ਬਿਨਾ ਲੜਾਈ ਦੇ ਸੁਰੱਖਿਆ ਯਕੀਨੀ ਬਣਾਉਣ ਵਾਲੀ ਸਮਰੱਥ ਸਰਕਾਰ ਦੀ ਦੇਸ਼ ਨੂੰ ਲੋੜ : ਜਾਖੜ

05/13/2019 7:00:26 PM

ਗੁਰਦਾਸਪੁਰ,(ਵਿਨੋਦ) : ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਸਾਬਕਾ ਫੌਜੀਆਂ ਦੇ ਇਕ ਜਲਸੇ ਸਮੇਤ ਵੱਖ-ਵੱਖ ਚੋਣ ਬੈਠਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਹੈ ਕਿ ਦੇਸ਼ ਨੂੰ ਇਕ ਮਜ਼ਬੂਤ ਤੇ ਸਮਰੱਥ ਸਰਕਾਰ ਦੀ ਲੋੜ ਹੈ, ਜੋ ਬਿਨਾਂ ਲੜਾਈ ਤੋਂ ਹੀ ਦੇਸ਼ ਦੀ ਸੁਰੱਖਿਆ ਯਕੀਨੀ ਬਣਾ ਸਕਣ ਦੇ ਸਮਰੱਥ ਹੋਵੇ, ਜੋ ਕਿ ਕਾਂਗਰਸ ਦੀ ਸਰਕਾਰ ਹੈ। ਉਨ੍ਹਾਂ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਕਿ ਕਸ਼ਮੀਰ 'ਚ ਹੋਏ ਆਤੰਕੀ ਹਮਲੇ ਲਈ ਕਿਸ ਦੀ ਜਿੰਮੇਵਾਰੀ ਤੈਅ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਇਸ ਹਮਲੇ ਨੂੰ ਰੋਕਣ 'ਚ ਆਪਣੀ ਨਾਕਾਮੀ ਦੀ ਜਿੰਮੇਵਾਰੀ ਤੋਂ ਭੱਜ ਨਹੀਂ ਸਕਦੇ। 
ਜਾਖੜ ਨੇ ਕਿਹਾ ਕਿ ਅਸੀਂ ਕਈ ਦਹਾਕੇ ਪਹਿਲਾਂ ਪ੍ਰਮਾਣੂ ਸ਼ਕਤੀ ਬਣ ਗਏ ਸੀ ਪਰ ਕਦੇ ਵੀ ਕਿਸੇ ਪ੍ਰਧਾਨ ਮੰਤਰੀ ਨੇ ਪ੍ਰਮਾਣੂ ਹਥਿਆਰ ਵਰਤਨ ਦੀਆਂ ਬਚਕਾਨੀਆਂ ਗੱਲਾਂ ਨਹੀਂ ਕੀਤੀਆਂ ਸਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਪ੍ਰਮਾਣੂ ਹਥਿਆਰਾਂ ਦੀਆਂ ਧਮਕੀਆਂ ਦੇ ਕੇ ਦੇਸ਼ ਦੀ ਅੰਤਰਰਾਸ਼ਟਰੀ ਮੰਚ 'ਤੇ ਸ਼ਾਖ ਨੂੰ ਵੱਟਾ ਲਗਾਇਆ ਹੈ। ਪ੍ਰਧਾਨ ਮੰਤਰੀ ਨੋਟਬੰਦੀ, ਜੀ. ਐਸ. ਟੀ, ਬੇਰੁਜਗਾਰੀ, ਗਰੀਬੀ ਤੇ ਕਿਸਾਨਾਂ ਦੇ ਮੁੱਦਿਆਂ ਤੋਂ ਧਿਆਨ ਭਟਕਾਉਣÎ ਲਈ ਗੁਆਂਢੀ ਮੁਲਕਾਂ ਨਾਲ ਤਣਾਅ ਪੈਦਾ ਕਰ ਰਹੇ ਹਨ। ਜਿਸ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਵਰਗੇ ਸਰਹੱਦੀ ਸੂਬਿਆਂ ਨੂੰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਚਾਹੀਦਾ ਹੈ, ਕਿਸਾਨ ਨੂੰ ਆਮਦਨ ਚਾਹੀਦੀ ਹੈ, ਗਰੀਬ ਨੂੰ ਅੰਨ ਚਾਹੀਦਾ ਹੈ ਪਰ ਪ੍ਰਧਾਨ ਮੰਤਰੀ ਪ੍ਰਮਾਣੂ ਬੰਬਾਂ ਦੀਆਂ ਗੱਲਾਂ ਕਰਕੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਨਾਕਾਮ ਕੋਸ਼ਿਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸਲ 'ਚ ਕਿਸਾਨਾਂ ਦੀ ਆਮਦਨ ਵਧਣ ਦੀ ਬਜਾਏ ਮੋਦੀ ਸਰਕਾਰ ਸਮੇਂ ਘੱਟ ਗਈ ਹੈ ਕਿਉਂਕਿ ਇਸ ਨੇ ਖੇਤੀ ਇਨਪੁੱਟਸ ਦੀਆਂ ਵਸਤਾਂ 'ਤੇ ਵੀ ਜੀ. ਐਸ. ਟੀ. ਲਗਾ ਦਿੱਤੀ ਹੈ। 

ਮੋਦੀ ਨੇ ਪ੍ਰਧਾਨ ਮੰਤਰੀ ਬਣਨ ਸਮੇਂ ਗਰੀਬੀ ਦੇ ਨਾਮ 'ਤੇ ਵੋਟਾਂ ਲਈਆਂ ਸਨ ਪਰ ਸੱਤਾ 'ਚ ਆਉਂਦਿਆਂ ਹੀ ਭਾਜਪਾ ਨੇ ਗਰੀਬ ਵਿਸਾਰ ਦਿੱਤੇ ਤੇ ਭਾਜਪਾਲ ਦੀ ਸਾਰੀ ਸਰਕਾਰ ਪੂੰਜੀਪਤੀਆਂ ਦੇ ਪੱਖ ਪੂਰਨ 'ਤੇ ਲੱਗੀ ਰਹੀ। ਪੰਜਾਬ ਸਰਕਾਰ ਵਲੋਂ ਕੀਤੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਜਾਖੜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਪਹਿਲਾਂ ਇਕ ਫੌਜੀ ਹਨ ਅਤੇ ਉਨ੍ਹਾਂ ਦੀ ਸਰਕਾਰ ਵਲੋਂ ਸਾਬਕਾ ਫੌਜੀਆਂ ਦੀ ਬੇਹਤਰੀ ਲਈ ਹਰ ਸੰਭਵ ਯਤਨ ਕੀਤਾ ਗਿਆ ਹੈ। ਖੁਸਹਾਲੀ ਦੇ ਰਖਵਾਲਿਆਂ ਰਾਹੀਂ ਸਾਬਕਾ ਫੌਜੀਆਂ ਨੂੰ ਸਰਕਾਰੀ ਕੰਮਕਾਜ ਦੀ ਨਜਰਸਾਨੀ ਲਈ ਚੁਣਿਆ ਹੈ ਕਿਉਂਕਿ ਸਾਨੂੰ ਮਾਣ ਹੈ ਆਪਣੇ ਸਾਬਕਾ ਫੌਜੀਆਂ 'ਤੇ। ਪੰਜਾਬ ਸਰਕਾਰ ਵਲੋਂ ਫੌਜ 'ਚ ਭਰਤੀ ਲਈ ਬੱਚਿਆਂ ਨੂੰ ਸਿਖਲਾਈ ਦੇਣ ਲਈ ਵੀ ਪ੍ਰਬੰਧ ਕੀਤੇ ਹਨ। 
ਇਸ ਮੌਕੇ ਜਾਖੜ ਨੇ ਹਲਕਾ ਗੁਰਦਾਸਪੁਰ 'ਚ ਪਿੱਛਲੇ ਕਾਰਜਕਾਲ ਦੌਰਾਨ ਕਰਵਾਏ ਕੰਮ ਵੀ ਲੋਕਾਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਰਿਕਾਰਡ ਸਮੇਂ 'ਚ 1200 ਕਰੋੜ ਰੁਪਏ ਦੀ ਲਾਗਤ ਨਾਲ ਪੈਪਸੀ ਦੀ ਫੈਕਟਰੀ ਲਗਵਾਈ ਹੈ, ਜਿਸ ਨਾਲ 5000 ਲੋਕਾਂ ਨੂੰ ਰੋਜਗਾਰ ਮਿਲੇਗਾ। ਉਨ੍ਹਾਂ ਦਾ ਏਂਜਡਾ ਹੈ ਕਿ ਇਲਾਕੇ ਵਿਚ ਹੋਰ ਫੈਕਟਰੀਆਂ ਲਗਵਾਈਆਂ ਜਾਣ। ਉਨ੍ਹਾਂ ਕਿਹਾ ਕਿ ਜੁਗਿਆਲ ਵਿਚ ਕੁੜੀਆਂ ਦਾ ਕਾਲਜ ਮੰਜੂਰ ਕਰਵਾ ਕੇ ਦਿੱਤਾ ਹੈ ਜਦ ਕਿ ਨਿਆੜੀ 'ਚ ਆਈ. ਟੀ. ਆਈ. ਮਨਜ਼ੂਰ ਕਰਵਾਇਆ ਹੈ ਅਤੇ ਇਸ ਲਈ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਹੀ ਸਾਰੀ ਕਾਰਵਾਈ ਮੁਕੰਮਲ ਕਰ ਲਈ ਗਈ ਹੈ।


Related News