਮ ਵਿਭਾਗ ਅਨੁਸਾਰ ਐਤਵਾਰ ਦਿਨ ਭਰ ਹੋਈ 42 ਮਿਲੀਮੀਟਰ ਬਾਰਿਸ਼ ਕਾਰਨ ਘੱਟੋ-ਘੱਟ ਤਾਪਮਾਨ 24 ਅਤੇ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਰਿਹਾ। ਐਤਵਾਰ ਹੋਣ ਕਰਕੇ ਅਤੇ ਦਿਨ ਭਰ ਮੀਂਹ ਪੈਣ ਕਾਰਨ, ਸ਼ਹਿਰ ਦੇ ਜ਼ਿਆਦਾਤਰ ਬਾਜ਼ਾਰਾਂ ਵਿਚ ਦੁਕਾਨਾਂ ਬੰਦ ਸਨ ਅਤੇ ਛੁੱਟੀ ਹੋਣ ਕਾਰਨ ਲੋਕ ਆਪਣੇ ਘਰਾਂ ਤੱਕ ਹੀ ਸੀਮਤ ਸਨ, ਇਸ ਲਈ ਆਵਾਜਾਈ ਬਹੁਤ ਘੱਟ ਸੀ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਟੈਂਕਰ ਬਲਾਸਟ ਦੀ ਦਰਦਨਾਕ CCTV ਵੀਡੀਓ ਆਈ ਸਾਹਮਣੇ, ਮੌਤਾਂ ਦਾ ਵਧਿਆ ਅੰਕੜਾ, ਉੱਜੜੇ ਕਈ ਘਰ
ਰੇਲਵੇ ਰੋਡ ਦੀ ਟੁੱਟੀ ਅਤੇ ਬਹੁਤ ਮਾੜੀ ਹਾਲਤ ਵਿਚੋਂ ਲੰਘਣਾ ਹੋ ਗਿਆ ਮੁਸ਼ਕਿਲ
ਰੇਲਵੇ ਰੋਡ ਦੀ ਟੁੱਟੀ ਅਤੇ ਮਾੜੀ ਹਾਲਤ ਅਤੇ ਦੋਵੇਂ ਪਾਸੇ ਟੋਇਆਂ ਨਾਲ ਭਰੀ ਸੜਕ ਜਿਸ ਦੇ ਦੋਵੇਂ ਪਾਸੇ ਨਵੀਆਂ ਪਾਈਪਲਾਈਨਾਂ ਵਿਛਾਉਣ ਕਾਰਨ, ਸੜਕ ’ਤੇ ਚਿੱਕੜ ਫੈਲਿਆ ਹੋਇਆ ਹੈ, ਜਿਸ ਕਾਰਨ ਇਸ ’ਤੇ ਤੁਰਨਾ ਐਵਰੈਸਟ ਦੀ ਚੋਟੀ ’ਤੇ ਚੜ੍ਹਨ ਵਰਗਾ ਹੈ ਅਤੇ ਵਾਹਨ ਵੀ ਚਿੱਕੜ ’ਤੇ ਫਿਸਲ ਕੇ ਇਸ ਵਿਚ ਡਿਗ ਰਹੇ ਸਨ। ਦੁਕਾਨਦਾਰਾਂ ਦਾ ਕਾਰੋਬਾਰ, ਜੋ ਪਹਿਲਾਂ ਹੀ ਗਾਹਕਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਸਨ, ਮੀਂਹ ਕਾਰਨ ਹੋਰ ਵੀ ਬਰਬਾਦ ਹੋ ਗਿਆ। ਮੀਂਹ ਕਾਰਨ ਸਲੋਹ ਮਾਰਗ ’ਤੇ ਵੀ ਇਸੇ ਤਰ੍ਹਾਂ ਦੇ ਹਾਲਾਤ ਵੇਖੇ ਗਏ।
ਇਹ ਵੀ ਪੜ੍ਹੋ: ਪੰਜਾਬ 'ਚ 24, 25, 26, 27 ਤਾਰੀਖ਼ਾਂ ਲਈ ਹੋਈ ਵੱਡੀ ਭਵਿੱਖਬਾਣੀ ! 11 ਜ਼ਿਲ੍ਹਿਆਂ ਦੇ ਲੋਕ ਰਹਿਣ Alert
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e