ਔਰਤ ਵੱਲੋਂ ''ਕਿੱਸ'' ਕੀਤੇ ਜਾਣ ''ਤੇ ਬੋਲੇ ਸੰਨੀ ਦਿਓਲ
Thursday, May 09, 2019 - 05:08 PM (IST)
ਗੁਰਦਾਸਪੁਰ (ਵਿਨੋਦ) : ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦੇ ਬਟਾਲਾ 'ਚ ਹੋਏ ਰੋਡ ਸ਼ੋਅ 'ਚ ਇਕ ਔਰਤ ਵੱਲੋਂ ਸੰਨੀ ਦਿਓਲ ਨੂੰ 'ਕਿੱਸ' ਕੀਤੇ ਜਾਣ ਦਾ ਮਾਮਲਾ ਬਹੁਤ ਹੀ ਚਰਚਾ 'ਚ ਆ ਗਿਆ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਕੀਤਾ ਜਾ ਰਿਹਾ ਹੈ। ਉਥੇ ਹੀ ਇਸ ਮਾਮਲੇ 'ਤੇ ਸੰਨੀ ਦਿਓਲ ਨੇ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਗੁਰਦਾਸਪੁਰ ਹਲਕੇ 'ਚ ਉਸ ਨੂੰ ਚਾਹੁਣ ਵਾਲੇ ਉਸ ਦੇ ਬਹੁਤ ਜ਼ਿਆਦਾ ਭਰਾ-ਭੈਣ ਹਨ। ਜਦ ਕਿਸੇ ਭੈਣ ਨੇ ਉਸ ਨੂੰ ਭਰਾ ਸਮਝ ਕੇ 'ਕਿੱਸ' ਕਰ ਲਈ ਹੈ ਤਾਂ ਉਸ 'ਚ ਕੀ ਬੁਰਾਈ ਹੈ? ਸੰਨੀ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਇਸ ਗੱਲ ਨੂੰ ਨੋਟਿਸ ਤੱਕ ਨਹੀਂ ਕੀਤਾ। ਦੂਜੇ ਪਾਸੇ ਮੇਰੇ ਲੱਖਾਂ ਭਰਾ-ਭੈਣ ਹਨ, ਜੋ ਮੇਰੇ ਪ੍ਰਸ਼ੰਸਕ ਹਨ। ਕਲਾਕਾਰਾਂ ਦੇ ਨਾਲ ਅਜਿਹੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਹਨ। ਇਹ ਲੋਕਾਂ ਦਾ ਪਿਆਰ ਅਤੇ ਆਸ਼ੀਰਵਾਦ ਹੈ, ਜੋ ਸਾਨੂੰ ਮਿਲਦੇ ਰਹਿਣਾ ਚਾਹੀਦਾ ਹੈ।
ਕੀ ਹੈ ਮਾਮਲਾ
ਬੀਤੇ ਦਿਨੀਂ ਭਾਜਪਾ ਉਮੀਦਵਾਰ ਸੰਨੀ ਦਿਓਲ ਦਾ ਰੋਡ ਸ਼ੋਅ ਬਟਾਲਾ ਸ਼ਹਿਰ 'ਚ ਸੀ, ਜਿਵੇਂ ਹੀ ਇਹ ਰੋਡ ਸ਼ੋਅ ਬਟਾਲਾ ਸ਼ਹਿਰ ਦੇ ਬਾਹਰੀ ਇਲਾਕੇ ਤੋਂ ਸ਼ੁਰੂ ਹੋ ਕੇ ਗਾਂਧੀ ਕੈਂਪ ਦੇ ਕੋਲ ਪੁੱਜਿਆ ਤਾਂ ਇਕ ਔਰਤ ਅਚਾਨਕ ਬਹੁਤ ਹੀ ਤੇਜ਼ੀ ਨਾਲ ਉਸ ਟਰੱਕ ਦੇ ਅੱਗੇ ਤੋਂ ਚੜ੍ਹ ਗਈ ਅਤੇ ਉਸ ਔਰਤ ਨੇ ਸੰਨੀ ਦਿਓਲ ਨੂੰ 'ਕਿੱਸ' ਕਰ ਦਿੱਤੀ। ਇਹ ਸਭ ਕੁਝ ਅਚਾਨਕ ਅਤੇ ਬਹੁਤ ਤੇਜ਼ੀ ਨਾਲ ਹੋਇਆ ਕਿ ਸਾਰੇ ਹੈਰਾਨ ਰਹਿ ਗਏ। ਉਸ ਦੇ ਬਾਅਦ ਔਰਤ ਖੁਦ ਹੀ ਟਰੱਕ ਤੋਂ ਹੇਠਾਂ ਉਤਰ ਗਈ ਅਤੇ ਸੰਨੀ ਦਿਓਲ ਨੇ ਵੀ ਇਸ ਗੱਲ ਦਾ ਬੁਰਾ ਨਹੀਂ ਮੰਨਿਆ।