ਜਾਖੜ ਨੇ ਸਾਂਤਮਈ ਵੋਟਿੰਗ ਲਈ ਵੋਟਰਾਂ ਦਾ ਕੀਤਾ ਧੰਨਵਾਦ
Monday, Oct 21, 2019 - 11:14 PM (IST)

ਚੰਡੀਗੜ੍ਹ,(ਭੁੱਲਰ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਰਾਜ ਦੀਆਂ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਅੱਜ ਹੋਈਆਂ ਉਪ ਚੋਣਾਂ ਸਾਂਤੀਪੂਰਨ ਤਰੀਕੇ ਨਾਲ ਨੇਪਰੇ ਚੜ੍ਹਨ 'ਤੇ ਇੰਨ੍ਹਾਂ ਹਲਕਿਆਂ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ। ਜਾਖੜ ਨੇ ਕਿਹਾ ਕਿ ਪੰਜਾਬ ਦੇ ਲੋਕ ਲੋਕਤੰਤਰ ਪ੍ਰਤੀ ਹਮੇਸ਼ਾ ਵਚਨਬੱਧਤਾ ਨਾਲ ਸਮਰਪਿਤ ਰਹਿੰਦੇ ਹਨ ਤੇ ਅੱਜ ਵੀ ਲੋਕਾਂ ਨੇ ਇਸੇ ਭਾਵਨਾ ਨਾਲ ਸਾਂਤਮਈ ਤਰੀਕੇ ਨਾਲ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ। ਉਨ੍ਹਾਂ ਨੇ ਚੋਣ ਪ੍ਰਚਾਰ ਸ਼ੁਰੂ ਹੋਣ ਤੋਂ ਲੈ ਕੇ ਮਤਦਾਨ ਪ੍ਰਕਿਰਿਆ ਤੱਕ ਭਾਈਚਾਰਾ ਬਣਾਈ ਰੱਖਣ ਲਈ ਸੂਬੇ ਦੇ ਲੋਕਾਂ ਦਾ ਸ਼ੁਕਰੀਆਂ ਅਦਾ ਕਰਦਿਆਂ ਕਿਹਾ ਕਿ ਸਾਡੀ ਇਸੇ ਤਰ੍ਹਾਂ ਦੀ ਸਾਰਥਕ ਪਹੁੰਚ ਨਾਲ ਲੋਕਤੰਤਰ ਹੋਰ ਮਜ਼ਬੂਤ ਹੁੰਦਾ ਹੈ ਤੇ ਇਹੀ ਸਾਡੇ ਦੇਸ਼ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।
ਜਾਖੜ ਨੇ ਕਿਹਾ ਕਿ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਨਾਲ ਕਾਂਗਰਸ ਪਾਰਟੀ ਦੀ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕੀਤੇ ਜਾ ਰਹੇ ਕਾਰਜਾਂ ਨਾਲ ਸਹਿਮਤ ਹਨ। ਇਸੇ ਲਈ ਉਨ੍ਹਾਂ ਨੇ ਵਧਚੜ੍ਹ ਕੇ ਮਤਦਾਨ ਕੀਤਾ ਹੈ ਤਾਂ ਜੋ ਇਹ ਚਾਰੋ ਸੀਟਾਂ ਕਾਂਗਰਸ ਨੂੰ ਜਿਤਾ ਕੇ ਉਹ ਆਪਣੇ ਮੁੱਖ ਮੰਤਰੀ ਦੇ ਹੱਥ ਹੋਰ ਮਜ਼ਬੂਤ ਕਰ ਸਕਣ। ਉਨ੍ਹਾਂ ਨੇ ਇਸ ਮੌਕੇ ਸਾਂਤਮਈ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਸਮੇਤ ਸਮੂਚੇ ਚੋਣ ਅਮਲੇ ਤੇ ਸੁਰੱਖਿਆ ਦਸਤਿਆਂ ਦਾ ਵੀ ਧੰਨਵਾਦ ਕੀਤਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੁਣ ਚੋਣ ਪ੍ਰਚਾਰ ਖਤਮ ਹੋ ਗਿਆ ਹੈ ਤੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਵਾਂਗ ਆਪਸ 'ਚ ਮਿਲ ਜੁਲ ਕੇ ਰਹਿਣ ਤਾਂ ਜੋ ਆਪਾਂ ਸਾਰੇ ਮਿਲ ਕੇ ਆਪਣੇ ਪੰਜਾਬ ਨੂੰ ਤਰੱਕੀ ਦੀਆਂ ਮੰਜਲਾਂ ਤੱਕ ਲੈ ਜਾ ਸਕੀਏ।