ਸਤਲੁਜ ਦਰਿਆ ਕੰਢੇ ਸੀ.ਆਈ.ਏ. ਪੁਲਸ ਦੀ ਵੱਡੀ ਰੇਡ, 36000 ਲਿਟਰ ਲਾਹਣ ਬਰਾਮਦ

Wednesday, Dec 29, 2021 - 05:19 PM (IST)

ਸਤਲੁਜ ਦਰਿਆ ਕੰਢੇ ਸੀ.ਆਈ.ਏ. ਪੁਲਸ ਦੀ ਵੱਡੀ ਰੇਡ, 36000 ਲਿਟਰ ਲਾਹਣ ਬਰਾਮਦ

ਫ਼ਿਰੋਜ਼ਪੁਰ (ਕੁਮਾਰ) : ਸੀ. ਆਈ. ਏ. ਸਟਾਫ ਫ਼ਿਰੋਜ਼ਪੁਰ ਦੀ ਪੁਲਸ ਨੇ ਐੱਚ. ਸੀ. ਰਣਜੀਤ ਸਿੰਘ ਦੀ ਅਗਵਾਈ ’ਚ ਸਰਹੱਦੀ ਪਿੰਡ ਅਲੀਕੇ ਵਿਖੇ ਸਤਲੁਜ ਦਰਿਆ ਦੇ ਬੰਨ੍ਹ ਨੇੜੇ ਵੱਡੀ ਰੇਡ ਕਰਦੇ ਹੋਏ 36000 ਲਿਟਰ ਲਾਹਣ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਜਗਦੀਸ਼ ਕੁਮਾਰ ਨੇ ਦੱਸਿਆ ਕਿ ਜਦੋਂ ਐੱਚ. ਸੀ. ਰਣਜੀਤ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਅਲੀਕੇ ਰੋਡ ’ਤੇ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸਨ ਤਾਂ ਪੁਲਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਅਲੀਕੇ ਵਿਖੇ ਸਤਲੁਜ ਦਰਿਆ ’ਤੇ ਬੰਨ੍ਹ ਦੇ ਨੇੜੇ ਖੱਡੇ ਵਿਚ ਤਰਪਾਲਾਂ ਪਾ ਕੇ ਵੱਡੀ ਮਾਤਰਾ ਵਿਚ ਵੇਚਣ ਲਈ ਲਾਹਣ ਰੱਖੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਥਾਣਾ ਸਦਰ ਵਿਚ ਕੇਸ ਦਰਜ ਕਰ ਲਿਆ ਗਿਆ ਹੈ।

ਦੂਜੇ ਪਾਸੇ ਏ. ਐੱਸ. ਆਈ. ਸੁਖਦੇਵ ਸਿੰਘ ਦੀ ਅਗਵਾਈ ਹੇਠ ਥਾਣਾ ਸਦਰ ਫ਼ਿਰੋਜ਼ਪੁਰ ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਦੌਲਤਪੁਰਾ ਦੇ ਇਲਾਕੇ ’ਚ ਰੇਡ ਕਰਦੇ ਹੋਏ 41 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮੇਜਰ ਸਿੰਘ ਦੇ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।


author

Gurminder Singh

Content Editor

Related News