ਭਾਜਪਾ 'ਚ ਜਾਣ ਦੀਆਂ ਚਰਚਾਵਾਂ ਵਿਚਾਲੇ ਸੁਸ਼ੀਲ ਰਿੰਕੂ ਨੇ ਤੋੜੀ ਚੁੱਪੀ
Sunday, Mar 17, 2024 - 06:14 PM (IST)
ਜਲੰਧਰ (ਧਵਨ)–ਜਲੰਧਰ ਤੋਂ ‘ਆਪ’ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੇ ਭਾਜਪਾ ਵਿਚ ਸ਼ਾਮਲ ਹੋਣ ਨੂੰ ਲੈ ਕੇ ਚੱਲ ਰਹੀਆਂ ਅਫ਼ਵਾਹਾਂ ਵਿਚਕਾਰ ਆਮ ਆਦਮੀ ਪਾਰਟੀ ਦੀ ਰਾਸ਼ਟਰੀ ਲੀਡਰਸ਼ਿਪ ਨੇ ਪਾਰਟੀ ਦੇ ਹੀ ਕੁਝ ਆਗੂਆਂ ਦੀ ਕਲਾਸ ਲਾਈ ਹੈ ਅਤੇ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅਨੁਸ਼ਾਸਨ ਵਿਚ ਰਹਿ ਕੇ ਜਲੰਧਰ ਤੋਂ ‘ਆਪ’ਸੰਸਦ ਮੈਂਬਰ ਸੁਸ਼ੀਲ ਰਿੰਕੂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਕੰਮ ਕਰਨ। ਪਿਛਲੇ 2 ਦਿਨਾਂ ਤੋਂ ਸੁਸ਼ੀਲ ਰਿੰਕੂ ਨੂੰ ਲੈ ਕੇ ਅਫ਼ਵਾਹਾਂ ਚੱਲ ਰਹੀਆਂ ਸਨ ਕਿ ਉਹ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ। ਇਸ ਸਬੰਧ ਵਿਚ ਜਦੋਂ ਅੱਜ ਸੁਸ਼ੀਲ ਰਿੰਕੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਾਜਪਾ ਵਿਚ ਸ਼ਾਮਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ। ਸੁਸ਼ੀਲ ਰਿੰਕੂ ਜੋ ਆਪਣੀ ਪਤਨੀ ਸੁਨੀਤਾ ਰਿੰਕੂ ਅਤੇ ਪੁੱਤਰ ਦੇ ਨਾਲ ਅਯੁੱਧਿਆ ਵਿਚ ਰਾਮਲੱਲਾ ਤਕ ਵਾਰਾਨਸੀ ਵਿਚ ਭੋਲੇ ਬਾਬਾ ਅਤੇ ਸ੍ਰੀ ਗੁਰੂ ਰਵਿਦਾਸ ਮੰਦਰ ਦੇ ਦਰਸ਼ਨਾਂ ਲਈ ਗਏ ਹੋਏ ਸਨ, ਉਹ ਬੀਤੇ ਦਿਨ ਦੇਰ ਸ਼ਾਮ ਹੀ ਵਾਪਸ ਮੁੜੇ ਹਨ। ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਵਿਚ ਹਨ ਅਤੇ ਬਣੇ ਰਹਿਣਗੇ। ਪਾਰਟੀ ਨੇ ਉਨ੍ਹਾਂ ਵਿਚ ਦੁਬਾਰਾ ਭਰੋਸਾ ਪ੍ਰਗਟਾਇਆ ਹੈ, ਜਿਸ ਲਈ ਉਹ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਧੰਨਵਾਦੀ ਹਨ। ਜਨਤਾ ਦੇ ਸਹਿਯੋਗ ਨਾਲ ਉਹ ਦੁਬਾਰਾ ਜਿੱਤ ਹਾਸਲ ਕਰਨਗੇ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਮੁਕੇਰੀਆਂ 'ਚ ਗੈਂਗਸਟਰ ਨੂੰ ਫੜ੍ਹਨ ਗਈ CIA ਦੀ ਟੀਮ 'ਤੇ ਚਲਾ 'ਤੀਆਂ ਗੋਲ਼ੀਆਂ, ਇਕ ਮੁਲਾਜ਼ਮ ਦੀ ਮੌਤ
ਉਨ੍ਹਾਂ ਕਿਹਾ ਕਿ ਮੇਰਾ ਕੰਮ ਜਨਤਾ ਦੇ ਸਾਹਮਣੇ ਹੈ ਅਤੇ ਜਨਤਾ ਦੇ ਹਰ ਮੁੱਦੇ ਨੂੰ ਉਨ੍ਹਾਂ ਨੇ ਕੇਂਦਰ ਸਰਕਾਰ, ਸੰਸਦ ਅਤੇ ਸੂਬਾ ਸਰਕਾਰ ਦੇ ਸਾਹਮਣੇ ਉਠਾਇਆ। ਉਨ੍ਹਾਂ ਕਿਹਾ ਕਿ ਅਜੇ ਉਨ੍ਹਾਂ ਦਾ ਜਲੰਧਰ ਨੂੰ ਲੈ ਕੇ ਮਿਸ਼ਨ ਪੂਰਾ ਨਹੀਂ ਹੋਇਆ ਹੈ ਅਤੇ ਉਹ ਅੱਗੇ ਵੀ ਆਪਣੇ ਮਿਸ਼ਨ ਨੂੰ ਕਾਮਯਾਬ ਬਣਾਉਣ ਵਿਚ ਜੁਟੇ ਰਹਿਣਗੇ। ਦੂਜੇ ਪਾਸੇ ਪਤਾ ਲੱਗਾ ਹੈ ਕਿ ਰਿੰਕੂ ਨੂੰ ਲੈ ਕੇ ਜੋ ਅਫ਼ਵਾਹਾਂ ਦਾ ਦੌਰ ਚੱਲ ਰਿਹਾ ਸੀ, ਉਸ ਵਿਚ ਪਾਰਟੀ ਦੇ ਕੁਝ ਰਿੰਕੂ ਵਿਰੋਧੀ ਆਗੂਆਂ ਦਾ ਹੱਥ ਸੀ। ਇਸ ਗੱਲ ਦੀ ਜਾਣਕਾਰੀ ਅੱਜ ਜਦੋਂ ਆਮ ਆਦਮੀ ਪਾਰਟੀ ਦੇ ਕੇਂਦਰੀ ਲੀਡਰਸ਼ਿਪ ਨੂੰ ਲੱਗੀ ਤਾਂ ਉਨ੍ਹਾਂ ਨੇ ਇਸ ਮਾਮਲੇ ਨੂੰ ਕਾਫ਼ੀ ਗੰਭੀਰਤਾ ਨਾਲ ਲਿਆ ਅਤੇ ਨਾਲ ਹੀ ਅਰਵਿੰਦ ਕੇਜਰੀਵਾਲ ਵੱਲੋਂ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਡਾ. ਸੰਦੀਪ ਪਾਠਕ ਨੇ ਕੁਝ ਆਗੂਆਂ ਨੂੰ ਫੋਨ ਕਰਕੇ ਚਿਤਾਵਨੀ ਦਿੱਤੀ ਕਿ ਅਜਿਹੀ ਅਨੁਸ਼ਾਸਨਹੀਣਤਾ ਨੂੰ ਸਹਿਣ ਨਹੀਂ ਕੀਤਾ ਜਾਵੇਗਾ।
ਜਲੰਧਰ ਪਹੁੰਚੇ ਸੁਸ਼ੀਲ ਰਿੰਕੂ, ਕੈਬਨਿਟ ਮੰਤਰੀਆਂ ਨੂੰ ਮਿਲੇ
‘ਆਪ’ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੇਰ ਰਾਤ 10.30 ਵਜੇ ਜਲੰਧਰ ਪੁੱਜੇ ਤੇ ਉਨ੍ਹਾਂ ਨੇ ਕੈਬਨਿਟ ਮੰਤਰੀਆਂ ਬ੍ਰਹਮ ਸ਼ੰਕਰ ਜ਼ਿੰਪਾ ਤੇ ਲੋਕਲ ਬਾਡੀਜ਼ ਮੰਤਰੀ ਨਾਲ ਮੁਲਾਕਾਤ ਕੀਤੀ। ਦੀਪਕ ਬਾਲੀ ਤੇ ਹੋਰ ਆਗੂ ਵੀ ਇਸ ਮੌਕੇ ਹਾਜ਼ਰ ਸਨ। ਰਿੰਕੂ ਨੇ ‘ਆਪ’ ਆਗੂ ਮਹਿੰਦਰ ਭਗਤ ਨਾਲ ਵੀ ਮੁਲਾਕਾਤ ਕੀਤੀ, ਜਿਸ ਤਰ੍ਹਾਂ ਰਿੰਕੂ ਨੇ ‘ਆਪ’ ਦੇ ਮੰਤਰੀਆਂ ਨਾਲ ਮੁਲਾਕਾਤ ਕੀਤੀ ਤੇ ਚੋਣ ਰਣਨੀਤੀ ’ਤੇ ਵੀ ਚਰਚਾ ਕੀਤੀ, ਇਸ ਨਾਲ ਰਿੰਕੂ ਦੇ ਭਾਜਪਾ ’ਚ ਜਾਣ ਦੀਆਂ ਚਰਚਾਵਾਂ ’ਤੇ ਰੋਕ ਲੱਗ ਗਈ। ਹੁਣ ਉਹ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਮਿਲਣਾ ਸ਼ੁਰੂ ਕਰਨਗੇ।
ਇਹ ਵੀ ਪੜ੍ਹੋ: ਮੂਸੇਵਾਲਾ ਦੇ ਛੋਟੇ ਭਰਾ ਦੀ ਸਭ ਤੋਂ ਪਹਿਲੀ ਵੀਡੀਓ ਆਈ ਸਾਹਮਣੇ, ਮਾਂ ਚਰਨ ਕੌਰ ਦੀ ਗੋਦੀ 'ਚ ਦਿਸਿਆ ਛੋਟਾ ਸਿੱਧੂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8