ਕਦੇ ਸਨ ਸ਼ਹਿਰ ਦੇ ਮੇਅਰ, ਹੁਣ ਜੇਲ 'ਚ ਲੰਘਣਗੀਆਂ ਰਾਤਾਂ
Wednesday, Jan 16, 2019 - 04:42 PM (IST)
ਜਲੰਧਰ (ਸੋਨੂੰ,ਰਵਿੰਦਰ)— ਨਗਰ ਨਿਗਮ ਦੇ ਇੰਸਪੈਕਟਰ ਦਿਨੇਸ਼ ਜੋਸ਼ੀ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਵਿਵਾਦਾਂ 'ਚ ਘਿਰੇ ਜਲੰਧਰ ਦੇ ਸਾਬਕਾ ਮੇਅਰ ਸੁਰੇਸ਼ ਸਹਿਗਲ ਦੀ ਜ਼ਮਾਨਤ ਅਰਜੀ ਨੂੰ ਸੀ. ਜੀ. ਐੱਮ. ਕੋਰਟ ਨੇ ਰੱਦ ਕਰ ਦਿੱਤਾ ਹੈ। ਮਾਣਯੋਗ ਜੱਜ ਆਸ਼ੀਸ਼ ਅਬਰੋਲ ਨੇ ਜ਼ਮਾਨਤ ਪਟੀਸ਼ਨ ਰੱਦ ਕਰਦੇ ਹੋਏ ਉਨ੍ਹਾਂ ਨੂੰ 30 ਤਾਰੀਕ ਤੱਕ ਜੇਲ ਭੇਜ ਦਿੱਤਾ ਹੈ।
ਦੱਸਣਯੋਗ ਹੈ ਕਿ ਦਿਨੇਸ਼ ਜੋਸ਼ੀ ਨਾਲ ਕੀਤੀ ਗਈ ਕੁੱਟਮਾਰ ਦੇ ਮਾਮਲੇ 'ਚ ਸੁਰੇਸ਼ ਸਹਿਗਲ ਨੇ ਅੱਜ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ਮਾਨਤ ਦੀ ਅਰਜੀ ਵੀ ਲਗਾ ਦਿੱਤੀ ਸੀ, ਜਿਸ ਨੂੰ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ।
ਸੁਰੇਸ਼ ਸਹਿਗਲ ਨੂੰ ਸਰਕਾਰੀ ਮੁਲਾਜ਼ਮ ਨਾਲ ਪੰਗਾ ਲੈਣਾ ਉਨ੍ਹਾਂ ਨੂੰ ਕਾਫੀ ਭਾਰੀ ਪਿਆ। ਦੌੜ ਟਰਾਇਲ ਕੋਰਟ ਤੋਂ ਲੈ ਕੇ ਹਾਈਕੋਰਟ ਅਤੇ ਸੁਪਰੀਮ ਕੋਰਟ ਤੱਕ ਲੱਗੀ ਪਰ ਅਖੀਰ 'ਚ ਉਹ ਜ਼ਮਾਨਤ ਲੈਣ 'ਚ ਨਾਕਾਮ ਹੋਏ। ਬੁੱਧਵਾਰ ਸਵੇਰੇ ਸੁਰੇਸ਼ ਸਹਿਗਲ ਨੇ ਟਰਾਇਲ ਕੋਰਟ 'ਚ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਆਤਮਸਮਰਪਣ ਕਰ ਦਿੱਤਾ ਅਤੇ ਨਾਲ ਹੀ ਰੈਗੂਲਰ ਜ਼ਮਾਨਤ ਪਟੀਸ਼ਨ ਵੀ ਲਗਾ ਦਿੱਤੀ। ਦੁਪਹਿਰ ਬਾਅਦ ਅਦਾਲਤ ਨੇ ਸਹਿਗਲ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਅਤੇ ਉਨ੍ਹਾਂ ਨੂੰ 14 ਦਿਨ ਲਈ ਜੇਲ ਭੇਜ ਦਿੱਤਾ ਅਤੇ ਹੁਣ ਉਨ੍ਹਾਂ ਦੀਆਂ ਰਾਤਾਂ ਜੇਲ ਦੀਆਂ ਸੀਖਾਂ ਦੇ ਪਿੱਛੇ ਲੰਘਣਗੀਆਂ।
ਕੀ ਸੀ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ 28 ਅਕਤੂਬਰ 2018 ਨੂੰ ਫਗਵਾੜਾ ਗੇਟ ਕੋਲ ਬਿਲਡਿੰਗ ਇੰਸਪੈਕਸ਼ਨ ਲਈ ਲਏ ਗਏ ਬਿਲਡਿੰਗ ਇੰਸਪੈਕਟਰ ਦਿਨੇਸ਼ ਜੋਸ਼ੀ ਨਾਲ ਸਾਬਕਾ ਮੇਅਰ ਸੁਰੇਸ਼ ਸਹਿਗਲ ਦੀ ਬਹਿਸ ਹੋ ਗਈ ਅਤੇ ਬਾਅਦ ਵਿਚ ਮਾਮਲਾ ਤੂਲ ਫੜਦੇ ਹੀ ਸੁਰੇਸ਼ ਸਹਿਗਲ ਨੇ ਬਿਲਡਿੰਗ ਇੰਸਪੈਕਟਰ ਨਾਲ ਕੁੱਟਮਾਰ ਕੀਤੀ। ਦਿਨੇਸ਼ ਜੋਸ਼ੀ ਦੇ ਬਿਆਨ 'ਤੇ ਥਾਣਾ ਨੰ. 3 'ਚ ਸੁਰੇਸ਼ ਸਹਿਗਲ ਖਿਲਾਫ ਕੁੱਟਮਾਰ ਅਤੇ ਸਰਕਾਰੀ ਕੰਮ 'ਚ ਵਿਘਨ ਪਾਉੁਣ ਦਾ ਕੇਸ ਦਰਜ ਕਰ ਲਿਆ ਸੀ। 2 ਨਵੰਬਰ ਨੂੰ ਸੈਸ਼ਨ ਕੋਰਟ ਨੇ ਸਹਿਗਲ ਦੀ ਬੇਲ ਨੂੰ ਰਿਜੈਕਟ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸਹਿਗਲ ਅੰਡਰਗਰਾਊਂਡ ਹੋ ਗਏ ਸਨ। 5 ਨਵੰਬਰ ਨੂੰ ਸਹਿਗਲ ਦੇ ਕਰੀਬੀ ਸੁਲਕਸ਼ਣਾ ਸ਼ਰਮਾ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ।
ਨਗਰ ਨਿਗਮ ਦੀਆਂ ਯੂਨੀਅਨਾਂ ਨੇ ਸਾਰਾ ਕੰਮ ਠੱਪ ਕਰ ਦਿੱਤਾ ਅਤੇ ਸੁਰੇਸ਼ ਸਹਿਗਲ ਦੀ ਗ੍ਰਿਫਤਾਰੀ ਤੋਂ ਘੱਟ ਉਨ੍ਹਾਂ ਨੂੰ ਕੁਝ ਵੀ ਮਨਜ਼ੂਰ ਨਹੀਂ ਸੀ। 6 ਨਵੰਬਰ ਨੂੰ ਸੁਲਕਸ਼ਣਾ ਦੇ ਭਾਣਜੇ ਸੰਨੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ ਪਰ 16 ਨਵੰਬਰ ਨੂੰ ਸੁਰੇਸ਼ ਸਹਿਗਲ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ, ਜਦੋਂ ਅਦਾਲਤ ਨੇ ਸਹਿਗਲ ਦੀ ਗ੍ਰਿਫਤਾਰੀ 'ਤੇ ਰੋਕ ਲਗਾ ਦਿੱਤੀ। ਗ੍ਰਿਫਤਾਰੀ ਤੋਂ ਬਚਦੇ ਹੀ ਸਹਿਗਲ ਨੇ ਸ਼ਹਿਰ 'ਚ ਨਾਜਾਇਜ਼ ਬਿਲਡਿੰਗਾਂ ਖਿਲਾਫ ਆਪਣਾ ਮੋਰਚਾ ਖੋਲ੍ਹ ਦਿੱਤਾ। 30 ਨਵੰਬਰ ਨੂੰ ਸਹਿਗਲ ਨੇ ਅਦਾਲਤ ਦੇ ਹੁਕਮਾਂ 'ਤੇ ਪੁਲਸ ਜਾਂਚ ਜੁਆਇਨ ਕੀਤੀ।
11 ਦਸੰਬਰ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਸੁਲਕਸ਼ਣਾ ਅਤੇ ਉਸ ਦੇ ਭਾਣਜੇ ਸਨੀ ਨੂੰ ਅਦਾਲਤ ਤੋਂ ਬੇਲ ਮਿਲ ਗਈ ਪਰ 17 ਦਸੰਬਰ ਨੂੰ ਸਾਬਕਾ ਮੇਅਰ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਜਦੋਂ ਹਾਈ ਕੋਰਟ ਨੇ ਸਖਤ ਟਿੱਪਣੀ ਕਰਦੇ ਹੋਏ ਕਿਹਾ ਕਿ ਸਾਬਕਾ ਮੇਅਰ ਦਾ ਆਚਰਨ ਅਜਿਹਾ ਹੈ, ਜਿਵੇਂ ਉਹ ਇਲਾਕੇ ਦਾ ਦਾਦਾ ਹੋਵੇ। ਬਾਅਦ 'ਚ ਅਦਾਲਤ ਨੇ ਸੁਰੇਸ਼ ਸਹਿਗਲ ਦੀ ਬੇਲ ਨੂੰ ਰਿਜੈਕਟ ਕਰ ਦਿੱਤਾ। ਹਾਈ ਕੋਰਟ ਨੇ ਬੇਲ ਰਿਜੈਕਟ ਹੋਣ ਤੋਂ ਬਾਅਦ ਸੁਰੇਸ਼ ਸਹਿਗਲ ਨੇ ਸੁਪਰੀਮ ਕੋਰਟ ਦੀ ਸ਼ਰਨ ਲਈ ਜਿਸ ਕਾਰਨ ਸ਼ੁੱਕਰਵਾਰ ਨੂੰ ਫੈਸਲਾ ਸੁਣਾਉਂਦੇ ਹੀ ਸੁਪਰੀਮ ਕੋਰਟ ਨੇ ਸੁਰੇਸ਼ ਸਹਿਗਲ ਨੂੰ ਇਕ ਹਫਦੇ ਦੇ ਅੰਦਰ ਅਦਾਲਤ 'ਚ ਆਤਮਸਮਰਪਣ ਕਰਨ ਅਤੇ ਉਸੇ ਦਿਨ ਰੈਗੂਲਰ ਬੇਲ ਅਪਲਾਈ ਕਰਨ ਦਾ ਹੁਕਮ ਦਿੱਤਾ ਸੀ।
ਸੁਪਰੀਮ ਕੋਰਟ ਦੇ ਇਸ ਹੁਕਮ ਤੋਂ ਬਾਅਦ ਸੁਰੇਸ਼ ਸਹਿਗਲ ਨੇ ਬੁੱਧਵਾਰ ਨੂੰ ਆਪਣੇ ਵਕੀਲਾਂ ਰਾਹੀਂ ਟਰਾਇਲ ਕੋਰਟ ਵਿਚ ਆਤਮਸਮਰਪਣ ਕਰ ਦਿੱਤਾ, ਜਿੱਥੇ ਸਹਿਗਲ ਦੇ ਵਕੀਲਾਂ ਨੇ ਪੂਰਾ ਤਰਕ ਦਿੱਤਾ ਪਰ ਸਹਿਗਲ ਖਿਲਾਫ ਬਣੀ ਸੀ. ਡੀ. ਉਨ੍ਹਾਂ ਦੇ ਖਿਲਾਫ ਗਈ। ਦੋਵੇਂ ਪੱਖਾਂ ਦੀ ਦਲੀਲ ਸੁਣਨ ਤੋਂ ਬਾਅਦ ਟਰਾਇਲ ਕੋਰਟ ਨੇ ਸੁਰੇਸ਼ ਸਹਿਗਲ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਅਤੇ ਉਨ੍ਹਾਂ ਨੂੰ 14 ਦਿਨ ਲਈ ਜੇਲ ਭੇਜਣ ਦਾ ਹੁਕਮ ਦਿੱਤਾ।
ਆਏ ਮਰਸਡੀਜ਼ 'ਚ ਅਤੇ ਗਏ ਪੁਲਸ ਕਮਿਸ਼ਨਰ ਦੀ ਗੱਡੀ 'ਚ
ਸਾਬਕਾ ਮੇਅਰ ਸੁਰੇਸ਼ ਸਹਿਗਲ ਆਪਣੀ ਰੈਗੂਲਰ ਬੇਲ ਨੂੰ ਲੈ ਕੇ ਬੇਹੱਦ ਆਸਵੰਦ ਸਨ ਤਾਂ ਹੀ ਤਾਂ ਉਹ ਘਰ ਤੋਂ ਮਰਸਡੀਜ਼ ਗੱਡੀ 'ਚ ਅਦਾਲਤ 'ਚ ਆਤਮਸਮਰਪਣ ਕਰਨ ਆਏ ਸਨ ਪਰ ਅਦਾਲਤ ਨੇ ਜਦੋਂ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਤਾਂ ਉਨ੍ਹਾਂ ਨੂੰ ਪੁਲਸ ਕਮਿਸ਼ਨਰੇਟ ਦੀ ਗੱਡੀ ਵਿਚ ਜੇਲ ਜਾਣਾ ਪਿਆ।
ਮੈਂ ਜਨਤਾ ਦੀ ਲੜਾਈ ਲੜੀ, ਮੈਨੂੰ ਕੋਈ ਅਫਸੋਸ ਨਹੀਂ : ਸੁਰੇਸ਼ ਸਹਿਗਲ
ਅਦਾਲਤ ਪਹੁੰਚੇ ਸੁਰੇਸ਼ ਸਹਿਗਲ ਨੇ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ 'ਤੇ ਪੂਰਾ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਜਨਤਾ ਦੀ ਲੜਾਈ ਲੜੀ ਹੈ ਅਤੇ ਇਹ ਲੜਾਈ ਵੀ ਜਨਤਾ ਦੇ ਹਿੱਤ 'ਚ ਹੀ ਸੀ। ਨਗਰ ਨਿਗਮ 'ਚ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਅਤੇ ਮੈਂ ਇਸ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਰੱਖਾਂਗਾ। ਮੈਂ ਮੇਅਰ ਰਹਿੰਦੇ ਹੋਏ ਵੀ ਜਨਤਾ ਦੀ ਲੜਾਈ ਲੜੀ ਅਤੇ ਅੱਗੋਂ ਵੀ ਇਹ ਲੜਾਈ ਜਾਰੀ ਰਹੇਗੀ।ਮਮੈਂ ਜੋ ਕੁਝ ਵੀ ਕੀਤਾ, ਉਸ ਦਾ ਮੈਨੂੰ ਕੋਈ ਪਛਤਾਵਾ ਨਹੀਂ।