10 ਨਵੰਬਰ ਤੋਂ ਸੂਬਾ ਪੱਧਰੀ ਯਾਤਰਾ ਸ਼ੁਰੂ ਕਰੇਗਾ ਅਕਾਲੀ ਦਲ, ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਹੋਵੇਗੀ ਸ਼ੁਰੂਆਤ

Saturday, Oct 17, 2026 - 08:29 PM (IST)

10 ਨਵੰਬਰ ਤੋਂ ਸੂਬਾ ਪੱਧਰੀ ਯਾਤਰਾ ਸ਼ੁਰੂ ਕਰੇਗਾ ਅਕਾਲੀ ਦਲ, ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਹੋਵੇਗੀ ਸ਼ੁਰੂਆਤ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਕਿ ਉਹ 10 ਨਵੰਬਰ ਨੂੰ ਤਲਵੰਡੀ ਸਾਬੋ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸੂਬਾ ਪੱਧਰੀ ਯਾਤਰਾ ਸ਼ੁਰੂ ਕਰੇਗਾ ਜੋ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਜਾਵੇਗੀ। ਇਹ ਯਾਤਰਾ ਜਿਸਦੀ ਅਗਵਾਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਨਗੇ, ਤਿੰਨ ਪੜਾਵਾਂ ਵਿਚ ਮੁਕੰਮਲ ਹੋਵੇਗੀ ਤੇ ਪਹਿਲਾ ਪੜਾਅ 10 ਨਵੰਬਰ ਤੋਂ 22 ਨਵੰਬਰ ਤੱਕ ਹੋਵੇਗਾ। ਦੂਜਾ ਪੜਾਅ ਸ੍ਰੀ ਆਨੰਦਪੁਰ ਸਾਹਿਬ ਤੋਂ ਅਤੇ ਤੀਜਾ ਪੜਾਅ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋਵੇਗਾ।

ਪਾਰਟੀ ਦੇ ਅਨੁਸੂਚਿਤ ਜਾਤੀ ਵਿੰਗ, ਪਛੜੀਆਂ ਸ਼੍ਰੇਣੀਆਂ ਵਿੰਗ ਅਤੇ ਯੂਥ ਅਕਾਲੀ ਦਲ ਵਿੰਗ ਦੀਆਂ ਲੜੀਵਾਰ ਮੀਟਿੰਗਾਂ ਜਿਹਨਾਂ ਦੀ ਪ੍ਰਧਾਨਗੀ ਸਰਦਾਰ ਬਾਦਲ ਨੇ ਕੀਤੀ, ਦੇ ਖ਼ਤਮ ਹੋਣ ਤੋਂ ਬਾਅਦ ਇਸ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਨੇ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਕੀਤੇ ਜਾਣ ਵਾਲੇ ਮੁੱਦਿਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਿਸ ਦਾ ਮਕਸਦ ਪਾਰਟੀ ਸੰਗਠਨ ਵਿਚ ਸੁਧਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿੰਗਾਂ ਤੋਂ ਮਿਲੀ ਫੀਡਬੈਕ ਪਾਰਟੀ ਦੀ ਚੋਣ  ਮਨੋਰਥ ਪੱਤਰ ਕਮੇਟੀ ਦੀ 24 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਵਿਚ ਵਿਚਾਰੀ ਜਾਵੇਗੀ ਅਤੇ ਚੋਣ ਮਨੋਰਥ ਪੱਤਰ 1 ਨਵੰਬਰ ਨੂੰ ਜਾਰੀ ਕੀਤਾ ਜਾਵੇਗਾ।

ਮੀਟਿੰਗ ਵਿਚ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਨਿਖੇਧੀ ਕਰਦਾ ਮਤਾ ਵੀ ਪਾਸ ਕੀਤਾ ਗਿਆ ਤੇ ਸੰਕਲਪ ਲਿਆ ਗਿਆ ਕਿ ਅਕਾਲੀ ਦਲ ਪੀੜਤ ਪਰਿਵਾਰ ਲਈ ਨਿਆਂ ਹਾਸਲ ਕਰਨ ਵਾਸਤੇ ਕੋਈ ਕਸਰ ਨਹੀਂ ਛੱਡੇਗਾ। ਮੀਟਿੰਗ ਵਿਚ ਐੱਸ. ਸੀ. ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ, ਬੀ ਸੀ ਵਿੰਗ ਪ੍ਰਧਾਨ ਹੀਰਾ ਸਿੰਘ ਗਾਬੜੀਆ ਤੇ ਯੂਥ ਵਿੰਗ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੀ ਹਾਜ਼ਰ ਸਨ।


author

Anmol Tagra

Content Editor

Related News