ਸੁਨੀਲ ਜਾਖੜ ਦੀ CM ਚੰਨੀ-ਸਿੱਧੂ ਜੋੜੀ ਨੂੰ ਨਸੀਹਤ, ਪੰਜਾਬ ਕਾਂਗਰਸ ਦੇ ਭਵਿੱਖ ਲਈ ਹੋਣ ਇਕਜੁੱਟ
Saturday, Dec 18, 2021 - 04:49 PM (IST)
ਜਲੰਧਰ (ਸੁਨੀਲ ਧਵਨ)–ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ 2017 ਤੋਂ ਲੈ ਕੇ 2021 ਤੱਕ ਪ੍ਰਧਾਨ ਰਹੇ ਸੁਨੀਲ ਜਾਖੜ ਨੂੰ ਕਾਂਗਰਸ ਲੀਡਰਸ਼ਿਪ ਨੇ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਹੈ। 2012 ਤੋਂ 2017 ਤੱਕ ਉਹ ਪੰਜਾਬ ’ਚ ਵਿਧਾਨ ਸਭਾ ਦੇ ਅੰਦਰ ਵਿਰੋਧੀ ਨੇਤਾ ਦੀ ਭੂਮਿਕਾ ਵੀ ਨਿਭਾਅ ਚੁੱਕੇ ਹਨ। ਲੋਕ ਸਭਾ ਸਪੀਕਰ ਸਵ. ਬਲਰਾਮ ਜਾਖੜ ਦੇ ਪੁੱਤਰ ਸੁਨੀਲ ਜਾਖੜ ਦੀ ਪੰਜਾਬ ਵਿਧਾਨ ਸਭਾ ਚੋਣਾਂ ’ਚ ਅਹਿਮ ਭੂਮਿਕਾ ਰਹਿਣੀ ਹੈ। ਹਿੰਦੂਆਂ ਦੀ ਅਗਵਾਈ ਕਰਨ ਕਾਰਨ ਹਿੰਦੂ ਭਾਈਚਾਰਾ ਜਾਖੜ ਵੱਲ ਵੇਖ ਰਿਹਾ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ’ਚ ਕਾਂਗਰਸ ਦੀ ਸਿਆਸਤ ਨੂੰ ਲੈ ਕੇ ਅੱਜ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ, ਜਿਸ ਦੇ ਪ੍ਰਮੁੱਖ ਅੰਸ਼ ਹੇਠ ਲਿਖੇ ਹਨ :
ਪ੍ਰ : ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ ਅਤੇ ਤੁਹਾਨੂੰ ਕਾਂਗਰਸ ਨੂੰ ਲੈ ਕੇ ਕੀ ਸੰਭਾਵਨਾਵਾਂ ਵਿਖਾਈ ਦੇ ਰਹੀਆਂ ਹਨ?
ਉ : ਵਿਧਾਨ ਸਭਾ ਚੋਣਾਂ ’ਚ ਕਾਂਗਰਸ ਬਹੁਮਤ ਹਾਸਲ ਕਰਕੇ ਆਪਣੀ ਮੁੜ ਤੋਂ ਸਰਕਾਰ ਬਣਾਏਗੀ।
ਪ੍ਰ : ਕਾਂਗਰਸ ਦੇ ਦਾਅਵਿਆਂ ਦੇ ਬਾਵਜੂਦ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਪਸੀ ਮਤਭੇਦ ਕਿਸੇ ਤੋਂ ਲੁਕੇ ਹੋਏ ਨਹੀਂ ਹਨ?
ਉ : ਮੈਂ ਤਾਂ ਸਿਰਫ਼ ਇੰਨਾ ਹੀ ਕਹਾਂਗਾ ਕਿ ਪੰਜਾਬ ਅਤੇ ਕਾਂਗਰਸ ਦੇ ਵੱਡੇ ਹਿੱਤਾਂ ਨੂੰ ਵੇਖਦੇ ਹੋਏ ਦੋਵੇਂ ਨੇਤਾਵਾਂ ਨੂੰ ਆਪਸੀ ਮਤਭੇਦਾਂ ਨੂੰ ਭੁਲਾਉਣਾ ਹੋਵੇਗਾ। ਜੇ 31 ਕਿਸਾਨ ਨੇਤਾ ਇਕੱਠੇ ਹੋ ਸਕਦੇ ਹਨ ਤਾਂ ਫਿਰ ਕਾਂਗਰਸ ਦੇ 2 ਨੇਤਾ ਇਕੱਠੇ ਕਿਉਂ ਨਹੀਂ ਹੋ ਸਕਦੇ? ਕਿਸਾਨਾਂ ਦੇ ਵੱਡੇ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਨੇਤਾਵਾਂ ਨੇ ਆਪਸੀ ਮਤਭੇਦਾਂ ਦੇ ਬਾਵਜੂਦ ਇਕੱਠੇ ਹੋ ਕੇ ਅੰਦੋਲਨ ਕੀਤਾ ਅਤੇ ਜਿੱਤ ਹਾਸਲ ਕੀਤੀ। ਹੁਣ ਅਜਿਹਾ ਹੀ ਕਾਂਗਰਸ ਦੇ ਦੋਵੇਂ ਨੇਤਾਵਾਂ ਨੂੰ ਕਰਨਾ ਹੋਵੇਗਾ।
ਪ੍ਰ : ਆਮ ਤੌਰ ’ਤੇ ਵੇਖਿਆ ਹੈ ਕਿ ਚੰਨੀ ਅਤੇ ਸਿੱਧੂ ਵੱਲੋਂ ਵੱਖ-ਵੱਖ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਲੋਕਾਂ ਦੇ ਅੰਦਰ ਇਕਜੁੱਟਤਾ ਦਾ ਸੰਦੇਸ਼ ਨਹੀਂ ਜਾ ਰਿਹਾ ਹੈ।
ਉ : ਮੇਰਾ ਇਹੀ ਮੰਨਣਾ ਹੈ ਕਿ ਸਾਨੂੰ ਆਪਸੀ ਇਕਜੁੱਟਤਾ ਵਿਖਾਉਣੀ ਹੋਵੇਗੀ। ਮੇਰੇ ਕਈ ਮਾਮਲਿਆਂ ’ਚ ਮਤਭੇਦ ਸਨ ਪਰ ਕਾਂਗਰਸ ਅਤੇ ਪੰਜਾਬ ਦੇ ਵੱਡੇ ਹਿੱਤਾਂ ਨੂੰ ਵੇਖਦੇ ਹੋਏ ਮੈਂ ਵੀ ਕਾਂਗਰਸ ਦੀਆਂ ਰੈਲੀਆਂ ’ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਲੋਕਾਂ ਦੇ ਅੰਦਰ ਇਹ ਸੰਦੇਸ਼ ਜਾਵੇ ਕਿ ਪਾਰਟੀ ਇਕਜੁੱਟ ਹੈ। ਸਾਨੂੰ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ ਅਤੇ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਮਜ਼ਬੂਤੀ ਦੇਣ ਲਈ ਪੰਜਾਬ ’ਚ ਕਾਂਗਰਸ ਨੂੰ ਜਿਤਾਉਣਾ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਦਾ ਵੱਡਾ ਐਲਾਨ, ਜਲੰਧਰ 'ਚ ਬਣੇਗਾ ਸਪੋਰਟਸ ਹੱਬ
ਪ੍ਰ : ਇਹ ਵੇਖਿਆ ਜਾ ਰਿਹਾ ਹੈ ਕਿ ਸਿੱਧੂ ਅਤੇ ਚੰਨੀ ਦਰਮਿਆਨ ਆਪਸੀ ਮੁਕਾਬਲੇਬਾਜ਼ੀ ਚੱਲ ਰਹੀ ਹੈ।
ਉ : ਮੇਰੀ ਇਹੀ ਕੋਸ਼ਿਸ਼ ਰਹੇਗੀ ਕਿ ਦੋਵੇਂ ਨੇਤਾਵਾਂ ਨੂੰ ਇਕਜੁੱਟ ਕੀਤਾ ਜਾਵੇ। 2022 ਦੇ ਮਿਸ਼ਨ ਨੂੰ ਅਸੀਂ ਪੂਰਾ ਕਰਨਾ ਹੈ ਅਤੇ ਪੰਜਾਬ ਦੇ ਲੋਕ ਵੀ ਕਾਂਗਰਸ ਤੋਂ ਇਹੀ ਉਮੀਦ ਰੱਖਦੇ ਹਨ।
ਪ੍ਰ : ਆਮ ਆਦਮੀ ਪਾਰਟੀ ਦੇ ਪੱਖ ’ਚ ਜ਼ਿਆਦਾਤਰ ਚੋਣ ਸਰਵੇ ਆ ਰਹੇ ਹਨ?
ਉ : ਇਹ ਸਹੀ ਹੈ ਕਿ ਹੁਣ ਤੱਕ ਚੋਣ ਸਰਵੇਖਣ ਆਮ ਆਦਮੀ ਪਾਰਟੀ ਦੇ ਪੱਖ ’ਚ ਆਏ ਹਨ ਪਰ ਇਸ ਦੇ ਬਾਵਜੂਦ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦਾ ਗੁਬਾਰਾ ਛੇਤੀ ਫਟ ਜਾਵੇਗਾ। ਜਿਵੇਂ ਹੀ ਆਮ ਆਦਮੀ ਪਾਰਟੀ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰੇਗੀ, ਉਸ ਤੋਂ ਬਾਅਦ ਇਹ ਪਾਰਟੀ 2017 ਵਾਂਗ ਮੁੜ ਖਿੰਡ ਜਾਵੇਗੀ।
ਪ੍ਰ : ਕੇਜਰੀਵਾਲ ਵਾਰ-ਵਾਰ ਪੰਜਾਬ ਦੇ ਦੌਰੇ ਕਰ ਰਹੇ ਹਨ?
ਉ : ਕੇਜਰੀਵਾਲ ਜਿੰਨੇ ਮਰਜ਼ੀ ਦੌਰੇ ਕਰ ਲੈਣ, ਉਸ ਨਾਲ ਕੁਝ ਵੀ ਹੋਣ ਵਾਲਾ ਨਹੀਂ ਹੈ। ਦਿੱਲੀ ਦਾ ਤਾਂ ਉਹ ਕੁਝ ਸੰਵਾਰ ਨਹੀਂ ਸਕੇ, ਹੁਣ ਪੰਜਾਬ ਦਾ ਕੀ ਸੰਵਾਰਨਗੇ। ਪੰਜਾਬ ਦੇ ਲੋਕਾਂ ਨੇ 2 ਵਾਰ ਆਮ ਆਦਮੀ ਪਾਰਟੀ ਨੂੰ ਤਾਕਤ ਦੇਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਵਾਰ ਉਹ ਇਸ ’ਚ ਅਸਫ਼ਲ ਹੋਈ। 2014 ’ਚ ਲੋਕਾਂ ਨੇ ਆਮ ਆਦਮੀ ਪਾਰਟੀ ਦੇ 4 ਸੰਸਦ ਮੈਂਬਰਾਂ ਨੂੰ ਜਿਤਾ ਕੇ ਭੇਜਿਆ ਸੀ। 2017 ’ਚ ਵੀ ਉਸ ਨੂੰ ਵਿਰੋਧੀ ਨੇਤਾ ਦਾ ਅਹੁਦਾ ਮਿਲਿਆ। ਇਸ ਦੇ ਬਾਵਜੂਦ ਉਹ ਆਪਣੇ-ਆਪ ਨੂੰ ਇਕਜੁੱਟ ਨਹੀਂ ਰੱਖ ਸਕੀ।
ਪ੍ਰ : ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਨੂੰ ਲੈ ਕੇ ਤੁਸੀਂ ਕੀ ਕਹੋਗੇ?
ਉ : 100 ਸਾਲ ਪੁਰਾਣੀ ਪਾਰਟੀ ਅਕਾਲੀ ਦਲ ਨੇ ਪੰਜਾਬ ’ਚ ਸੱਤਾ ’ਚ ਆਉਣ ਤੋਂ ਬਾਅਦ ਜੀ ਭਰ ਕੇ ਲੁੱਟਿਆ ਪਰ ਅਕਾਲੀਆਂ ਦੇ ਦਾਮਨ ’ਚੋਂ ਹੁਣ ਵੀ ਚਿੱਟੇ ਦੀ ਬਦਬੂ ਆ ਰਹੀ ਹੈ।
ਪ੍ਰ : ਬਸਪਾ ਨਾਲ ਗਠਜੋੜ ਕਰਨ ਦਾ ਕੀ ਉਸ ਨੂੰ ਫਾਇਦਾ ਮਿਲੇਗਾ?
ਉ : ਮੈਨੂੰ ਨਹੀਂ ਲੱਗਦਾ ਕਿ ਇਸ ਦਾ ਅਕਾਲੀ ਦਲ ਨੂੰ ਕੋਈ ਲਾਭ ਮਿਲੇਗਾ। ਕਾਂਗਰਸ ਦੀ ਵਿਚਾਰਧਾਰਾ ਜਾਤ-ਪਾਤ ਦੀ ਸਿਆਸਤ ਕਰਨ ਦੀ ਨਹੀਂ ਰਹੀ ਹੈ ਸਗੋਂ ਉਸ ਨੇ ਹਮੇਸ਼ਾ ਸਾਰੇ ਧਰਮਾਂ ਅਤੇ ਜਾਤੀਆਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਹੈ। ਕਾਂਗਰਸ ਦੀ ਵਿਚਾਰਧਾਰਾ ਨਾਲ ਕਿਸੇ ਨੂੰ ਵੀ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਕਾਂਗਰਸ ਦਾ ਰੂਪ ਧਰਮਨਿਰਪੱਖਤਾ ਵਾਲਾ ਰਹੇਗਾ। ਦੇਸ਼ ’ਚ ਪਹਿਲਾਂ ਹੀ ਟੀ. ਐੱਮ. ਸੀ., ਭਾਜਪਾ ਅਤੇ ਹੋਰ ਪਾਰਟੀਆਂ ਪਾਰਟੀਬਾਜ਼ੀ ਦੀ ਸਿਆਸਤ ਕਰ ਰਹੀਆਂ ਹਨ, ਉਸ ਤੋਂ ਪੰਜਾਬ ਨੂੰ ਬਚਾਉਣਾ ਹੈ। ਜਾਤ-ਪਾਤ ਦਾ ਕਾਂਗਰਸ ’ਚ ਕੋਈ ਸਥਾਨ ਨਹੀਂ ਹੈ।
ਇਹ ਵੀ ਪੜ੍ਹੋ: ਸੁਨੀਲ ਜਾਖੜ ਨੇ 'ਆਪ' 'ਤੇ ਚੁੱਕੇ ਸਵਾਲ, ਕਿਹਾ-ਕੇਜਰੀਵਾਲ ਪੰਜਾਬੀਆਂ ਨੂੰ ਬੇਵਕੂਫ਼ ਨਾ ਸਮਝਣ
ਡਰੱਗਜ਼ ਅਤੇ ਧਾਰਮਿਕ ਬੇਅਦਬੀ ਦੇ ਮਾਮਲੇ ਹੱਲ ਕਰਨੇ ਹੀ ਪੈਣਗੇ
ਸੁਨੀਲ ਜਾਖੜ ਦਾ ਮੰਨਣਾ ਹੈ ਕਿ ਕਾਂਗਰਸ ਸਰਕਾਰ ਨੂੰ ਡਰੱਗਜ਼ ਅਤੇ ਧਾਰਮਿਕ ਬੇਅਦਬੀ ਦੇ ਮਾਮਲਿਆਂ ਨੂੰ ਹੱਲ ਕਰਨਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਮੁੱਦੇ ਅੱਜ ਵੀ ਜੀਵਤ ਹਨ। ਜਾਖੜ ਨੇ ਕਿਹਾ ਕਿ ਲੋਕਾਂ ਦਾ ਵਿਸ਼ਵਾਸ ਕਾਂਗਰਸ ਤੋਂ ਡਗਮਗਾਉਣਾ ਨਹੀਂ ਚਾਹੀਦਾ। ਪੁਲਸ ਫੋਰਸ ਨੂੰ ਵੀ ਸੰਭਾਲਣ ਦੀ ਲੋੜ ਹੈ। ਕਦੀ ਅਸਥਾਨਾ ਦਾ ਪੱਤਰ ਲੀਕ ਹੋ ਜਾਂਦਾ ਹੈ ਅਤੇ ਕਦੀ ਡੀ. ਜੀ. ਪੀ. ਨੂੰ ਬਦਲ ਦਿੱਤਾ ਜਾਂਦਾ ਹੈ। ਇਸ ਨਾਲ ਲੋਕਾਂ ਦੇ ਭਰੋਸੇ ਨੂੰ ਠੇਸ ਪਹੁੰਚਦੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕਾਂਗਰਸ ਸਰਕਾਰ ਡਰੱਗਜ਼ ਅਤੇ ਧਾਰਮਿਕ ਬੇਅਦਬੀ ਦੇ ਮਾਮਲਿਆਂ ਨੂੰ ਛੇਤੀ ਹੱਲ ਕਰਨ ਦੀ ਦਿਸ਼ਾ ’ਚ ਅੱਗੇ ਵਧੇਗੀ।
ਮੈਰਿਟ ਦੇ ਆਧਾਰ ’ਤੇ ਹੀ ਕਾਂਗਰਸੀਆਂ ਨੂੰ ਮਿਲਣਗੀਆਂ ਟਿਕਟਾਂ
ਜਾਖੜ ਨੇ ਕਿਹਾ ਕਿ ਪੰਜਾਬ ਵਿਧਾਨ ਦੀਆਂ ਚੋਣਾਂ ’ਚ ਕਾਂਗਰਸੀਆਂ ਨੂੰ ਮੈਰਿਟ ਦੇ ਆਧਾਰ ’ਤੇ ਹੀ ਟਿਕਟਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਭਾਵੇਂ ਆਪਣੇ-ਆਪਣੇ ਪੱਧਰ ’ਤੇ ਕਈ ਨੇਤਾਵਾਂ ਨੇ ਸੰਭਾਵਿਤ ਉਮੀਦਵਾਰਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਹੋਈਆਂ ਹਨ ਪਰ ਅੰਤਿਮ ਫ਼ੈਸਲਾ ਤਾਂ ਕੇਂਦਰੀ ਚੋਣ ਕਮੇਟੀ ’ਚ ਹੋਵੇਗਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀਆਂ ਨਜ਼ਰਾਂ ਵੀ ਪੰਜਾਬ ’ਚ ਕਾਂਗਰਸੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਟਿਕਟਾਂ ਵੱਲ ਟਿਕੀਆਂ ਹੋਈਆਂ ਹਨ ਅਤੇ ਅੰਤਿਮ ਫ਼ੈਸਲਾ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੱਲੋਂ ਮਿਲ ਕੇ ਲਿਆ ਜਾਵੇਗਾ। ਸਕ੍ਰੀਨਿੰਗ ਕਮੇਟੀ ਉਮੀਦਵਾਰਾਂ ਦੇ ਪੈਨਲ ਬਣਾ ਕੇ ਕੇਂਦਰੀ ਚੋਣ ਕਮੇਟੀ ਨੂੰ ਭੇਜ ਦੇਵੇਗੀ ਅਤੇ ਉੱਥੇ ਅੰਤਿਮ ਫ਼ੈਸਲਾ ਹੋਵੇਗਾ।
ਇਹ ਵੀ ਪੜ੍ਹੋ: ਟਾਂਡਾ 'ਚ ਗਰਜੇ ਸੁਖਬੀਰ ਸਿੰਘ ਬਾਦਲ, ਪੰਜਾਬ ਸਰਕਾਰ ਸਣੇ ਅਰਵਿੰਦ ਕੇਜਰੀਵਾਲ 'ਤੇ ਸਾਧੇ ਤਿੱਖੇ ਨਿਸ਼ਾਨੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ