ਜਾਖੜ ਦੀਆਂ ਅਕਾਲੀ ਦਲ ਨੂੰ ਖਰੀਆਂ-ਖਰੀਆਂ
Sunday, Feb 23, 2020 - 06:24 PM (IST)
ਜਲੰਧਰ/ਚੰਡੀਗੜ੍ਹ (ਧਵਨ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂ ਪਿਛਲੇ ਕੁਝ ਸਮੇਂ ਤੋਂ ਬਜਟ ਇਜਲਾਸ ਦੀ ਮਿਆਦ ਵਧਾਉਣ ਬਾਰੇ ਤੜਪ ਰਹੇ ਸਨ ਪਰ ਹੁਣ ਅਕਾਲੀ ਦਲ ਦੇ ਲੀਡਰਾਂ ਵਲੋਂ ਬਜਟ ਇਜਲਾਸ ਦੇ ਬਾਈਕਾਟ ਦਾ ਫ਼ੈਸਲਾ ਉਨ੍ਹਾਂ ਦੇ ਦੋਹਰੇ ਚੇਹਰੇ ਨੂੰ ਬੇਨਕਾਬ ਕਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿਛਲੇ ਤਿੰਨ ਸਾਲਾਂ ਦੌਰਾਨ ਲਏ ਗਏ ਲੋਕ-ਪੱਖੀ ਫ਼ੈਸਲਿਆਂ ਕਾਰਨ ਹੁਣ ਅਕਾਲੀ ਦਲ ਕੋਲ ਕੋਈ ਠੋਸ ਮੁੱਦਾ ਨਹੀਂ ਰਹਿ ਗਿਆ ਹੈ ਜਿਸ ਕਾਰਨ ਉਹ ਹੁਣ ਇਜਲਾਸ ਦੇ ਬਾਈਕਾਟ ਅਤੇ ਵਿਰੋਧ ਮੁਜ਼ਾਹਰੇ ਕਰਨ ਦਾ ਐਲਾਨ ਕਰ ਰਹੇ ਹਨ ।
ਬਿਜਲੀ ਦਰਾਂ 'ਚ ਵਾਧੇ ਅਤੇ ਬਿਜਲੀ ਪਲਾਂਟਾਂ ਬਾਰੇ ਅਕਾਲੀ ਦਲ ਅਤੇ ਹੋਰਨਾਂ ਰਾਜਸੀ ਵਿਰੋਧੀਆਂ ਦੀਆਂ ਅਲੋਚਨਾਵਾਂ ਦਾ ਜਵਾਬ ਦਿੰਦੇ ਹੋਏ ਜਾਖੜ ਨੇ ਕਿਹਾ ਕਿ ਇਹ ਕੰਡੇ ਅਕਾਲੀਆਂ ਅਤੇ ਭਾਜਪਾਈਆਂ ਦੀ ਸਰਕਾਰ ਨੇ ਬੀਜੇ ਸਨ । ਜੇਕਰ ਅੱਜ ਪੰਜਾਬ 'ਚ ਲੋਕਾਂ ਨੂੰ ਬਿਜਲੀ ਮਹਿੰਗੀ ਮਿਲ ਰਹੀ ਹੈ ਤਾਂ ਉਸ ਲਈ ਸਾਬਕਾ ਅਕਾਲੀ-ਭਾਜਪਾ ਸਰਕਾਰ ਵੱਲੋਂ ਬਿਜਲੀ ਕੰਪਨੀਆਂ ਨਾਲ ਕੀਤੇ ਗਏ ਸਮਝੌਤੇ ਜ਼ਿੰਮੇਵਾਰ ਹਨ ਜਿਸ ਤਹਿਤ ਬਿਜਲੀ ਪਲਾਂਟ ਕੰਪਨੀਆਂ ਨਾਲ ਮਹਿੰਗੀ ਦਰਾਂ 'ਤੇ ਬਿਜਲੀ ਖ਼ਰੀਦਣਾ ਤੈਅ ਹੋਇਆ ਸੀ। ਕਾਂਗਰਸ ਪ੍ਰਧਾਨ ਨੇ ਪੰਜਾਬ ਸਰਕਾਰ 'ਤੇ ਜ਼ੋਰ ਦਿੱਤਾ ਕਿ ਉਹ ਛੇਤੀ ਤੋਂ ਛੇਤੀ ਇਨ੍ਹਾਂ ਬਿਜਲੀ ਸਮਝੌਤਿਆਂ ਬਾਰੇ ਵਾਈਟ ਪੇਪਰ ਜਾਰੀ ਕਰੇ ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ। ਕਿਸਾਨਾਂ ਦੀ ਗੱਲ ਕਰਦੇ ਹੋਏ, ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਚਿੱਟੀ ਮੱਖੀ ਨੇ ਪੂਰੇ ਮਾਲਵਾ ਇਲਾਕੇ 'ਚ ਕਪਾਹ ਦੀ ਫ਼ਸਲ 'ਤੇ ਹਮਲਾ ਕੀਤਾ ਸੀ ਤਾਂ ਅਕਾਲੀਆਂ ਨੇ ਕਿਸਾਨਾਂ ਦਾ ਬਚਾਅ ਕਰਨ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ ਸੀ। ਅਕਾਲੀ ਸਰਕਾਰ ਨੇ ਉਸ ਸਮੇਂ ਪਹਿਲਾਂ ਤਾਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਕਹੀ ਸੀ ਪਰ ਬਾਅਦ 'ਚ ਉਹ ਇਸ ਤੋਂ ਵੀ ਮੁਕਰ ਗਈ ਜਿਸ ਕਾਰਨ ਕਿਸਾਨਾਂ 'ਤੇ ਕਰਜ਼ੇ ਦਾ ਬੋਝ ਲਗਾਤਾਰ ਵਧਦਾ ਗਿਆ । ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਪਾਕਿਸਤਾਨ ਤੋਂ ਆਏ ਟਿੱਡੀ ਦਲ ਨੇ ਸਰਹੱਦੀ ਇਲਾਕਿਆਂ 'ਤੇ ਹਮਲਾ ਬੋਲਿਆ ਸੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਆਉਂਦੇ ਹੋਏ ਰਾਤੋ-ਰਾਤ ਟਿੱਡੀ ਦਲ 'ਤੇ ਕੀੜੇ ਮਾਰ ਅਤੇ ਹੋਰਨਾਂ ਦਵਾਈਆਂ ਦਾ ਛਿੜਕਾਅ ਕਰਵਾਇਆ ਜਿਸ ਕਾਰਨ ਟਿੱਡੀ ਦਲ ਦੇ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ ।
ਪੰਜਾਬ ਕਾਂਗਰਸ ਦੇ ਜੱਥੇਬੰਦਕ ਢਾਂਚੇ ਦੇ ਪੁਨਰ ਗਠਨ ਬਾਰੇ ਜਾਖੜ ਨੇ ਕਿਹਾ ਕਿ ਹਾਈ ਕਮਾਨ ਤੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲਾਂ ਅਤੇ ਨਿਗਮਾਂ ਦੀ ਵਾਰਡਬੰਦੀ ਦਾ ਹੋਣਾ ਅਜੇ ਰਹਿੰਦਾ ਹੈ । ਉਨ੍ਹਾਂ ਦੀਆਂ ਚੋਣਾਂ ਮਾਰਚ 'ਚ ਹੋ ਜਾਣਗੀਆਂ ਅਤੇ ਮਾਰਚ ਦੇ ਅੰਤ ਤੱਕ ਪੰਜਾਬ ਕਾਂਗਰਸ ਦਾ ਪੁਨਰ ਗਠਨ ਕਰ ਦਿੱਤਾ ਕਰ ਦਿੱਤਾ ਜਾਵੇਗਾ । ਪਾਕਿਸਤਾਨ ਤੋਂ ਡਰੋਨਾਂ ਅਤੇ ਹੋਰਨਾਂ ਸਾਧਨਾਂ ਰਾਹੀ ਨਸ਼ਿਆਂ ਅਤੇ ਹਥਿਆਰਾਂ ਦੀ ਸਮਗਲਿੰਗ ਬਾਰੇ ਪੁੱਛੇ ਗਏ ਇਕ ਸਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਸੁਰੱਖਿਆ ਬਾਰੇ ਨਾ ਤਾਂ ਕੋਈ ਢਿੱਲ ਦਿੱਤੀ ਜਾ ਸਕਦੀ ਹੈ ਅਤੇ ਨਾ ਹੀ ਕੋਈ ਸਮਝੌਤਾ ਕੀਤਾ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁਜਰਮਾਨਾਂ ਗਰੋਹ ਸਾਬਕਾ ਅਕਾਲੀ-ਭਾਜਪਾ ਸਰਕਾਰ ਦੀ ਦੇਣ ਸਨ ਜਿਨ੍ਹਾਂ ਦਾ ਮੌਜੂਦਾ ਸਰਕਾਰ ਨੇ ਕਾਫ਼ੀ ਹੱਦ ਤੱਕ ਸਫ਼ਾਇਆ ਕਰ ਦਿੱਤਾ ਹੈ ।