ਆਖਿਰ ਵਿਦੇਸ਼ ਮੰਤਰਾਲੇ ਦਾ ਜੁਮਲਾ ਸਾਬਤ ਹੋਈ 39 ਭਾਰਤੀਆਂ ਦੇ ਜ਼ਿੰਦਾ ਹੋਣ ਦੀ ਖਬਰ

Tuesday, Mar 20, 2018 - 07:31 PM (IST)

ਆਖਿਰ ਵਿਦੇਸ਼ ਮੰਤਰਾਲੇ ਦਾ ਜੁਮਲਾ ਸਾਬਤ ਹੋਈ 39 ਭਾਰਤੀਆਂ ਦੇ ਜ਼ਿੰਦਾ ਹੋਣ ਦੀ ਖਬਰ

ਚਮਿਆਰੀ (ਸੰਧੂ) : ਮੰਗਲਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਇਰਾਕ ਵਿਚ 39 ਭਾਰਤੀਆਂ ਦੇ ਮ੍ਰਿਤਕ ਹੋਣ ਦੇ ਕਬੂਲੇ ਸੱਚ ਨੇ ਮ੍ਰਿਤਕ ਪਰਿਵਾਰਾਂ ਦੇ ਜ਼ਖਮ ਮੁੜ ਅੱਲੇ ਕਰ ਦਿੱਤੇ ਹਨ। ਲਾਪਤਾ 39 ਭਾਰਤੀਆਂ ਦੀ ਮੌਤ ਹੋ ਜਾਣ ਦੀ ਪੁਸ਼ਟੀ ਹੋਣ ਮਗਰੋਂ ਇਨ੍ਹਾਂ 'ਚ ਸ਼ਾਮਿਲ ਸਰਹੱਦੀ ਤਹਿਸੀਲ ਅਜਨਾਲਾ ਦੇ ਨੌਜਵਾਨ ਨਿਸ਼ਾਨ ਸਿੰਘ ਦੇ ਜੱਦੀ ਪਿੰਡ ਸੰਗੂਆਣਾ ਸਮੇਤ ਪੂਰੇ ਇਲਾਕੇ 'ਚ ਮਾਤਮ ਛਾ ਗਿਆ। ਨਿਸ਼ਾਨ ਦੇ ਘਰ ਪਹੁੰਚੇ ਪੱਤਰਕਾਰਾਂ ਨੂੰ ਨਿਸ਼ਾਨ ਸਿੰਘ ਦੇ ਛੋਟੇ ਭਰਾ ਸਰਵਣ ਸਿੰਘ ਨੇ ਦੱਸਿਆ ਕਿ ਉਸ ਨੂੰ ਕਿਸੇ ਰਿਸ਼ਤੇਦਾਰ ਨੇ ਫੋਨ 'ਤੇ ਜਾਣਕਾਰੀ ਦਿੱਤੀ ਕਿ ਉਸ ਦੇ ਭਰਾ ਦੀ ਮੌਤ ਦੀ ਪੁਸ਼ਟੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਕਰ ਦਿੱਤੀ ਗਈ ਹੈ। ਉਸਨੇ ਦੱਸਿਆ ਕਿ ਉਸਦੀ ਮਾਂ ਸਵਿੰਦਰ ਕੌਰ ਦੇ ਬਿਮਾਰ ਹੋਣ ਕਰਕੇ ਅਜੇ ਤੱਕ ਉਸ ਨੂੰ ਇਸ ਦੁਖਦਾਈ ਖ਼ਬਰ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਕਿਉਂਕਿ ਹੋ ਸਕਦਾ ਕਿ ਲੰਮੇ ਸਮੇਂ ਤੋਂ ਨਿਸ਼ਾਨ ਦਾ ਰਾਹ ਉਡੀਕ ਰਹੀ ਬਿਮਾਰ ਬਜ਼ੁਰਗ ਮਾਂ ਇਹ ਸਦਮਾ ਹੀ ਸਹਾਰ ਨਾ ਸਕੇ।
ਨਿਸ਼ਾਨ ਦੇ ਭਰਾ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਅਕਤੂਬਰ 2013 ਨੂੰ ਉਨ੍ਹਾਂ ਦੇ ਪਰਿਵਾਰ ਨੇ ਘਰ ਦੀ ਆਰਥਿਕ ਹਾਲਤ ਸੁਧਾਰਨ ਲਈ ਕਰਜ਼ਾ ਚੁੱਕ ਆਪਣੇ ਨੌਜਵਾਨ ਪੁੱਤ ਨੂੰ ਇਰਾਕ ਭੇਜਿਆ ਸੀ ਪਰ ਉੱਥੋਂ ਦਾ ਮਾਹੌਲ ਖਰਾਬ ਹੋਣ ਕਾਰਣ ਜਿੱਥੇ ਉਨ੍ਹਾਂ ਦੇ ਸਾਰੇ ਸੁਪਨੇ ਮਿੱਟੀ ਹੋ ਗਏ, ਉੱਥੇ ਹੀ ਉਹ ਆਪਣਾ ਪੁੱਤ ਵੀ ਗੁਆ ਬੈਠੇ ਹਨ। ਉਸ ਨੇ ਦੱਸਿਆ ਕਿ ਉਸ ਦਾ ਭਰਾ ਇਰਾਕ ਦੇ ਮਸੂਲ ਸ਼ਹਿਰ ਦੀ ਅਰੀਕ ਅਲ ਨੂਰ ਨਾਮੀ ਇਕ ਕੰਪਨੀ ਵਿਚ ਕੰਮ ਕਰਦਾ ਸੀ ਕਿ 21 ਜੂਨ 2014 ਨੂੰ ਉਸ ਨੇ ਘਰ ਆਖਰੀ ਵਾਰ ਫ਼ੋਨ ਕਰ ਕੇ ਦੱਸਿਆ ਕਿ ਇੱਥੋਂ ਦੇ ਹਾਲਾਤ ਬਹੁਤ ਖਰਬ ਹੋ ਗਏ ਹਨ ਤੇ ਮੈਨੂੰ ਕੁਝ ਹੋਰ ਭਾਰਤੀਆਂ ਸਮੇਤ 11 ਜੂਨ (2014) ਦੀ ਰਾਤ ਨੂੰ ਕੰਪਨੀ ਤੋਂ ਬਾਗੀਆਂ ਵੱਲੋਂ ਅਗਵਾ ਕਰ ਲਿਆ ਗਿਆ ਹੈ। ਉਸ ਅਨੁਸਾਰ ਉਹ ਉੱਥੇ ਬਹੁਤ ਬੁਰੀ ਹਾਲਤ ਵਿਚ ਸਨ ਤੇ ਉਸ ਨੇ ਕਿਸੇ ਤਰ੍ਹਾਂ ਲੁਕ ਛਿਪ ਕੇ ਫ਼ੋਨ ਕੀਤਾ ਸੀ ਤਾਂ ਕਿ ਉਸ ਨੂੰ ਬਚਾ ਲਿਆ ਜਾਵੇ। ਉਸ ਨੇ ਦੱਸਿਆ ਕਿ ਉਡੀਕ ਦੇ ਇਸ ਲੰਮੇ ਅਰਸੇ ਦੌਰਾਨ ਉਨ੍ਹਾਂ ਦੇ ਪਰਿਵਾਰ ਖਾਸ ਕਰਕੇ ਉਸ ਦੇ ਬਜ਼ੁਰਗ ਮਾਪਿਆਂ ਦੇ ਤਾਂ ਹੁਣ ਤੱਕ ਰੋ-ਰੋ ਕੇ ਅੱਥਰੂ ਵੀ ਮੁੱਕ ਗਏ ਹਨ। ਸਰਵਣ ਸਿੰਘ ਦੇ ਦੱਸਣ ਮੁਤਾਬਕ ਇਸ ਲੰਮੀ ਉਡੀਕ 'ਚ ਨਿਸ਼ਾਨ ਦੀ ਪਤਨੀ ਹੋਣੀ ਨੂੰ ਮੰਨ ਕੇ ਦੋਵੇਂ ਪਰਿਵਾਰਾਂ ਦੀ ਸਹਿਮਤੀ ਨਾਲ ਕਾਫ਼ੀ ਸਮਾਂ ਪਹਿਲਾਂ ਆਪਣੇ ਪੇਕੇ ਚਲੇ ਗਈ ਸੀ ਅਤੇ ਉਸਦਾ ਦੁਬਾਰਾ ਵਿਆਹ ਵੀ ਕਰ ਦਿੱਤਾ ਗਿਆ ਹੈ।
ਇਕ ਸਵਾਲ ਦਾ ਜਵਾਬ ਦਿੰਦਿਆਂ ਨਿਸ਼ਾਨ ਦੇ ਭਰਾ ਨੇ ਦੱਸਿਆ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਇਸ ਤਰ੍ਹਾਂ ਦਾ ਬਿਆਨ ਆਉਣਾ ਕਿ 39 ਭਾਰਤੀਆਂ ਦੀ ਮੌਤ ਹੋ ਗਈ ਹੈ ਇਹ ਇਕ ਬਹੁਤ ਹੀ ਮੰਦਭਾਗੀ ਗੱਲ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਡੀ.ਐਨ.ਏ ਟੈਸਟ ਵੀ ਹੋਏ ਸਨ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਸਰਕਾਰ ਕੋਲ ਕਦੇ ਵੀ ਕੋਈ ਅਜਿਹਾ ਸਬੂਤ ਨਹੀਂ ਸੀ ਕਿ ਜਿਸ ਨਾਲ ਪੁਸ਼ਟੀ ਹੋ ਸਕੇ ਕਿ 39 ਭਾਰਤੀ ਜ਼ਿੰਦਾ ਸਨ ਜਾਂ ਨਹੀ। ਉਸ ਨੇ ਕਿਹਾ ਕਿ ਮੇਰੇ ਅਨੁਸਾਰ ਉਨ੍ਹਾਂ ਸਮੇਤ ਸਾਰੇ ਪੀੜਤ ਪਰਿਵਾਰਾਂ ਨੂੰ ਸਰਕਾਰ ਵੱਲੋਂ ਲੰਮਾ ਸਮਾਂ ਧੋਖੇ ਵਿਚ ਰੱਖਿਆ ਗਿਆ ਹੈ। ਨਿਸ਼ਾਨ ਦੇ ਪਿਤਾ ਤੇ ਭਰਾ ਦੇ ਦੁਖੀ ਮਨ ਤੇ ਪੱਥਰ ਹੋਈਆਂ ਅੱਖਾਂ 'ਚੋਂ ਇਹ ਸਾਫ਼ ਝਲਕ ਰਿਹਾ ਸੀ ਕਿ ਹਰਜੀਤ ਮਸੀਹ ਦੀ ਗਵਾਹੀ ਨੂੰ ਅਧਾਰ ਮੰਨ ਕੇ ਅਸਲ ਸਚਾਈ ਨੂੰ ਸਰਕਾਰ ਵੱਲੋਂ ਇਨ੍ਹਾਂ ਲੰਮਾ ਸਮਾਂ ਸਵੀਕਾਰਿਆ ਕਿਉਂ ਨਹੀਂ ਗਿਆ।


Related News