NRC ਮੁੱਦੇ 'ਤੇ ਆਪਣਾ ਰੁੱਖ ਸਪੱਸ਼ਟ ਕਰਨ ਪੀ.ਐਮ. ਮੋਦੀ : ਜਾਖੜ

12/23/2019 11:11:17 PM

ਚੰਡੀਗੜ੍ਹ/ ਗੁਰਦਾਸਪੁਰ,(ਅਸ਼ਵਨੀ, ਹਰਮਨਪ੍ਰੀਤ, ਵਿਨੋਦ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਵਾਸੀਆਂ ਨੂੰ ਬੰਦੀ ਬਣਾ ਕੇ ਰੱਖਣ ਲਈ ਸਥਾਪਿਤ ਕੀਤੇ ਜਾਣ ਵਾਲੇ ਡਿਟੈਂਸ਼ਨ ਸੈਂਟਰਾਂ ਅਤੇ ਕੌਮੀ ਨਾਗਰਿਕਤਾ ਰਜਿਸਟਰ ਸਬੰਧੀ ਆਪਣੀ ਸਰਕਾਰ ਦਾ ਰੁੱਖ ਸੱਪਸ਼ਟ ਕਰਨ ਦੀ ਵੰਗਾਰ ਪਾਈ ਹੈ। ਅੱਜ ਇਥੋਂ ਜਾਰੀ ਬਿਆਨ 'ਚ ਜਾਖੜ ਨੇ ਪ੍ਰਧਾਨ ਮੰਤਰੀ ਵਲੋਂ ਬੀਤੇ ਦਿਨੀਂ ਦਿੱਲੀ ਦੇ ਰਾਮਲੀਲਾ ਮੈਦਾਨ ਤੋਂ ਆਪਣੇ ਅਹੁਦੇ ਦੀ ਮਰਿਆਦਾ ਭੰਗ ਕਰਦਿਆਂ ਦਿੱਤੇ ਗੈਰ ਜ਼ਿੰਮੇਵਾਰਾਨਾ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਦੇਸ਼ 'ਚ ਧਰਮ ਦੇ ਨਾਂ 'ਤੇ ਵੰਡੀਆਂ ਪਾ ਰਹੀ ਹੈ। ਪ੍ਰਧਾਨ ਮੰਤਰੀ ਦੇ ਬੀਤੇ ਕੱਲ ਦੇ ਉਸ ਬਿਆਨ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਡਿਟੈਂਸ਼ਨ ਸੈਂਟਰ ਸਥਾਪਿਤ ਕਰਨ ਦਾ ਸਰਕਾਰ ਦਾ ਕੋਈ ਵਿਚਾਰ ਹੀ ਨਹੀਂ ਹੈ, ਦਾ ਜ਼ਿਕਰ ਕਰਦਿਆਂ ਜਾਖੜ ਨੇ ਸਰਕਾਰ ਵਲੋਂ ਰਾਜ ਸਭਾ 'ਚ ਦਿੱਤੇ ਜਵਾਬ ਦੀ ਕਾਪੀ ਮੀਡੀਆ ਨਾਲ ਸਾਂਝੀ ਕੀਤੀ। ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਕਥਨ ਦੇ ਉਲਟ ਰਾਜ ਸਭਾ 'ਚ 24 ਜੁਲਾਈ 2019 ਨੂੰ ਇਕ ਸਵਾਲ ਦੇ ਜਵਾਬ 'ਚ ਕੇਂਦਰ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਦੱਸਿਆ ਸੀ ਕਿ ਭਾਰਤ ਸਰਕਾਰ ਨੇ 9 ਜਨਵਰੀ, 2019 ਨੂੰ ਹੀ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਚਿੱਠੀ ਲਿਖ ਕੇ ਮਾਡਲ ਡਿਟੈਸ਼ਨ ਸੈਂਟਰ ਮੈਨੂਅਲ ਦਾ ਖਰੜਾ ਭੇਜਿਆ ਸੀ, ਜਿਸ 'ਚ ਪ੍ਰਵਾਸੀ ਲੋਕਾਂ ਨੂੰ ਬੰਦੀ ਬਣਾ ਕੇ ਰੱਖਣ ਅਤੇ ਉਥੇ ਕੀਤੇ ਜਾਣ ਵਾਲੇ ਹੋਰ ਇੰਤਜ਼ਾਮਾਂ ਬਾਰੇ ਦੱਸਿਆ ਗਿਆ ਸੀ।

ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਬਿਆਨ ਅਤੇ ਉਨ੍ਹਾਂ ਦੇ ਮੰਤਰੀ ਵਲੋਂ ਸੰਸਦ 'ਚ ਦਿੱਤੇ ਬਿਆਨ ਆਪਾ ਵਿਰੋਧੀ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਦਾ ਬਿਆਨ ਸਹੀ ਹੈ ਤਾਂ ਉਹ ਆਪਣੇ ਮੰਤਰੀ ਨੂੰ ਹਟਾਉਣ, ਜਿਸ ਨੇ ਸੰਸਦ 'ਚ ਗੁੰਮਰਾਹਕੁੰਨ ਬਿਆਨ ਦਿੱਤਾ ਅਤੇ ਜੇਕਰ ਮੰਤਰੀ ਦਾ ਬਿਆਨ ਸਹੀ ਹੈ ਤਾਂ ਪ੍ਰਧਾਨ ਮੰਤਰੀ ਦੇਸ਼ ਕੋਲੋਂ ਮੁਆਫੀ ਮੰਗਣ। ਜਾਖੜ ਨੇ ਮੋਦੀ ਸਰਕਾਰ ਦੇ ਇਨ੍ਹਾਂ ਦਾਅਵਿਆਂ ਲਈ ਵੀ ਉਸ ਨੂੰ ਕਰੜੇ ਹੱਥੀ ਲਿਆ ਜਿਸ ਤਹਿਤ ਸਰਕਾਰ ਦਾਅਵਾ ਕਰ ਰਹੀ ਹੈ ਕਿ ਕੌਮੀ ਨਾਗਰਿਕਤਾ ਰਜਿਸਟਰ 'ਤੇ ਕਦੇ ਕੋਈ ਵਿਚਾਰ ਨਹੀਂ ਹੋਇਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਆਪਣੀ ਪਾਰਟੀ ਦਾ ਚੋਣ ਮਨੋਰਥ ਪੱਤਰ ਦੇਖਣ ਦੀ ਸਲਾਹ ਦਿੱਤੀ, ਜਿਸ ਦੇ ਨੁਕਤਾ ਨੰਬਰ 7 'ਤੇ ਪਾਰਟੀ ਨੇ ਸਪੱਸ਼ਟ ਕਿਹਾ ਹੈ ਕਿ ਉਹ ਕੌਮੀ ਨਾਗਰਿਕਤਾ ਰਜਿਸਟਰ ਲਾਗੂ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਐੱਨ.ਆਰ.ਸੀ. ਖਿਲਾਫ ਅਵਾਜ਼ ਬੁਲੰਦ ਕੀਤੀ ਸੀ ਅਤੇ ਇਸੇ ਕਾਰਣ ਕੇਂਦਰ ਸਰਕਾਰ ਪੰਜਾਬ ਦੇ 6000 ਕਰੋੜ ਰੁਪਏ ਨਾਜਾਇਜ਼ ਤੌਰ 'ਤੇ ਰੋਕੀ ਬੈਠੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਸ ਤਰ੍ਹਾਂ ਦਾ ਵਿਵਹਾਰ ਦੇਸ਼ ਦੇ ਸੰਘੀ ਢਾਂਚੇ ਦੇ ਉਲਟ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੇ ਸੰਵਿਧਾਨ ਨਾਲ ਛੇੜਛਾੜ ਦੇ ਕੇਂਦਰ ਸਰਕਾਰ ਦੇ ਇਰਾਦਿਆਂ ਨੂੰ ਕਦੇ ਸਫਲ ਨਹੀਂ ਹੋਣ ਦੇਵੇਗੀ।


Related News