ਸਦਨ 'ਚੋਂ ਦੂਜੀ ਵਾਰ ਸਸਪੈਂਡ ਹੋਣ 'ਤੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਦਿੱਤਾ ਅਹਿਮ ਬਿਆਨ
Wednesday, Dec 20, 2023 - 02:52 PM (IST)

ਜਲੰਧਰ (ਧਵਨ)–ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਹੈ ਕਿ ਸੱਚ ਦੀ ਆਵਾਜ਼ ਬੁਲੰਦ ਕਰਨ ’ਤੇ ਉਨ੍ਹਾਂ ਨੂੰ ਦੂਜੀ ਵਾਰ ਲੋਕ ਸਭਾ ’ਚੋਂ ਸਸਪੈਂਡ ਕੀਤਾ ਗਿਆ ਹੈ। ਮੰਗਲਵਾਰ ਸੰਸਦ ’ਚੋਂ ਸਸਪੈਂਡ ਕੀਤੇ ਗਏ ਮੈਂਬਰਾਂ ਵਿਚ ਰਿੰਕੂ ਵੀ ਸ਼ਾਮਲ ਸਨ। ਇਸ ਤੋਂ ਪਹਿਲਾਂ ਪਿਛਲੇ ਲੋਕ ਸਭਾ ਸੈਸ਼ਨ ਵਿਚ ਰਿੰਕੂ ਨੂੰ ਇਸ ਲਈ ਸਸਪੈਂਡ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਪੰਜਾਬ ’ਚ ਰਾਜਪਾਲ ਵੱਲੋਂ ‘ਆਪ’ ਸਰਕਾਰ ਦੇ ਕੰਮਕਾਜ ’ਚ ਦਖ਼ਲਅੰਦਾਜ਼ੀ ਸਬੰਧੀ ਲੋਕ ਸਭਾ ’ਚ ਕੇਂਦਰ ਸਰਕਾਰ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਸੀ।
ਸੁਸ਼ੀਲ ਰਿੰਕੂ ਨੇ ਸਪੀਕਰ ਵੱਲੋਂ ਸਸਪੈਂਡ ਕੀਤੇ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਿਰੋਧੀ ਧਿਰ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ ਕਿਉਂਕਿ ਵਿਰੋਧੀ ਧਿਰ ਸੰਸਦ ’ਤੇ ਹੋਏ ਹਮਲੇ ਬਾਰੇ ਕੇਂਦਰ ਸਰਕਾਰ ਤੋਂ ਜਵਾਬ ਚਾਹੁੰਦੀ ਹੈ, ਜਦੋਂਕਿ ਕੇਂਦਰ ਸਰਕਾਰ ਇਸ ਦੇ ਲਈ ਤਿਆਰ ਨਹੀਂ ਹੋ ਰਹੀ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਦੀਆਂ ਤਿਆਰੀਆਂ, ਵੱਧ ਸੀਟਾਂ ਹਾਸਲ ਕਰਨ ਲਈ ‘ਆਪ’ ਤੇ ਕਾਂਗਰਸ ਦਬਾਅ ਦੀ ਸਿਆਸਤ ਕਰਨ ’ਚ ਜੁਟੀਆਂ
ਉਨ੍ਹਾਂ ਕਿਹਾ ਕਿ ਸੰਸਦ ਤੋਂ ਸਸਪੈਂਡ ਕੀਤੇ ਜਾਣ ਦੇ ਬਾਵਜੂਦ ਉਨ੍ਹਾਂ ਦਾ ਸੰਘਰਸ਼ ਸਦਨ ਦੇ ਬਾਹਰ ਚੱਲਦਾ ਰਹੇਗਾ ਅਤੇ ਉਹ ਕੇਂਦਰ ਸਰਕਾਰ ਖ਼ਿਲਾਫ਼ ਵਿਖਾਵਾ ਜਾਰੀ ਰੱਖਣਗੇ। ਲੋਕਤੰਤਰ ’ਚ ਵਿਰੋਧੀ ਧਿਰ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਹੱਕ ਹੁੰਦਾ ਹੈ। ਵਿਰੋਧੀ ਸੰਸਦ ਮੈਂਬਰਾਂ ਨੂੰ ਸਸਪੈਂਡ ਕਰਨ ਦੀ ਬਜਾਏ ਉਨ੍ਹਾਂ ਦੀ ਗੱਲ ਕੇਂਦਰ ਸਰਕਾਰ ਨੂੰ ਸੁਣਨੀ ਚਾਹੀਦੀ ਸੀ। ਦੇਸ਼ ਵਿਚ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਭਾਰੀ ਗਿਣਤੀ ’ਚ ਸੰਸਦ ਮੈਂਬਰਾਂ ਨੂੰ ਸਸਪੈਂਡ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਇਸ ਮਾਮਲੇ ’ਤੇ ਸਟੈਂਡ ਬਿਲਕੁਲ ਸਪਸ਼ਟ ਹੈ ਕਿ ਸੰਸਦ ’ਤੇ ਹੋਏ ਹਮਲੇ ਨੂੰ ਵੇਖਦਿਆਂ ਲੋਕ ਸਭਾ ਅਤੇ ਰਾਜ ਸਭਾ ’ਚ ਬਹਿਸ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਕਾਂਗਰਸ ਤੇ 'ਆਪ' ਦੇ ਗਠਜੋੜ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਸੁਖਬੀਰ ਦੀ ਮੁਆਫ਼ੀ 'ਤੇ ਵੀ ਸੁਣੋ ਕੀ ਬੋਲੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।