ਕਤਲ ਦੇ ਸ਼ੱਕ ''ਚ ਕਤਲ! ਨੌਜਵਾਨ ਦਾ ਸਿਰ ਧੜ੍ਹ ਤੋਂ ਕੀਤਾ ਸੀ ਵੱਖ, ਪਿਉ-ਪੁੱਤ ਗ੍ਰਿਫ਼ਤਾਰ

Saturday, Oct 10, 2026 - 12:55 PM (IST)

ਕਤਲ ਦੇ ਸ਼ੱਕ ''ਚ ਕਤਲ! ਨੌਜਵਾਨ ਦਾ ਸਿਰ ਧੜ੍ਹ ਤੋਂ ਕੀਤਾ ਸੀ ਵੱਖ, ਪਿਉ-ਪੁੱਤ ਗ੍ਰਿਫ਼ਤਾਰ

ਜ਼ੀਰਕਪੁਰ (ਧੀਮਾਨ) : ਪੀਰਮੁਛੱਲਾ ਦੇ ਡੰਪਿੰਗ ਗਰਾਊਂਡ ਨੇੜੇ ਸਥਿਤ ਨੇਚਰ ਪਾਰਕ 'ਚੋਂ ਨੌਜਵਾਨ ਦੀ ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ ਨੂੰ ਢਕੋਲੀ ਪੁਲਸ ਨੇ ਸੁਲਝਾਉਣ ਦਾ ਦਾਅਵਾ ਕਰਦਿਆਂ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਦੀ ਪਛਾਣ ਹਰਪਾਲ ਕਸ਼ਯਪ ਤੇ ਪੁੱਤਰ ਰਾਹੁਲ ਵਜੋਂ ਹੋਈ ਹੈ। ਦੋਵੇਂ ਮੂਲ ਰੂਪ 'ਚ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਦੇ ਪਿੰਡ ਮੈਥਰਾ ਦੇ ਰਹਿਣ ਵਾਲੇ ਹਨ ਅਤੇ ਮੌਜੂਦਾ ਸਮੇਂ 'ਚ ਪੀਰਮੁਛੱਲਾ ਦੇ ਸ਼ਿਵ ਨਗਰ 'ਚ ਕਿਰਾਏ 'ਤੇ ਰਹਿ ਰਹੇ ਸਨ। ਪੁਲਸ ਦੀ ਮੁੱਢਲੀ ਜਾਂਚ ਮੁਤਾਬਕ ਹਰਪਾਲ ਦੇ ਪੁੱਤਰ ਬਬਲ ਦੀ ਕਰੀਬ ਇਕ ਮਹੀਨਾ ਪਹਿਲਾਂ ਹੋਈ ਮੌਤ ਨੂੰ ਲੈ ਕੇ ਪਰਿਵਾਰ ਨੂੰ ਵਿਸ਼ਾਲ 'ਤੇ ਸ਼ੱਕ ਸੀ। ਇਸੇ ਲਈ ਵਿਸ਼ਾਲ ਦਾ ਕਤਲ ਕਰਨ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ ਬਬਲੂ ਦੀ ਮੌਤ 'ਚ ਵਿਸ਼ਾਲ ਜਾਂ ਉਸ ਦੇ ਪਰਿਵਾਰ ਦੀ ਕਿਸੇ ਭੂਮਿਕਾ ਦੀ ਪੁਸ਼ਟੀ ਨਹੀਂ ਹੋਈ ਹੈ। ਜਾਣਕਾਰੀ ਮੁਤਾਬਕ ਵਿਸ਼ਾਲ ਦੀ ਪਤਨੀ ਰੋਲੀ ਤੇ 10 ਮਹੀਨਿਆਂ ਦਾ ਬੱਚਾ ਪ੍ਰਿੰਸ 6 ਅਕਤੂਬਰ ਨੂੰ ਸ਼ੱਕੀ ਹਾਲਾਤ 'ਚ ਲਾਪਤਾ ਹੋ ਗਏ ਸਨ। ਪਤਨੀ ਤੇ ਦੁੱਧ ਪੀਂਦੇ ਬੱਚੇ ਦੇ ਅਚਾਨਕ ਗਾਇਬ ਹੋਣ ਕਾਰਨ ਵਿਸ਼ਾਲ ਕਾਫ਼ੀ ਪਰੇਸ਼ਾਨ ਸੀ। ਉਹ 7 ਅਕਤੂਬਰ ਨੂੰ ਦੋਵਾਂ ਦੀ ਭਾਲ ਕਰਨ ਲਈ ਘਰੋਂ ਨਿਕਲਿਆ ਸੀ ਪਰ ਦੇਰ ਰਾਤ ਤੱਕ ਨਹੀਂ ਆਇਆ। ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਗਈ ਪਰ ਕੋਈ ਸੁਰਾਗ ਨਹੀਂ ਮਿਲਿਆ। ਅਗਲੀ ਸਵੇਰ ਪੀਰਮੁੱਛਲਾ ਦੇ ਨੇਚਰ ਪਾਰਕ 'ਚੋਂ ਉਸ ਦੀ ਸਿਰ ਕੱਟੀ ਲਾਸ਼ ਮਿਲਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।
ਬਾਂਹ 'ਤੇ ਬਣੇ ਟੈਟੂ ਤੋਂ ਹੋਈ ਸੀ ਮ੍ਰਿਤਕ ਦੀ ਪਛਾਣ
8 ਅਕਤੂਬਰ ਸਵੇਰ ਨੇਚਰ ਪਾਰਕ 'ਚ ਸੈਰ ਕਰਨ ਆਏ ਲੋਕਾਂ ਨੇ ਡੰਪਿੰਗ ਗਰਾਊਂਡ ਨੇੜੇ ਝਾੜੀਆਂ 'ਚ ਨੌਜਵਾਨ ਦੀ ਸਿਰ ਕੱਟੀ ਲਾਸ਼ ਦੇਖੀ। ਸੂਚਨਾ ਮਿਲਣ 'ਤੇ ਢਕੋਲੀ ਪੁਲਸ ਮੌਕੇ 'ਤੇ ਪਹੁੰਚੀ ਤੇ ਫਾਰੈਂਸਿਕ ਮਾਹਰਾਂ ਦੀ ਟੀਮ ਨੂੰ ਬੁਲਾਇਆ ਗਿਆ। ਟੀਮ ਨੇ ਘਟਨਾ ਸਥਾਨ ਦੀ ਬਾਰੀਕੀ ਨਾਲ ਜਾਂਚ ਕਰਦਿਆਂ ਸਬੂਤ ਇਕੱਠੇ ਕੀਤੇ। ਨੌਜਵਾਨ ਦਾ ਸਿਰ ਧੜ ਤੋਂ ਵੱਖ ਹੋਣ ਕਾਰਨ ਚਿਹਰੇ ਰਾਹੀਂ ਪਛਾਣ ਕਰਨਾ ਮੁਸ਼ਕਲ ਸੀ। ਇਸ ਦੌਰਾਨ ਉਸ ਦੀ ਇਕ ਬਾਂਹ 'ਤੇ ਅੰਗਰੇਜ਼ੀ ਦਾ ਅੱਖਰ 'ਵੀ' ਤੇ ਦੂਜੀ ਬਾਂਹ 'ਤੇ 'ਵਿਸ਼ਾਲ' ਨਾਮ ਦਾ ਟੈਟੂ ਮਿਲਿਆ, ਜੋ ਪਛਾਣ ਕਰਨ 'ਚ ਅਹਿਮ ਸੁਰਾਗ ਸਾਬਤ ਹੋਇਆ। ਟੈਟੂ ਤੇ ਕੱਪੜਿਆਂ ਦੇ ਆਧਾਰ 'ਤੇ ਪਰਿਵਾਰ ਨੇ ਮ੍ਰਿਤਕ ਦੀ ਪਛਾਣ ਵਿਸ਼ਾਲ ਵਜੋਂ ਕੀਤੀ। ਪੁਲਸ ਦੀ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਕਿ ਹਰਪਾਲ ਦੇ ਪੁੱਤਰ ਬਬਲੂ ਦੀ ਕਰੀਬ ਇਕ ਮਹੀਨਾ ਪਹਿਲਾਂ ਮੌਤ ਹੋ ਗਈ ਸੀ। ਮੌਤ ਨੂੰ ਲੈ ਕੇ ਹਰਪਾਲ ਤੇ ਉਸ ਦੇ ਪਰਿਵਾਰ ਨੂੰ ਵਿਸ਼ਾਲ ਤੇ ਉਸ ਦੇ ਪਰਿਵਾਰ 'ਤੇ ਸ਼ੱਕ ਸੀ। ਪੁਲਸ ਮੁਤਾਬਕ ਇਸੇ ਸ਼ੱਕ ਕਾਰਨ ਹਰਪਾਲ ਤੇ ਰਾਹੁਲ ਨੇ ਹੋਰ ਸਾਥੀਆਂ ਨਾਲ ਮਿਲ ਕੇ ਵਿਸ਼ਾਲ ਨੂੰ ਨਿਸ਼ਾਨਾ ਬਣਾਇਆ। ਦੋਸ਼ ਹੈ ਕਿ 7-8 ਅਕਤੂਬਰ ਦੀ ਦਰਮਿਆਨੀ ਰਾਤ ਵਿਸ਼ਾਲ ਨੂੰ ਪਰਿਮੁਛੱਲਾ ਪਾਰਕ ਨੇੜੇ ਜੰਗਲੀ ਖੇਤਰ 'ਚ ਲਿਜਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਬਾਅਦ 'ਚ ਉਸ ਦੀ ਗਰਦਨ ਧੜ ਤੋਂ ਵੱਖ ਕਰ ਦਿੱਤੀ ਗਈ। ਘਟਨਾ ਸਥਾਨ ਤੋਂ ਪੁਲਸ ਨੂੰ ਸ਼ਰਾਬ ਦੀਆਂ ਖਾਲੀ ਬੋਤਲਾਂ ਤੇ ਚੱਪਲਾਂ ਵੀ ਮਿਲੀਆਂ ਸਨ। ਜਾਂਚ ਦੌਰਾਨ ਸ਼ੱਕ ਵੀ ਪ੍ਰਗਟਾਇਆ ਗਿਆ ਕਿ ਮੁਲਜ਼ਮ ਵਿਸ਼ਾਲ ਦੇ ਜਾਣਕਾਰ ਹੋ ਸਕਦੇ ਹਨ ਤੇ ਉਸ ਨੂੰ ਕਿਸੇ ਬਹਾਨੇ ਪਾਰਕ ਨੇੜੇ ਲੈ ਕੇ ਗਏ ਹੋਣ। ਉੱਥੇ ਸ਼ਰਾਬ ਪੀਣ ਤੋਂ ਬਾਅਦ ਉਸ 'ਤੇ ਹਮਲਾ ਕੀਤੇ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਹਾਲਾਂਕਿ ਵਾਰਦਾਤ ਦੇ ਇਸ ਪਹਿਲੂ ਸਮੇਤ ਹੋਰ ਤੱਥਾਂ ਦੀ ਪੁਸ਼ਟੀ ਪੁਲਸ ਜਾਂਚ ਤੋਂ ਬਾਅਦ ਹੀ ਹੋ ਸਕੇਗੀ।


author

Babita

Content Editor

Related News