ਭਾਜਪਾ ਦਾ ਚਿਹਰਾ ਬੇਨਕਾਬ, ਲੋਕ ਸਬਕ ਸਿਖਾਉਣ ਲਈ ਉਤਾਵਲੇ : ਜਾਖੜ

Saturday, Jan 27, 2018 - 03:20 PM (IST)

ਭਾਜਪਾ ਦਾ ਚਿਹਰਾ ਬੇਨਕਾਬ, ਲੋਕ ਸਬਕ ਸਿਖਾਉਣ ਲਈ ਉਤਾਵਲੇ : ਜਾਖੜ

ਗੁਰਦਾਸਪੁਰ (ਦੀਪਕ) : ਸੂਬਾ ਕਾਂਗਰਸ ਪ੍ਰਧਾਨ ਅਤੇ ਸਾਂਸਦ ਸੁਨੀਲ ਜਾਖੜ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਦੇਸ਼ ਭਰ ਵਿਚ ਦੱਬੇ ਕੁਚਲੇ ਲੋਕਾਂ ਦੇ ਹਿੱਤਾਂ ਵਿਚ ਲੜਣ ਅਤੇ ਪਿੱਛੜੇ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਆਵਾਜ਼ ਬੁਲੰਦ ਕਰੇਗੀ। ਉਨ੍ਹਾਂ ਕਿਹਾ ਕਿ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਲੋਕ ਭਾਜਪਾ ਨੂੰ ਸਬਕ ਸਿਖਾਉਣ ਲਈ ਉਤਾਵਲੇ ਹਨ। ਜਾਖੜ ਨੇ ਗੁਰਦਾਸਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਹਿਦ ਲੈਣਾ ਚਾਹੀਦਾ ਹੈ ਕਿ ਅਸੀ ਦੇਸ਼ ਭਗਤਾਂ ਦੇ ਸੰਜੋਏ ਸੁਪਨਿਆਂ ਨੂੰ ਸਾਕਾਰ ਕਰੀਏ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਕਾਂਗਰਸ ਪਾਰਟੀ ਨੇ ਵੱਡਾ ਯੋਗਦਾਨ ਪਾਇਆ ਹੈ।
ਜਾਖੜ ਨੇ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਦਿੰਦਿਆਂ ਕਿਹਾ ਕਿ ਲੋਕ ਭਾਜਪਾ ਦੇ ਲੋਕ ਵਿਰੋਧੀ ਚਿਹਰੇ ਤੇ ਉਸਦੀ ਅਸਲੀਅਤ ਤੋਂ ਜਾਣੂੰ ਹੋ ਚੁੱਕੇ ਹਨ ਅਤੇ ਜਾਗਰੂਕ ਹੋ ਕੇ ਦੇਸ਼ ਦੇ ਹਿੱਤ ਵਿਚ ਵੱਡਾ ਬਦਲਾਅ ਕਰਨ ਦੇ ਰੋਂਅ ਵਿਚ ਹਨ। ਜਾਖੜ ਨੇ ਕਿਹਾ ਕਿ ਉਹ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਹੱਕਾਂ ਲਈ ਸੰਸਦ ਵਿਚ ਲੜਾਈ ਲੜ ਰਹੇ ਹਨ ਅਤੇ ਹਲਕੇ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਹ ਲਗਾਤਾਰ ਕੇਂਦਰੀ ਮੰਤਰੀਆਂ ਨਾਲ ਮਿਲ ਕੇ ਗੁਰਦਾਸਪੁਰ ਹਲਕੇ ਦੀਆਂ ਮੁਸ਼ਕਿਲਾਂ ਦੂਰ ਕਰਨ ਦਾ ਯਤਨ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਉਹ ਰੇਲਵੇ ਮੰਤਰੀ ਪਿਊਸ਼ ਗੋਇਲ ਨੂੰ ਮਿਲੇ ਸਨ ਤੇ ਗੁਰਦਾਸਪੁਰ ਅਤੇ ਪਠਾਨਕੋਟ ਦੀਆਂ ਰੇਲਵੇ ਨਾਲ ਸਬੰਧਤ ਮੁਸ਼ਕਿਲਾਂ ਦੇ ਨਾਲ-ਨਾਲ ਪੰਜਾਬ ਵਿਚ ਨਵੀਂਆਂ ਰੇਲ ਗੱਡੀਆਂ ਚਲਾਉਣ ਦੀ ਮੰਗ ਕੀਤੀ ਸੀ। ਗੁਰਦਾਸਪੁਰ ਦੇ ਤਿੱਬੜੀ ਰੋਡ ਤੇ ਰੇਲਵੇ ਦੀ ਕਰਾਸਿੰਗ ਐੱਸ.ਪੀ.ਐੱਲ. 52/ਈ. 3 ਤੇ ਅੰਡਰ ਬ੍ਰਿਜ ਬਣਾਉਣ ਤੇ ਸੁਜਾਨਪੁਰ ਦੇ ਰੇਲਵੇ ਕਰਾਸਿੰਗ ਅੱੈਸ.ਪੀ.ਐੱਲ/4/ਟੀ. 2 ਤੇ ਵੀ ਅੰਡਰ ਬ੍ਰਿਜ ਬਣਾਉਣ ਦੀ ਮੰਗ 'ਤੇ ਉਨਾਂ ਸਾਰਥਕ ਹੁੰਗਾਰਾ ਭਰਿਆ।
ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੀ ਸ਼ੂਗਰ ਮਿੱਲ ਦੀ ਕਪੈਸਟੀ ਵਧਾਉਣ ਲਈ ਉਹ ਯਤਨਸ਼ੀਲ ਹਨ ਅਤੇ ਬਜਟ ਵਿਚ ਇਸ ਮੰਗ ਨੂੰ ਸ਼ਾਮਿਲ ਕੀਤਾ ਜਾਵੇਗਾ। ਬਟਾਲਾ ਤੇ ਧਾਰੀਵਾਲ ਦੀ ਇੰਡਸਟਰੀ ਨੂੰ ਮੜ ਸੁਰਜੀਤ ਕਰਨ, ਡੇਰਾ ਬਾਬਾ ਨਾਨਕ ਵਿਖੇ ਧੁੱਸੀ ਬੰਨ ਦੀਆਂ ਮੁਸ਼ਕਿਲ ਤੇ ਪਠਾਨਕੋਟ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ। ਜਾਖੜ ਨੇ ਕਿਹਾ ਕਿ ਅੱਜ ਦੇ ਪਵਿੱਤਰ ਦਿਵਸ ਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਦੇਸ਼ ਤੇ ਸੂਬੇ ਦੇ ਵਿਕਾਸ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਵੋਟ ਵਿਕਾਸ ਦੇ ਹੱਕ ਵਿਚ ਵਰਤ ਕੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।


Related News