ਪੰਜਾਬ ਦੇ ਚੋਣ ਮੈਦਾਨ ''ਚ ਸਰਗਰਮ ਹੋਏ ''ਸੁਨੀਲ ਜਾਖੜ'', ਚੋਣ ਮੁਹਿੰਮ ਦੀ ਕਮਾਨ ਸੰਭਾਲੀ
Friday, Feb 11, 2022 - 09:58 AM (IST)
ਜਲੰਧਰ/ਚੰਡੀਗੜ੍ਹ (ਧਵਨ) : ਪੰਜਾਬ ਕਾਂਗਰਸ ਕੰਪੇਨ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਇਕ ਵਾਰ ਫਿਰ ਤੋਂ ਪੰਜਾਬ ਦੇ ਚੋਣ ਮੈਦਾਨ ’ਚ ਸਰਗਰਮ ਹੋ ਗਏ ਹਨ। ਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਵੱਖ-ਵੱਖ ਵਿਧਾਨ ਸਭਾ ਹਲਕਿਆਂ ’ਚ ਚੋਣ ਪ੍ਰਚਾਰ ’ਚ ਹਿੱਸਾ ਲਿਆ। ਲੁਧਿਆਣਾ ’ਚ ਰਾਹੁਲ ਗਾਂਧੀ ਦੀ ਵਰਚੁਅਲ ਰੈਲੀ ਤੋਂ ਬਾਅਦ ਇਹ ਖ਼ਬਰਾਂ ਆਈਆਂ ਸਨ ਕਿ ਜਾਖੜ ਨੇ ਸਰਗਰਮ ਸਿਆਸਤ ਤੋਂ ਸੰਨਿਆਸ ਲੈ ਲਿਆ ਹੈ। ਜਾਖੜ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਿਰਫ ਇਹ ਕਿਹਾ ਸੀ ਕਿ ਉਹ ਖ਼ੁਦ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਲੜ ਰਹੇ ਹਨ।
ਇਹ ਵੀ ਪੜ੍ਹੋ : ਫਗਵਾੜਾ 'ਚ ਵੱਡੀ ਵਾਰਦਾਤ, ਸੰਘਣੀ ਆਬਾਦੀ ਵਾਲੇ ਇਲਾਕੇ 'ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਪੰਜਾਬ ’ਚ ਕਾਂਗਰਸ ਦੇ ਪੱਖ ’ਚ ਚੋਣ ਪ੍ਰਚਾਰ ਨਹੀਂ ਕਰਨਗੇ। ਜਾਖੜ ਨੇ ਜਿੱਥੇ ਚੋਣ ਪ੍ਰਚਾਰ ਕਾਰਜਾਂ ’ਚ ਹਿੱਸਾ ਲਿਆ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਨੇ ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਕਰਨ ਅਤੇ ਉਸ ਤੋਂ ਬਾਅਦ ਕਾਂਗਰਸ ਉਮੀਦਵਾਰਾਂ ਦੇ ਪੱਖ ’ਚ ਚੋਣ ਪ੍ਰਚਾਰ ਕਰਨ ਦਾ ਵੀ ਫ਼ੈਸਲਾ ਲਿਆ ਹੈ। ਇਸ ਤਰ੍ਹਾਂ ਜਾਖੜ ਨੇ ਚੋਣ ਮੁਹਿੰਮ ਦੀ ਕਮਾਨ ਇਕ ਵਾਰ ਫਿਰ ਤੋਂ ਸੰਭਾਲ ਲਈ ਹੈ ਅਤੇ ਆਪਣੇ ਸਮਰਥਕਾਂ ਦੇ ਵਿਧਾਨ ਸਭਾ ਹਲਕਿਆਂ ’ਚ ਉਹ ਪ੍ਰਚਾਰ ਲਈ ਜਾ ਰਹੇ ਹਨ। ਜਾਖੜ, ਜੋ ਕਿ ਹਿੰਦੂ ਹਨ, ਨੂੰ ਸ਼ਹਿਰੀ ਇਲਾਕਿਆਂ ’ਚ ਬੁਲਾਉਣ ਦੀ ਮੰਗ ਕਈ ਕਾਂਗਰਸੀ ਉਮੀਦਵਾਰਾਂ ਵੱਲੋਂ ਆ ਰਹੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਅਜੀਬੋ-ਗਰੀਬ ਮਾਮਲਾ ਆਇਆ ਸਾਹਮਣੇ, ਸੁਖਨਾ ਝੀਲ 'ਤੇ 'ਊਠਾਂ' ਦਾ ਕੱਟਿਆ ਚਲਾਨ
ਜਾਖੜ ਨੇ ਉਨ੍ਹਾਂ ਸਾਰੀਆਂ ਸੰਭਾਵਨਾਵਾਂ ਨੂੰ ਰੱਦ ਕਰ ਦਿੱਤਾ ਹੈ, ਜਿਨ੍ਹਾਂ ਦੇ ਤਹਿਤ ਇਹ ਕਿਆਸ ਲਾਏ ਜਾ ਰਹੇ ਸਨ ਕਿ ਉਹ ਚੁੱਪ ਹੋ ਕੇ ਘਰ ਬੈਠ ਜਾਣਗੇ, ਭਾਵ ਉਹ ਕਾਂਗਰਸ ਸਿਆਸਤ ’ਚ ਸਰਗਰਮ ਨਹੀਂ ਰਹਿਣਗੇ ਪਰ ਉਨ੍ਹਾਂ ਦੇ ਫਿਰ ਤੋਂ ਸਰਗਰਮ ਹੋਣ ਨਾਲ ਇਨ੍ਹਾਂ ਸਾਰੀਆਂ ਸੰਭਾਵਨਾਵਾਂ ’ਤੇ ਵਿਰਾਮ ਲੱਗ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਲੀਡਰਸ਼ਿਪ ਵੀ ਜਾਖੜ ਦੇ ਨਾਲ ਤਾਲਮੇਲ ਬਣਾ ਕੇ ਚੱਲ ਰਹੀ ਹੈ ਅਤੇ ਕਈ ਮੁੱਦਿਆਂ ’ਤੇ ਉਨ੍ਹਾਂ ਨਾਲ ਸਲਾਹ-ਮਸ਼ਵਰਾ ਵੀ ਕੀਤਾ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ