ਅੱਤਵਾਦੀਆਂ ਤੇ ਪੱਥਰਬਾਜ਼ਾਂ ਦੇ ਪਰਿਵਾਰਾਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ : ਸ਼ਾਹ

05/28/2024 10:18:40 AM

ਕੁਸ਼ੀਨਗਰ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਖ਼ਤ ਸੰਦੇਸ਼ ਦਿੰਦੇ ਹੋਏ ਕਿਹਾ ਹੈ ਕਿ ਜੰਮੂ-ਕਸ਼ਮੀਰ ’ਚ ਕਿਸੇ ਵੀ ਅੱਤਵਾਦੀ ਜਾਂ ਪੱਥਰਬਾਜ਼ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਨਹੀਂ ਮਿਲੇਗੀ। ਉਨ੍ਹਾਂ ਇਹ ਵੀ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਨਾ ਸਿਰਫ਼ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਸਗੋਂ ਅੱਤਵਾਦੀ ਢਾਂਚੇ ਨੂੰ ਵੀ ਤਬਾਹ ਕਰ ਦਿੱਤਾ ਜਿਸ ਕਾਰਨ ਦੇਸ਼ ’ਚ ਅੱਤਵਾਦੀ ਘਟਨਾਵਾਂ ’ਚ ਭਾਰੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ ਜੇ ਕੋਈ ਕਿਸੇ ਅੱਤਵਾਦੀ ਸੰਗਠਨ ਜਾਂ ਪੱਥਰਬਾਜ਼ੀ ’ਚ ਸ਼ਾਮਲ ਹੁੰਦਾ ਹੈ ਤਾਂ ਉਸ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕੋਈ ਸਰਕਾਰੀ ਨੌਕਰੀ ਨਹੀਂ ਮਿਲੇਗੀ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਹੈ ਕਿ 4 ਜੂਨ ਨੂੰ ਲੋਕ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਾਂਗਰਸ ਦੀ ਹਾਰ ਦਾ ਠੀਕਰਾ ਪਾਰਟੀ ਨੇਤਾਵਾਂ ਰਾਹੁਲ ਗਾਂਧੀ ਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਦੇ ਸਿਰ ਨਹੀਂ ਸਗੋਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ’ਤੇ ਭੱਜੇਗਾ। ਉਨ੍ਹਾਂ ਦੀ ਨੌਕਰੀ ਜਾਣ ਵਾਲੀ ਹੈ। ਕੁਸ਼ੀਨਗਰ ’ਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਹੱਕ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਦਾਅਵਾ ਕੀਤਾ ਕਿ ਇਨ੍ਹਾਂ ਚੋਣਾਂ ਤੋਂ ਬਾਅਦ ਵੀ ਨਰਿੰਦਰ ਮੋਦੀ ਹੀ ਪ੍ਰਧਾਨ ਮੰਤਰੀ ਬਣਨਗੇ ਅਤੇ ਕਾਂਗਰਸੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ. ਵੀ. ਐੱਮਜ਼.) ’ਤੇ ਹਾਰ ਦਾ ਦੋਸ਼ ਲਾਉਣਗੇ। 4 ਜੂਨ ਨੂੰ ਮੋਦੀ ਜੀ ਦੀ ਵਾਪਸੀ ਤੇ ਭਾਜਪਾ ਦੀ ਜਿੱਤ ਯਕੀਨੀ ਹੈ। ਲੋਕ ਖੁੱਦ ਹੀ ਇਹ ਵੇਖਣਗੇ ਕਿ 4 ਜੂਨ ਨੂੰ ਦੁਪਹਿਰ ਵੇਲੇ ਰਾਹੁਲ ਬਾਬਾ ਦੇ ਲੋਕ ਪ੍ਰੈਸ ਕਾਨਫਰੰਸ ਕਰਨਗੇ ਕਿ ਅਸੀਂ ਈ. ਵੀ. ਐਮ. ਕਾਰਨ ਹਾਰ ਗਏ। ਹਾਰ ਦਾ ਦੋਸ਼ ਭੈਣ-ਭਰਾ (ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ) ’ਤੇ ਨਹੀਂ ਲੱਗੇਗਾ। ਇਹ ਦੋਸ਼ ਖੜਗੇ ਸਾਹਿਬ ’ਤੇ ਲੱਗੇਗਾ ਤੇ ਉਨ੍ਹਾਂ ਨੂੰ ਨੌਕਰੀ ਤੋਂ ਹੱਥ ਧੋਣੇ ਪੈਣਗੇ। ਸ਼ਾਹ ਨੇ ਦਾਅਵਾ ਕੀਤਾ ਕਿ 6 ਪੜਾਵਾਂ ਦੀਆਂ ਚੋਣਾਂ ਖਤਮ ਹੋਣ ਪਿੱਛੋਂ ਮੇਰੇ ਕੋਲ 5 ਪੜਾਵਾਂ ਦੀ ਤਸਵੀਰ ਹੈ। ਮੋਦੀ ਜੀ ਨੇ 5 ਪੜਾਵਾਂ ’ਚ 310 ਸੀਟਾਂ ਜਿੱਤੀਆਂ ਹੋਈਆਂ ਹਨ। ਛੇਵਾਂ ਪੜਾਅ ਪੂਰਾ ਹੋ ਗਿਆ ਹੈ। ਹੁਣ ਸੱਤਵਾਂ ਹੋਣ ਵਾਲਾ ਹੈ। ਅਸੀਂ 400 ਨੂੰ ਪਾਰ ਕਰਨਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News