ਲੋਡੋਵਾਲ ਤੋਂ ਸ਼ੇਰਗੜ੍ਹ ਤੱਕ ਸਤਲੁਜ ਦਰਿਆ ਦੇ 200 ਕਰੋੜ ਦੀ ਲਾਗਤ ਨਾਲ ਸੜਕ ਦਾ ਨਿਰਮਾਣ ਸ਼ੁਰੂ

Tuesday, Aug 18, 2026 - 05:41 PM (IST)

ਲੋਡੋਵਾਲ ਤੋਂ ਸ਼ੇਰਗੜ੍ਹ ਤੱਕ ਸਤਲੁਜ ਦਰਿਆ ਦੇ 200 ਕਰੋੜ ਦੀ ਲਾਗਤ ਨਾਲ ਸੜਕ ਦਾ ਨਿਰਮਾਣ ਸ਼ੁਰੂ

ਮਾਛੀਵਾੜਾ ਸਾਹਿਬ (ਟੱਕਰ) : ਲੁਧਿਆਣਾ ਜ਼ਿਲੇ ਦੇ ਲੋਡੋਵਾਲ ਤੋਂ ਲੈ ਕੇ ਇਸ ਦੀ ਹਦੂਦ ਦਾ ਆਖਰੀ ਪਿੰਡ ਸ਼ੇਰਗੜ੍ਹ ਤੱਕ ਵਗਦੇ ਸਤਲੁਜ ਦਰਿਆ ਦੇ ਨਾਲ ਬਣੇ ਧੁੱਸੀ ਬੰਨ੍ਹ ’ਤੇ 200 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਸੜਕ ਦਾ ਨਿਰਮਾਣ ਸ਼ੁਰੂ ਹੋ ਚੁੱਕਾ ਹੈ ਅਤੇ ਇਹ ਸੜਕ ਜ਼ਿਲੇ ਦੇ ਬੇਟ ਖੇਤਰ ਨਾਲ ਸਬੰਧਤ ਸੈਂਕੜੇ ਪਿੰਡਾਂ ਲਈ ਵਰਦਾਨ ਸਾਬਤ ਹੋਵੇਗੀ। ਲੁਧਿਆਣਾ ਜ਼ਿਲੇ ਦਾ ਬੇਟ ਖੇਤਰ ਜੋ ਕਿ ਇਕ ਪੱਛੜੇ ਖੇਤਰ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਦੇ ਨਾਲ ਵਗਦੇ ਸਤਲੁਜ ਦਰਿਆ ਕਾਰਨ ਲੋਕਾਂ ’ਤੇ ਬਰਸਾਤਾਂ ਦੇ ਦਿਨਾਂ ਵਿਚ ਹੜ੍ਹਾਂ ਦਾ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ। ਪੰਜਾਬ ਮੰਡੀ ਬੋਰਡ ਵਲੋਂ ਹੁਣ ਲੋਡੋਵਾਲ ਤੋਂ ਲੈ ਕੇ ਮਾਛੀਵਾੜਾ ਬਲਾਕ ਦੇ ਪਿੰਡ ਸ਼ੇਰਗੜ੍ਹ ਤੱਕ 52 ਕਿਲੋਮੀਟਰ ਲੰਬੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਤੇ ਨਵੀਂ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਮੰਡੀ ਬੋਰਡ ਦੇ ਐਕਸ਼ੀਅਨ ਸਿੰਗਲਾ ਨੇ ਇਸ ਪ੍ਰੋਜੈਕਟ ਬਾਰੇ ਦੱਸਿਆ ਕਿ ਲੋਡੋਵਾਲ ਤੋਂ ਲੈ ਕੇ ਸਤਲੁਜ ਦਰਿਆ ਕਿਨਾਰੇ ਵੱਸਦੇ ਪਿੰਡ ਹਾਦੀਵਾਲ ਤੱਕ ਕਰੀਬ 35 ਕਿਲੋਮੀਟਰ ਲੰਬੀ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਜਿਸ ਦੇ ਨਿਰਮਾਣ ਲਈ 117 ਕਰੋੜ ਰੁਪਏ ਦਾ ਟੈਂਡਰ ਵੀ ਪਾਸ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ 117 ਕਰੋੜ ਰੁਪਏ ਦਾ ਪ੍ਰੋਜੈਕਟਰ 5 ਵੱਖ-ਵੱਖ ਕੰਪਨੀਆਂ ਨੂੰ ਦਿੱਤਾ ਗਿਆ ਹੈ ਅਤੇ ਪੰਜਾਬ ਮੰਡੀ ਬੋਰਡ ਦਾ ਟੀਚਾ ਹੈ ਕਿ ਇਸ ਨੂੰ 6 ਤੋਂ 9 ਮਹੀਨੇ ਅੰਦਰ ਮੁਕੰਮਲ ਕੀਤਾ ਜਾਣਾ ਹੈ। 

ਉਨ੍ਹਾਂ ਦੱਸਿਆ ਕਿ ਪਿੰਡ ਹਾਦੀਵਾਲ ਤੋਂ ਲੈ ਕੇ ਸ਼ੇਰਗੜ੍ਹ ਤੱਕ ਜੋ 17 ਕਿਲੋਮੀਟਰ ਲੰਬਾ ਸਤਲੁਜ ਦਰਿਆ ਦਾ ਬੰਨ੍ਹ ਹੈ ਉਸ ਲਈ 80 ਕਰੋੜ ਰੁਪਏ ਤੋਂ ਵੱਧ ਦਾ ਪ੍ਰੋਜੈਕਟ ਮਨਜ਼ੂਰ ਹੋ ਚੁੱਕਾ ਹੈ ਅਤੇ ਰਾਸ਼ੀ ਦੀ ਪ੍ਰਵਾਨਗੀ ਤੋਂ ਬਾਅਦ ਤੁਰੰਤ ਇਸ ਦਾ ਟੈਂਡਰ ਲਗਾ ਕੇ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲੋਡੋਵਾਲ ਤੋਂ ਲੈ ਕੇ ਸ਼ੇਰਗੜ੍ਹ ਤੱਕ ਬਣਨ ਵਾਲੀ ਸੜਕ 16 ਫੁੱਟ ਚੌੜੀ ਹੋਵੇਗੀ ਜਿਸ ਉੱਪਰ ਪ੍ਰੀਮਿਕਸ ਵਿਛਾਇਆ ਜਾਵੇਗਾ ਅਤੇ ਆਸਪਾਸ ਮਿੱਟੀ ਦੇ ਬਰਮ ਅਲੱਗ ਬਣਾਏ ਜਾਣਗੇ। ਇਹ ਸੜਕ ਬਣਨ ਨਾਲ ਲੋਡੋਵਾਲ ਤੋਂ ਲੈ ਕੇ ਸ਼ੇਰਗੜ੍ਹ ਤੱਕ ਸਤਲੁਜ ਦਰਿਆ ਕਿਨਾਰੇ ਵਸਦੇ ਸੈਂਕੜੇ ਪਿੰਡਾਂ ਦੇ ਲੋਕਾਂ ਨੂੰ ਬਹੁਤ ਵੱਡਾ ਲਾਭ ਮਿਲੇਗਾ ਅਤੇ ਉਨ੍ਹਾਂ ਨੂੰ ਹੁਣ ਲਿੰਕ ਸੜਕਾਂ ਦੀ ਬਜਾਏ ਇਸ ਵੱਡੇ ਸੜਕੀ ਪ੍ਰੋਜੈਕਟ ਰਾਹੀਂ ਹੋਰਨਾਂ ਸ਼ਹਿਰਾਂ ਤੇ ਕਸਬਿਆਂ ਵਿਚ ਆਉਣਾ ਜਾਣਾ ਸੌਖਾ ਹੋ ਜਾਵੇਗਾ।

ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਉੱਚਾ ਤੇ ਮਜ਼ਬੂਤ ਹੋਵੇਗਾ ਜਿਸ ਨਾਲ ਹੜ੍ਹਾਂ ਦਾ ਖ਼ਤਰਾ ਘਟੇਗਾ

ਲੁਧਿਆਣਾ ਜ਼ਿਲੇ ਦੇ ਲੋਡੋਵਾਲ ਤੋਂ ਲੈ ਕੇ ਸ਼ੇਰਗੜ੍ਹ ਤੱਕ 52 ਕਿਲੋਮੀਟਰ ਲੰਬੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਤੇ ਜੋ 200 ਕਰੋੜ ਰੁਪਏ ਦੀ ਲਾਗਤ ਵਾਲਾ ਸੜਕੀ ਪ੍ਰੋਜੈਕਟ ਸ਼ੁਰੂ ਹੋਇਆ ਹੈ ਉਸ ਲਈ ਬੰਨ੍ਹ ਨੂੰ ਮਿੱਟੀ ਪਾ ਕੇ ਉੱਚਾ ਤੇ ਮਜ਼ਬੂਤ ਵੀ ਕੀਤਾ ਜਾ ਰਿਹਾ ਹੈ। ਐਕਸ਼ੀਅਨ ਸਿੰਗਲਾ ਨੇ ਦੱਸਿਆ ਕਿ ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ ਮੰਡੀ ਬੋਰਡ ਵਲੋਂ ਨਵੇਂ ਡਿਜਾਇਨ ਤਿਆਰ ਕੀਤੇ ਗਏ ਹਨ ਅਤੇ ਜਿੱਥੇ ਬੰਨ੍ਹ ਦਾ ਨਾਜ਼ੁਕ ਸਥਾਨ ਹੈ ਉੱਥੇ ਹੜ੍ਹ ਆਉਣ ਦੀ ਸਥਿਤੀ ਵਿਚ ਪਾੜ੍ਹ ਪੈਣ ਤੋਂ ਬਚਾਅ ਲਈ ਕੰਕਰੀਟ ਦੀ ਦੀਵਾਰ ਤਿਆਰ ਕੀਤੀ ਜਾਵੇਗੀ। ਸੜਕ ਦੇ ਨਾਲ-ਨਾਲ ਬੇਟ ਖੇਤਰ ਦੇ ਸੈਂਕੜੇ ਪਿੰਡ ਜਿਨ੍ਹਾਂ ’ਤੇ ਹੜ੍ਹਾਂ ਦਾ ਖ਼ਤਰਾ ਮੰਡਰਾਉਂਦਾ ਹੈ ਹੁਣ ਬੰਨ੍ਹ ਦੀ ਮਜ਼ਬੂਤੀ ਨਾਲ ਇਹ ਵੀ ਬਹੁਤ ਘਟ ਜਾਵੇਗਾ।

ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਵੱਡੇ ਸੜਕੀ ਪ੍ਰੋਜੈਕਟ ਨਾਲ ਜੋੜਿਆ ਜਾ ਰਿਹਾ

ਲੋਡੋਵਾਲ ਤੋਂ ਲੈ ਕੇ ਸ਼ੇਰਗੜ੍ਹ ਤੱਕ ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡਾਂ ਨੂੰ ਜਾਂਦੀਆਂ ਸੜਕਾਂ ਜੋ ਕਿ ਬੰਨ੍ਹ ’ਤੇ ਜਾ ਕੇ ਖਤਮ ਹੋ ਜਾਂਦੀਆਂ ਹਨ ਉਨ੍ਹਾਂ ਨੂੰ ਵੀ ਵੱਡੇ ਸੜਕੀ ਪ੍ਰੋਜੈਕਟ ਨਾਲ ਜੋੜਿਆ ਜਾ ਰਿਹਾ ਹੈ। ਲੁਧਿਆਣਾ ਜ਼ਿਲੇ ਦਾ ਪੱਛੜਿਆ ਬੇਟ ਖੇਤਰ ਇਸ ਵੱਡੇ ਸੜਕੀ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਹੁਣ ਉਨ੍ਹਾਂ ਨੂੰ ਹੋਰਨਾਂ ਪਿੰਡਾਂ, ਸ਼ਹਿਰਾਂ ਨੂੰ ਜਾਣ ਲਈ ਇੱਕ ਚੌੜੀ ਸੜਕ ਮਿਲ ਜਾਵੇਗੀ ਜਿਸ ਨਾਲ ਵੱਡੀ ਰਾਹਤ ਮਿਲੇਗੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਦਰਿਆ ਦੇ ਧੁੱਸੀ ਬੰਨ੍ਹ ਕਿਨਾਰੇ ਜਿਨ੍ਹਾਂ ਕਿਸਾਨਾਂ ਦੀਆਂ ਜਮੀਨਾਂ ਹਨ ਅਤੇ ਸਰਕਾਰੀ ਛੋਟੇ ਵੱਡੇ ਕੱਚੇ ਰਸਤੇ ਲੱਗਦੇ ਹਨ ਉਨ੍ਹਾਂ ਨੂੰ ਵੀ ਇਸ ਸੜਕ ਨਾਲ ਜੋੜਿਆ ਜਾਵੇਗਾ ਤਾਂ ਜੋ ਉਹ ਆਪਣੀਆਂ ਜਮੀਨਾਂ ਵਿਚ ਅਸਾਨੀ ਨਾਲ ਆ ਜਾ ਸਕਣ।


author

Gurminder Singh

Content Editor

Related News