ਸੰਡੇ ਬਾਜ਼ਾਰ, ਲੱਖਾਂ ਦਾ ਹੁੰਦੈ ਵਪਾਰ, ਸਰਕਾਰੀ ਖਜ਼ਾਨੇ ਨੂੰ ਮਾਰ

08/20/2018 5:03:39 AM

 ਬਠਿੰਡਾ, (ਅਬਲੂ)- ਬਠਿੰਡਾ ਮਹਾਂਨਗਰ ਦੇ ਅਮਰੀਕ ਸਿੰਘ ਰੋਡ ’ਤੇ ਨਗਰ ਸੁਧਾਰ ਟਰੱਸਟ ਦੀ ਮਾਰਕੀਟ ਦੀਆਂ ਬਣੀਆਂ ਹੋਈਆਂ ਦੁਕਾਨਾਂ ਦੇ ਫੁੱਟਪਾਥ ਰੋਕ ਕੇ ਹਰ ਐਤਵਾਰ ਬਾਜ਼ਾਰ ਲਾਇਆ ਜਾਂਦਾ ਹੈ ਜੋ ਕਿ ਸੰਡੇ ਬਾਜ਼ਾਰ ਦੇ ਨਾਂ ’ਤੇ ਮਸ਼ਹੂਰ ਹੈ। ਇਸ ਬਾਜ਼ਾਰ ’ਚ ਤਕਰੀਬਨ ਚਾਰ ਜ਼ਿਲਿਆਂ ਤੋਂ ਵਪਾਰੀ ਆਕੇ ਅੱਡੇ ਲਾਉਂਦੇ ਹਨ ਅਤੇ ਲੱਖਾਂ ਦਾ ਵਪਾਰ ਕੀਤਾ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਲੱਖਾਂ ਦੇ ਵਪਾਰ ਦੀ ਕਿਸੇ ਪ੍ਰਸ਼ਾਸਨ ਜਾਂ ਇਨਕਮ ਟੈਕਸ ਵਿਭਾਗ ਨੂੰ ਕੋਈ ਜਾਣਕਾਰੀ ਨਹੀਂ ਹੈ। ਨਗਰ ਨਿਗਮ ਵੱਲੋਂ ਇਸ ਬਾਜ਼ਾਰ ਦੀ ਕੋਈ ਤਹਿਬਾਜ਼ਾਰੀ ਨਹੀਂ ਲਈ ਜਾਂਦੀ ਜਿਸ ਤੋਂ ਸਾਫ ਹੁੰਦਾ ਹੈ ਕਿ ਇਸ ਮਹਾਂ ਬਾਜ਼ਾਰ ਦੇ ਪਿੱਛੇ ਕੋਈ ਸਿਆਸੀ ਤਾਕਤ ਕੰਮ ਕਰ ਰਹੀ ਹੈ। ਇਸ ਬਾਜ਼ਾਰ ਦੇ ’ਚ 1500 ਦੇ ਕਰੀਬ ਅੱਡੇ ਲੱਗਦੇ ਹਨ ਅਤੇ ਇਕ ਪ੍ਰਾਈਵੇਟ ਆਦਮੀ ਵੱਲੋਂ 30 ਰੁਪਏ ਦੇ ਹਿਸਾਬ ਨਾਲ ਕਿਰਾਇਆ ਵਸੂਲਿਆ ਜਾਂਦਾ ਹੈ। ਜਿਸਦੇ ਵੱਲੋਂ ਅੱਡੇ ਵਾਲਿਆਂ ਨੂੰ ਇਕ ਟੇਬਲ ਦਿੱਤਾ ਜਾਂਦਾ ਹੈ। ਚਾਰ ਜ਼ਿਲਿਆਂ ਦੇ ਸ਼ਹਿਰਾਂ ਜਿਵੇਂ ਮੋਗਾ, ਬਾਘਾਪੁਰਾਣਾ, ਕੋਟਕਪੁਰਾ, ਜੈਤੋ, ਮਲੋਟ, ਅਬੋਹਰ, ਗਿੱਦਡ਼ਬਾਹਾ, ਮਾਨਸਾ, ਮੌਡ਼, ਰਾਮਾਂ, ਤਲਵੰਡੀ, ਰਾਮਪੁਰਾ, ਭਗਤਾ, ਬਾਜਾਖਾਨਾ, ਡੱਬਵਾਲੀ, ਸਰਦੂਲਗਡ਼੍ਹ ਅਤੇ ਰੋਹਤਕ ਤੋਂ ਲੋਕ ਆਕੇ ਆਪਣਾ ਵਪਾਰ ਕਰਦੇ ਹਨ।
 ਇਸ ਬਾਜ਼ਾਰ ’ਚ ਰੈਡੀਮੇਡ ਕੱਪਡ਼ਾ, ਬੂਟ-ਜੁਰਾਬਾਂ, ਸਟੀਲ ਬਰਤਨ, ਘਰੇਲੂ ਸਾਮਾਨ, ਬੱਚਿਆਂ ਦੇ ਖਿਡਾਉਣੇ, ਸ਼ਿੰਗਾਰ ਦਾ ਸਾਮਾਨ ਅਤੇ ਰਸੋਈ ਵਿੱਚ ਵਰਤਨ ਵਾਲੇ ਕੱਚ ਦੇ ਕੱਪ ਤੇ ਹੋਰ ਬਰਤਨ ਆਦਿ ਦੀ ਭਾਰੀ ਸੇਲ ਕੀਤੀ ਜਾਂਦੀ ਹੈ। ਰੋਹਤਕ ਤੋਂ ਆਏ ਇਕ ਵਪਾਰੀ ਸਲੀਮ ਖਾਨ ਨੇ ਦੱਸਿਆ ਕਿ ਉਹ ਦਿੱਲੀ ਤੋਂ ਬੂਟ ਅਤੇ ਚੱਪਲਾਂ ਲਿਆ ਕੇ ਇਸ ਬਾਜ਼ਾਰ ’ਚ ਵੇਚਦਾ ਹੈ ਅਤੇ ਉਸ ਨੂੰ ਤਕਰੀਬਨ 2000 ਹਜ਼ਾਰ ਤੋਂ 2500 ਤੱਕ ਦੀ ਕਮਾਈ ਹੋ ਜਾਂਦੀ ਹੈ ਜਦਕਿ ਉਸ ਨੂੰ ਹੋਰ ਕੋਈ ਖਰਚਾ ਨਹੀਂ ਪੈਂਦਾ। ਇਸੇ ਤਰ੍ਹਾਂ ਬਾਘਾਪੁਰਾਣੇ ਤੋਂ ਆਏ ਗੁਲਸ਼ਨ ਕੁਮਾਰ ਹੈਪੀ ਨੇ ਦੱਸਿਆ ਕਿ ਉਹ ਬੱਚਿਆਂ ਦੇ ਕੱਪਡ਼ੇ ਅਤੇ ਰੈਡੀਮੇਡ ਟੀ ਸ਼ਰਟਾਂ ਲਿਆਕੇ ਵੇਚਦਾ ਹੈ ਅਤੇ ਉਸ ਨੂੰ ਸਿਰਫ ਆਉਣ-ਜਾਣ ਦਾ ਹੀ 2000 ਰੁਪਏ ਖਰਚਾ  ਕਰਨਾ ਪੈਂਦਾ ਹੈ ਅਤੇ ਉਹ ਸਾਰੇ ਖਰਚੇ ਕੱਢ ਕੇ 3000 ਹਜ਼ਾਰ ਤੋਂ 4000 ਹਜ਼ਾਰ ਤੱਕ ਦੀ ਕਮਾਈ ਕਰ ਲੈਂਦਾ ਹੈ। ਸਭ ਤੋਂ ਵੱਧ ਪੈਂਟਾਂ ਤੇ ਸ਼ਰਟਾਂ ਵੇਚਣ ਵਾਲੇ ਸੁਰੇਸ਼ ਕੁਮਾਰ ਨੇ ਕਿਹਾ ਕਿ ਉਹ ਸਿਰਫ ਐਤਵਾਰ ਹੀ ਕੰਮ ਕਰਦੇ ਹਨ ਅਤੇ ਬਾਕੀ ਦਿਨ ਮਾਲ ਲਿਆਕੇ ਸਟਾਕ ਕਰਦੇ ਹਨ। ਉਹ ਦਿੱਲੀ ਅਤੇ ਬੰਬੇ ਤੋਂ ਮਾਲ ਲਿਆਉਂਦੇ ਹਨ ਅਤੇ ਇਥੇ ਆਕੇ ਉਸ ਦੀ ਸੇਲ ਕਰਦੇ ਹਨ। ਉਸ ਦੇ ਮੁਤਾਬਕ ਸ਼ਾਮ ਤੱਕ 5000 ਹਜ਼ਾਰ ਤੋਂ ਵੀ ਵੱਧ ਕਮਾਈ ਕਰ ਲੈਂਦਾ ਹੈ ਕਿਉਂਕਿ ਉਨ੍ਹਾਂ ਨੂੰ ਹੋਰ ਕੋਈ ਕਿਰਾਇਆ ਜਾਂ ਨੌਕਰਾਂ ਦਾ ਖਰਚਾ ਨਹੀਂ ਪੈਂਦਾ। ਜਿਸ ਕਰਕੇ ਉਹ ਮਾਲ ਸਸਤਾ ਵੇਚਦੇ ਹਨ ਅਤੇ ਗਾਹਕ ਸਸਤਾ ਮਾਲ ਲੈ ਕੇ ਖੁਸ਼ ਹੋ ਜਾਂਦਾ ਹੈ ਅਤੇ ਅਸੀਂ ਵੀ ਪੂਰੀ ਕਮਾਈ ਕਰ ਲੈਂਦੇ ਹਾਂ।
 
ਕੀ ਕਹਿੰਦੇ ਹਨ ਨਗਰ ਨਿਗਮ ਅਧਿਕਾਰੀ
 ਜਦੋਂ ਇਸ ਸਬੰਧ ’ਚ ਨਗਰ ਨਿਗਮ ਦੇ ਤਹਿਬਾਜ਼ਾਰੀ ਇੰਸਪੈਕਟਰ ਰਵਿੰਦਰ ਸਿੰਘ ਚੀਮਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਮੰਨਿਆਂ ਕਿ ਇਸ ਬਾਜ਼ਾਰ ਨਾਲ ਨਿਗਮ ਨੂੰ ਕਾਫੀ ਕਮਾਈ ਹੋ ਸਕਦੀ ਹੈ ਪਰ ਇਹ ਨਹੀਂ ਹੋ ਰਿਹਾ। ਨਿਗਮ ਦੇ ਵੱਲੋਂ ਪਿਛਲੇ ਸਾਲ ਪਰਚੀ ਕੱਟਣੀ ਸ਼ੁਰੂ ਕੀਤੀ ਸੀ ਕਿ ਲੋਕਾਂ ਰੌਲਾ ਪਾ ਲਿਆ। ਸਿਆਸੀਦਖਲ ਅੰਦਾਜੀ ਬਾਰੇ ਪੁੱਛੇ ਜਾਣ ’ਤੇ ਉਹ ਗੱਲ ਟਾਲ ਗਏ। ਉਨ੍ਹਾਂ ਕਿਹਾ ਕਿ ਜੇਕਰ ਇਹ ਲੋਕ ਨਗਰ ਨਿਗਮ ਨੂੰ ਬਣਦੀ ਤਹਿਬਾਜ਼ਾਰੀ ਦੇਣ ਤਾਂ ਨਿਗਮ ਇੰਨ੍ਹਾਂ ਨੂੰ ਢੁੱਕਵੀਂ ਜਗ੍ਹਾ ਦਾ ਪ੍ਰਬੰਧ ਕਰ ਕੇ ਦੇ ਸਕਦਾ ਹੈ।
ਕਿਹੜੇ ਨਿਯਮਾਂ ਦੀ ਹੁੰਦੀ ਹੈ ਉਲੰਘਣਾ 
r    ਪੰਜਾਬ ਸਰਕਾਰ ਵੱਲੋਂ ਪਲਾਸਟਿਕ ਦੇ ਲਿਫਾਫੇ ਬੰਦ ਹੋਣ ਦੇ ਬਾਵਜੂਦ ਇਥੇ ਧਡ਼ੱਲੇ ਨਾਲ ਹੁੰਦੀ ਹੈ ਵਿਕਰੀ।
r    ਰੋਜ਼ਾਨਾ ਦੀ ਲੱਖਾਂ ਦੀ ਵਿਕਰੀ ਦੇ ਆਮਦਨ ਟੈਕਸ ਚੋਰੀ ਦਾ ਸਰਕਾਰ ਨੂੰ ਲੱਗਦੈ ਚੂਨਾ।
r    ਨਗਰ ਨਿਗਮ ਨੂੰ ਨਹੀਂ ਦਿੱਤੀ ਜਾਂਦੀ ਤਹਿਬਾਜ਼ਾਰੀ।
r    ਪੁਲਸ ਕੋਲ ਬਾਹਰੋਂ ਆਏ ਇੰਨ੍ਹਾਂ ਵਪਾਰੀਆਂ ਦਾ ਕੋਈ ਰਿਕਾਰਡ ਨਹੀਂ ਹੈ।
r    ਮਾਲ ਨੂੰ ਵੇਚਣ ਲਈ ਕੋਈ ਮਨਜ਼ੂਰੀ ਨਹੀਂ ਲਈ ਜਾਂਦੀ ਜਿਸ ਕਰਕੇ ਚੋਰੀ ਦੇ ਸਾਮਾਨ ਨੂੰ ਵੀ ਵੇਚਿਆ ਜਾ ਸਕਦਾ ਹੈ।
r    ਕਾਫੀ ਸਾਰੇ ਅੱਡਿਆਂ ’ਤੇ ਬਾਲ ਮਜ਼ਦੂਰੀ ਕਰਵਾਈ ਜਾਂਦੀ ਹੈ।
r    ਸ਼ਰੇਆਮ ਸਡ਼ਕਾਂ ’ਤੇ ਖੱਡੇ ਮਾਰਕੇ ਟੈਂਟ ਦੀਆਂ ਪਾਈਪਾਂ ਲਾਈਆਂ ਜਾਂਦੀਆਂ ਹਨ।
r    ਸਡ਼ਕਾਂ  ’ਤੇ  ਹਰ ਐਤਵਾਰ ਗੰਦ ਪਾਇਆ ਜਾਂਦਾ ਹੈ ਅਤੇ ਸਫਾਈ ਨਹੀਂ ਕੀਤੀ ਜਾਂਦੀ।
r    ਘਟੀਆ ਕਿਸਮ ਦਾ ਜੂਸ ਅਤੇ ਖਾਧ ਪਦਾਰਥਾਂ ਦੀ ਵਿਕਰੀ ਕਰਕੇ ਲੋਕਾਂ ਸਿਹਤ ਨਾਲ ਖਿਲਵਾਡ਼ ਕੀਤਾ ਜਾਂਦਾ ਹੈ।
r    ਆਵਾਜਾਈ ’ਚ ਭਾਰੀ ਵਿਘਨ ਪੈਂਦਾ ਹੈ ਅਤੇ ਕਈ ਕਈ ਘੰਟੇ ਟ੍ਰੈਫਿਕ ਜਾਮ ਰਹਿੰਦਾ ਹੈ।


Related News