ਪੰਜਾਬ ਸ਼ਰਮਸਾਰ, ਕਿਤੇ ਸੱਸ ਕੁਪੱਤੀ, ਕਿਤੇ ਔਰਤ ਪਤੀ ਦੇ ਪੈਰਾਂ ਦੀ ਜੁੱਤੀ

Monday, Feb 12, 2018 - 10:43 AM (IST)

ਪੰਜਾਬ ਸ਼ਰਮਸਾਰ, ਕਿਤੇ ਸੱਸ ਕੁਪੱਤੀ, ਕਿਤੇ ਔਰਤ ਪਤੀ ਦੇ ਪੈਰਾਂ ਦੀ ਜੁੱਤੀ

ਚੰਡੀਗੜ੍ਹ : ਸਦੀਆਂ ਤੋਂ ਹੀ ਔਰਤਾਂ ਨੂੰ ਕਮਜ਼ੋਰ ਸਮਝਿਆ ਗਿਆ ਹੈ। ਅੱਜ ਦੇ ਇਸ ਜ਼ਮਾਨੇ 'ਚ ਭਾਵੇਂ ਹੀ ਇਹ ਕਿਹਾ ਜਾਂਦਾ ਹੈ ਕਿ ਔਰਤਾਂ ਵੀ ਮਰਦਾਂ ਦੇ ਬਰਾਬਰ ਹਨ ਪਰ ਫਿਰ ਵੀ ਜੇਕਰ ਸਿਰਫ ਪੰਜਾਬ ਦੀ ਹੀ ਗੱਲ ਕਰੀਏ ਤਾਂ ਇੱਥੇ ਅਜੇ ਵੀ ਔਰਤ ਨੂੰ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਊਣ ਦਾ ਕੋਈ ਅਧਿਕਾਰ ਨਹੀਂ ਹੈ। ਪੰਜਾਬ 'ਚ ਕਿਤੇ ਔਰਤ ਨੂੰ ਸੱਸ ਦੇ ਤਾਅਨੇ ਸੁਣਨੇ ਪੈਂਦੇ ਹਨ ਅਤੇ ਕਿਤੇ ਪਤੀ ਉਸ ਨੂੰ ਪੈਰਾਂ ਦੀ ਜੁੱਤੀ ਸਮਝਦਾ ਹੈ। ਇਹ ਸ਼ਰਮਸਾਰ ਕਰਨ ਵਾਲਾ ਖੁਲਾਸਾ ਨੈਸ਼ਨਲ ਫੈਮਿਲੀ ਹੈਲਥ ਸਰਵੇ-4 (2015-16) ਦੀ ਰਿਪੋਰਟ 'ਚ ਕੀਤਾ ਗਿਆ ਹੈ। ਸੂਬੇ 'ਚ 16 ਹਜ਼ਾਰ ਤੋਂ ਵਧੇਰੇ ਪਰਿਵਾਰਾਂ 'ਤੇ ਹੋਏ ਇਸ ਸਰਵੇ 'ਚ ਕਰੀਬ 21 ਹਜ਼ਾਰ ਔਰਤਾਂ ਨੇ ਬੇਬਾਕੀ ਨਾਲ ਆਪਣੀ ਗੱਲ ਰੱਖੀ। 
ਇਸ ਰਿਪੋਰਟ ਮੁਤਾਬਕ 63 ਫੀਸਦੀ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੋਣ ਦੇ ਬਾਵਜੂਦ ਵੀ ਕਿਸੇ ਨਾਲ ਗੱਲ ਨਹੀਂ ਕਰਦੀਆਂ ਅਤੇ ਨਾ ਹੀ ਕੋਈ ਸ਼ਿਕਾਇਤ ਦਰਜ ਕਰਾਉਂਦੀਆਂ ਹਨ। ਉਹ ਚੁੱਪਚਾਪ ਇਸ ਨੂੰ ਝੱਲ ਰਹੀਆਂ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਜੇਕਰ ਉਨ੍ਹਾਂ ਨੇ ਆਵਾਜ਼ ਚੁੱਕੀ ਤਾਂ ਪੇਕੇ ਅਤੇ ਸਹੁਰੇ ਦੋਹਾਂ ਘਰਾਂ ਦੇ ਦਰਵਾਜ਼ੇ ਉਨ੍ਹਾਂ ਲਈ ਬੰਦ ਹੋ ਜਾਣਗੇ। ਰਿਪੋਰਟ ਮੁਤਾਬਕ 60 ਪੀਸਦੀ ਔਰਤਾਂ ਨੂੰ ਪਤੀ ਪੈਰਾਂ ਦੀ ਜੁੱਤੀ ਸਮਝਦੇ ਹਨ ਅਤੇ ਨਸ਼ੇ ਦੀ ਹਾਲਤ 'ਚ ਉਨ੍ਹਾਂ ਦੀ ਖੂਬ ਕੁੱਟਮਾਰ ਕਰਦੇ ਹਨ। ਦੂਜੇ ਪਾਸੇ 21 ਫੀਸਦੀ ਔਰਤਾਂ ਦਾ ਕਹਿਣਾ ਹੈ ਕਿ ਜੇਕਰ ਸੱਸ ਨਾਲ ਉਨ੍ਹਾਂ ਨੇ ਵਧੀਆ ਵਰਤਾਓ ਨਹੀਂ ਕੀਤਾ ਤਾਂ ਉਨ੍ਹਾਂ ਦੀ ਕੁੱਟਮਾਰ ਹੁੰਦੀ ਹੈ। ਸੱਸ ਨਾਲ ਸਵਾਲ-ਜਵਾਬ ਕਰਨ 'ਚ, ਬੱਚਿਆਂ ਦੀ ਸਹੀ ਦੇਖਭਾਲ ਨਾ ਹੋਣ 'ਤੇ, 2 ਤੋਂ ਜ਼ਿਆਦਾ ਬੇਟੀਆਂ ਪੈਦਾ ਹੋਣ 'ਤੇ ਔਰਤਾਂ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਹਨ। ਇਸ ਸਰਵੇ ਦੀ ਰਿਪੋਰਟ ਸੱਚਮੁੱਚ ਹੈਰਾਨ ਕਰਨ ਦੇ ਨਾਲ-ਨਾਲ ਪੂਰੇ ਪੰਜਾਬ ਨੂੰ ਸ਼ਰਮਸਾਰ ਕਰਨ ਵਾਲੀ ਵੀ ਹੈ। 


Related News