ਪੰਜਾਬੀ ਦਾ ਮਜ਼ਾਕ ਉਡਾਉਣ ''ਤੇ ਸੁਸ਼ਮਾ ਸਵਰਾਜ ਨੇ ਲਗਾਈ ਸੀ ਫਟਕਾਰ
Wednesday, Aug 07, 2019 - 01:16 PM (IST)

ਜਲੰਧਰ/ਨਵੀਂ ਦਿੱਲੀ— ਬੀਤੀ ਰਾਤ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ। ਜਿਵੇਂ ਹੀ ਸੁਸ਼ਮਾ ਸਵਰਾਜ ਦੀ ਅਚਾਨਕ ਹੋਈ ਮੌਤ ਦੀ ਖਬਰ ਲੋਕਾਂ ਤੱਕ ਪਹੁੰਚੀ ਤਾਂ ਚਾਰੋਂ ਪਾਸੇ ਸੋਗ ਦੀ ਲਹਿਰ ਫੈਲ ਗਈ। ਸੁਸ਼ਮਾ ਸਵਰਾਜ ਵਿਦੇਸ਼ 'ਚ ਫਸੇ ਨੌਜਵਾਨਾਂ ਦੀ ਮਦਦ ਕਰਨ ਲਈ ਹਰ ਸਮੇਂ ਤਿਆਰ ਰਹਿੰਦੀ ਸੀ। ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਆਪਣੇ ਭਾਸ਼ਣਾਂ ਲਈ ਤਾਂ ਜਾਣੀ ਹੀ ਜਾਂਦੀ ਸੀ ਪਰ ਸੋਸ਼ਲ ਮੀਡੀਆ 'ਤੇ ਹਲਕਾ-ਫੁਲਕਾ ਮਜ਼ਾਕ ਕਰਨ ਤੋਂ ਵੀ ਪਰਹੇਜ਼ ਨਹੀਂ ਕਰਦੀ ਸੀ। ਕਈ ਵਾਰ ਮਜ਼ਾਕ-ਮਜ਼ਾਕ 'ਚ ਸੁਸ਼ਮਾ ਸਵਰਾਜ ਲੋਕਾਂ ਨੂੰ ਫਟਕਾਰ ਵੀ ਲਗਾ ਦਿੰਦੀ ਸੀ ਅਤੇ ਸਾਹਮਣੇ ਵਾਲੇ ਨੂੰ ਇਸ ਦਾ ਅਹਿਸਾਸ ਤੱਕ ਨਹੀਂ ਹੋਣ ਦਿੰਦੀ ਸੀ।
ਟਵਿੱਟਰ 'ਤੇ ਲਗਾਈ ਸੀ ਯੂਜ਼ਰ ਦੀ ਫਟਕਾਰ
ਇਸੇ ਸਾਲ ਮਾਰਚ 'ਚ ਇਕ ਪੰਜਾਬੀ ਨੌਜਵਾਨ ਨੇ ਟਵੀਟ ਕਰਕੇ ਸੁਸ਼ਮਾ ਸਵਰਾਜ ਤੋਂ ਮਦਦ ਦੀ ਗੁਹਾਰ ਲਗਾਈ ਸੀ। ਨੌਜਵਾਨ ਨੇ ਲਿਖਿਆ ਸੀ ਕਿ ਉਹ ਕਿਸੇ ਕਾਰਨ ਮਲੇਸ਼ੀਆ 'ਚ ਫਸਿਆ ਹੈ ਅਤੇ ਭਾਰਤ ਵਾਪਸ ਆਉਣਾ ਚਾਹੁੰਦਾ ਹੈ। ਨੌਜਵਾਨ ਦਾ ਟਵੀਟ ਮਿਕਸ਼ ਭਾਸ਼ਾ 'ਚ ਟੁੱਟੀ-ਫੁੱਟੀ ਅੰਗਰੇਜ਼ੀ 'ਚ ਸੀ। ਇਸ 'ਚ ਕਾਫੀ ਗਲਤੀਆਂ ਸਨ। ਇਸ 'ਤੇ ਇਕ ਹੋਰ ਯੂਜ਼ਰ ਨੇ ਮਜ਼ਾਕ ਉਡਾਉਂਦੇ ਹੋਏ ਲਿਖਿਆ ਸੀ ਕਿ ਭਰਾ ਹਿੰਦੀ ਜਾਂ ਅੰਗਰੇਜ਼ੀ 'ਚ ਹੀ ਲਿਖ ਲੈਂਦਾ, ਕਿੰਨੀਆਂ ਗਲਤੀਆਂ ਹਨ। ਇਹ ਗੱਲ ਸੁਸ਼ਮਾ ਨੂੰ ਨਾਗਵਾਰ ਗੁਜ਼ਰੀ। ਇਸ ਤੋਂ ਬਾਅਦ ਕੇਂਦਰੀ ਮੰਤਰੀ ਸੁਸ਼ਮਾ ਨੇ ਨੌਜਵਾਨ ਨੂੰ ਸੁਰੱਖਿਅਤ ਭਾਰਤ ਲਿਆਉਣ ਦਾ ਭਰੋਸਾ ਤਾਂ ਦਿੱਤਾ ਹੀ ਪਰ ਮਜ਼ਾਕ ਉਡਾਉਣ ਵਾਲੇ ਯੂਜ਼ਰ ਦੀ ਫਟਕਾਰ ਵੀ ਲਗਾ ਦਿੱਤੀ।
ਸੁਸ਼ਮਾ ਨੇ ਜੋ ਜਵਾਬ ਦਿੱਤਾ ਉਹ ਬੇਹੱਦ ਹੀ ਲਾਜਵਾਬ ਸੀ। ਸੁਸ਼ਮਾ ਨੇ ਲਿਖਿਆ ਸੀ ਕਿ ਤੁਹਾਨੂੰ ਹੌਸਲਾ ਦੇਣ ਚਾਹੀਦਾ ਹੈ। ਮੈਂ ਵੀ ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਅੰਗਰੇਜ਼ੀ ਭਾਸ਼ਾ ਦੇ ਸਾਰੇ ਉਚਾਰਨ ਅਤੇ ਵਿਆਕਰਨ ਬਾਰੇ ਸਿੱਖਿਆ ਹੈ।ਉਨ੍ਹਾਂ ਦੇ ਇਸ ਜਵਾਬ ਦੀ ਟਵਿੱਟਰ 'ਤੇ ਲੋਕਾਂ ਨੇ ਖੂਬ ਸ਼ਲਾਘਾ ਕੀਤੀ ਸੀ ਅਤੇ ਮਜ਼ਾਕ ਉਡਾਉਣ ਵਾਲੇ ਨੌਜਵਾਨ ਨੂੰ ਖਰੀਆਂ-ਖਰੀਆਂ ਸੁਣਾਈਆਂ ਸਨ। ਸੁਸ਼ਮਾ ਵਿਦੇਸ਼ 'ਚ ਫਸੇ ਪੰਜਾਬੀਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੀ ਸੀ। ਇਕੋ ਟਵੀਟ ਕਰਨ 'ਤੇ ਸੁਸ਼ਮਾ ਵਿਦੇਸ਼ 'ਚ ਫਸੇ ਨੌਜਵਾਨਾਂ ਦੀ ਮਦਦ ਲਈ ਅੱਗੇ ਆ ਜਾਂਦੀ ਹੈ। ਸੁਸ਼ਮਾ ਦਾ ਅੱਜ ਦੁਪਹਿਰ ਕਰੀਬ 3 ਵਜੇ ਰਾਜਸੀ ਸਨਮਾਨਾਂ ਦਾ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।