ਤਾਲਾਬੰਦੀ ਦੌਰਾਨ ਵੀ ਐਤਵਾਰ ਨੂੰ ਰੂਪਨਗਰ ''ਚ ਖੁੱਲ੍ਹੇ ਮਿਲੇ ਸ਼ਾਪਿੰਗ ਮਾਲ
Sunday, Jul 12, 2020 - 06:27 PM (IST)
ਰੂਪਨਗਰ (ਸੱਜਣ ਸੈਣੀ)— ਰੂਪਨਗਰ 'ਚ ਕੋਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਹਨ। ਇਥੋਂ ਤੱਕ ਕਿ ਰੂਪਨਗਰ ਦੇ ਐੱਸ. ਡੀ. ਐੱਮ. ਅਤੇ ਡਿਪਟੀ ਕਮਿਸ਼ਨਰ ਸਮੇਤ ਉਸ ਦੇ 6 ਪਰਿਵਾਰਕ ਮੈਂਬਰ ਵੀ ਕੋਰੋਨਾ ਦੀ ਚਪੇਟ 'ਚ ਆ ਚੁੱਕੇ ਹਨ। ਇਸ ਦੇ ਬਾਵਜੂਦ ਲੋਕਾਂ ਵੱਲੋਂ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਕੋਰੋਨਾ ਨੂੰ ਦਾਵਤ ਦਿੱਤੀ ਜਾ ਰਹੀ ਹੈ। ਸਰਕਾਰ ਦੇ ਹੁਕਮਾਂ ਦੇ ਉਲਟ ਐਤਵਾਰ ਨੂੰ ਰੂਪਨਗਰ 'ਚ ਚੱਲ ਰਹੇ ਸ਼ਾਪਿੰਗ ਮਾਲ ਖੋਲ੍ਹੇ ਗਏ।
ਜਦੋਂ ਇਨ੍ਹਾਂ ਖੋਲ੍ਹੇ ਗਏ ਸ਼ਾਪਿੰਗ ਮਾਲਾਂ ਦੀ ਇਕ ਦੁਕਾਨਦਾਰ ਵੱਲੋਂ ਸ਼ਿਕਾਇਤ ਕੀਤੀ ਗਈ, ਉਸ ਦੇ ਬਾਅਦ ਪੁਲਸ ਮੁਲਾਜ਼ਮਾਂ ਵੱਲੋਂ ਆ ਕੇ ਇਨ੍ਹਾਂ ਸ਼ਾਪਿੰਗ ਮਾਲਾਂ ਨੂੰ ਬੰਦ ਕਰਵਾਇਆ ਗਿਆ।ਮੌਕੇ 'ਤੇ ਮੌਜੂਦ ਸ਼ਿਕਾਇਤ ਕਰਤਾ ਰਾਜੇਸ਼ਵਰ ਜੈਨ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਸਰਕਾਰ ਵੱਲੋਂ ਬੰਦ ਕਰਵਾਈਆਂ ਗਈਆਂ ਹਨ ਜਦੋਂ ਕਿ ਸ਼ਾਪਿੰਗ ਮਾਲਾਂ ਵੱਲੋਂ ਲਗਾਤਾਰ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।
ਮੌਕੇ 'ਤੇ ਪਹੁੰਚੇ ਏ. ਐੱਸ. ਆਈ. ਮਹਿੰਦਰ ਪਾਲ ਨੂੰ ਜਦੋਂ ਇਨ੍ਹਾਂ ਸ਼ਾਪਿੰਗ ਮਾਲਾਂ ਖ਼ਿਲਾਫ਼ ਬਣਦੀ ਕਾਰਵਾਈ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਸ਼ਾਪਿੰਗ ਮਾਲ ਬੰਦ ਕਰਵਾ ਦਿੱਤੇ ਗਏ ਹਨ। ਲਿਖਤੀ ਸ਼ਿਕਾਇਤ ਦੇ ਬਾਅਦ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ ।
ਜ਼ਿਕਰਯੋਗ ਹੈ ਕਿ ਪੁਲਸ ਪ੍ਰਸ਼ਾਸਨ ਵੱਲੋਂ ਆਮ ਅਤੇ ਗ਼ਰੀਬ ਲੋਕਾਂ 'ਤੇ ਤਾਂ ਤੁਰੰਤ ਕਾਨੂੰਨ ਦੀ ਉਲੰਘਣਾ ਕਰਨ ਦੇ ਤਹਿਤ ਕਾਰਵਾਈ ਕਰ ਦਿੱਤੀ ਜਾਂਦੀ ਹੈ ਹੁਣ ਵੇਖਣਾ ਹੋਵੇਗਾ ਕਿ ਇਨ੍ਹਾਂ ਵੱਡੀਆਂ ਕੰਪਨੀਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਫਿਰ ਮਾਮਲਾ ਰਫ਼ਾ-ਦਫ਼ਾ ਕਰ ਦਿੱਤਾ ਜਾਵੇਗਾ ।