ਗਰਮੀ ਨੇ ਤੋੜਿਆ 122 ਸਾਲ ਦਾ ਰਿਕਾਰਡ, ਲੰਮੇ ਪਾਵਰਕੱਟ 'ਚ ਇਨਵਰਟਰ ਵੀ ਦੇ ਗਏ ਜਵਾਬ, ਵਾਇਰਲ ਹੋਣ ਲੱਗੀਆਂ ਇਹ ਤਸਵੀਰਾਂ

05/02/2022 4:14:58 PM

ਜਲੰਧਰ (ਪੁਨੀਤ)– 122 ਸਾਲ ਦਾ ਰਿਕਾਰਡ ਤੋੜਦੇ ਹੋਏ ਭਿਆਨਕ ਗਰਮੀ ਨੇ ਅਪ੍ਰੈਲ ’ਚ ਹੀ ਕਹਿਰ ਮਚਾਇਆ ਹੋਇਆ ਹੈ, ਜਿਸ ਨਾਲ ਲੋਕ ਹਾਲੋ-ਬੇਹਾਲ ਹਨ। ਅੱਗ ਵਰ੍ਹਾਉਂਦੀ ਗਰਮੀ ’ਚ ਲੋਕ ਘਰਾਂ ’ਚੋਂ ਨਿਕਲਣ ਤੋਂ ਸੰਕੋਚ ਕਰ ਰਹੇ ਹਨ ਪਰ ਪਾਵਰਕੱਟਾਂ ਕਾਰਨ ਲੋਕਾਂ ਨੂੰ ਘਰਾਂ ਵਿਚ ਵੀ ਚੈਨ ਨਹੀਂ ਮਿਲ ਪਾ ਰਿਹਾ। ਹਾਲਾਤ ਅਜਿਹੇ ਬਣੇ ਹੋਏ ਹਨ ਕਿ ਬਿਜਲੀ ਕੱਟ ਸੜੇ ’ਤੇ ਲੂਣ ਭੁੱਕਣ ਦਾ ਕੰਮ ਕਰ ਰਹੇ ਹਨ। ਸ਼ਹਿਰਾਂ ’ਚ ਭਾਵੇਂ ਐਲਾਨੇ ਕੱਟ ਨਹੀਂ ਲਾਏ ਜਾ ਰਹੇ ਪਰ ਬਿਜਲੀ ਫਾਲਟ ਅਤੇ ਰਿਪੇਅਰ ਦੇ ਨਾਂ ’ਤੇ ਲੱਗਣ ਵਾਲੇ ਲੰਮ-ਲੰਮੇ ਪਾਵਰਕੱਟਾਂ ਨਾਲ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਕਈ ਇਲਾਕਿਆਂ ’ਚ ਐਤਵਾਰ 7 ਘੰਟੇ ਅਤੇ ਇਸ ਤੋਂ ਵੱਧ ਸਮੇਂ ਤਕ ਬਿਜਲੀ ਕੱਟ ਲੱਗਣ ਕਾਰਨ ਲੋਕ ਹਾਲੋ-ਬੇਹਾਲ ਰਹੇ, ਜਿਸ ਕਾਰਨ ਲੋਕ ਪਾਵਰਕਾਮ ਅਤੇ ਸਰਕਾਰ ਦੀਆਂ ਨੀਤੀਆਂ ਨੂੰ ਭੰਡਦੇ ਰਹੇ।

ਲੋਕ ਸੋਸ਼ਲ ਮੀਡੀਆ ’ਤੇ ਸਰਕਾਰ ਨੂੰ ਨਿਸ਼ਾਨਾ ਬਣੇ ਰਹੇ ਹਨ, ਕਈ ਫੋਟੋਆਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ’ਚੋਂ ਇਕ ਫੋਟੋ ਵਿਚ ਇਕ ਵਿਅਕਤੀ ਬਿਜਲੀ ਦੀਆਂ ਤਾਰਾਂ ’ਤੇ ਕੱਪੜੇ ਸੁਕਾਉਣ ਲਈ ਪਾਉਂਦਾ ਨਜ਼ਰ ਆ ਰਿਹਾ ਹੈ। ਇਸ ਫੋਟੋ ’ਤੇ ਕੁਮੈਂਟ ਕਰਦਿਆਂ ਲੋਕਾਂ ਵੱਲੋਂ ਲਿਖਿਆ ਜਾ ਰਿਹਾ ਹੈ ਕਿ ਇਸ ਆਦਮੀ ਨੂੰ ਬਿਜਲੀ ਮਹਿਕਮੇ ’ਤੇ ਪੂਰਾ ਭਰੋਸਾ ਹੈ, ਉਹ ਜਾਣਦਾ ਹੈ ਕਿ ਬਿਜਲੀ ਜਲਦ ਆਉਣ ਵਾਲੀ ਨਹੀਂ, ਇਸ ਲਈ ਉਹ ਬਿਨਾਂ ਕਿਸੇ ਡਰ ਦੇ ਬਿਜਲੀ ਦੀਆਂ ਤਾਰਾਂ ਨੂੰ ਕੱਪੜੇ ਸੁਕਾਉਣ ਲਈ ਕੰਮ ’ਚ ਲਿਆ ਰਿਹਾ ਹੈ।

ਇਹ ਵੀ ਪੜ੍ਹੋ: ਫਾਈਲਾਂ ’ਚ ਦੱਬੇ 300 ਕਰੋੜ: ਪਨਬੱਸ/PRTC ਕਰਮਚਾਰੀਆਂ ਦੀ ਤਨਖ਼ਾਹ ’ਤੇ ‘ਸੰਕਟ’ ਦੇ ਬੱਦਲ

ਇਸ ਤੋਂ ਇਲਾਵਾ ਵੀ ਸੋਸ਼ਲ ਮੀਡੀਆ ’ਤੇ ਕਈ ਤਰ੍ਹਾਂ ਦੀਆਂ ਪੋਸਟਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ’ਚ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਗਏ ਸਨ, ਉਨ੍ਹਾਂ ’ਚ ਮੁਫ਼ਤ ਬਿਜਲੀ ਦੇ ਨਾਲ-ਨਾਲ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦਾ ਅਹਿਮ ਵਾਅਦਾ ਕੀਤਾ ਗਿਆ ਸੀ। ਸਰਕਾਰ ਨੇ ਮੁਫ਼ਤ ਬਿਜਲੀ ਦੇਣ ਦਾ ਜੋ ਐਲਾਨ ਕੀਤਾ ਹੈ, ਉਹ ਜੁਲਾਈ ਤੋਂ ਸ਼ੁਰੂ ਹੋਵੇਗੀ, ਜਦਕਿ ਬਿਜਲੀ ਕੱਟ ਮੁਫ਼ਤ ਬਿਜਲੀ ਦੇਣ ਤੋਂ 2 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ। ਰਿਪੇਅਰ ਦੇ ਨਾਂ ’ਤੇ ਬਿਜਲੀ ਕੱਟਾਂ ਦੀ ਗੱਲ ਕੀਤੀ ਜਾਵੇ ਤਾਂ 220 ਕੇ. ਵੀ. ਬਾਦਸ਼ਾਹਪੁਰ ਸਬ-ਸਟੇਸ਼ਨ ਤੋਂ ਚੱਲਦੀਆਂ 66 ਕੇ. ਵੀ. ਲਾਈਨਾਂ ਦੀ ਰਿਪੇਅਰ ਕਾਰਨ ਸਰਕਟ ਬੰਦ ਰਹੇ। ਇਸ ਨਾਲ ਹਜ਼ਾਰਾਂ ਘਰਾਂ ’ਚ ਸਵੇਰੇ 10 ਤੋਂ ਸ਼ਾਮ ਲਗਭਗ 5 ਵਜੇ ਤਕ ਬਿਜਲੀ ਬੰਦ ਰਹੀ। ਕੈਂਟ ਅਤੇ ਸੈਂਟਰਲ ਵਿਧਾਨ ਸਭਾ ਹਲਕੇ ’ਚ ਪੈਂਦੇ ਦਰਜਨਾਂ ਇਲਾਕਿਆਂ ’ਚ ਬਿਜਲੀ ਗੁਲ ਰਹਿਣ ਨਾਲ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਉਠਾਉਣੀ ਪਈ।

ਲੋਕਾਂ ਦਾ ਕਹਿਣਾ ਸੀ ਕਿ ਰੋਜ਼ਾਨਾ ਬੱਤੀ ਗੁਲ ਹੋ ਰਹੀ ਹੈ, ਜਿਸ ਕਾਰਨ ਇਨਵਰਟਰਾਂ ਦੀ ਬੈਟਰੀ ਪੂਰੀ ਤਰ੍ਹਾਂ ਚਾਰਜ ਨਹੀਂ ਹੋ ਪਾ ਰਹੀ। ਅੱਜ ਵੀ ਜ਼ਿਆਦਾਤਰ ਲੋਕਾਂ ਦੇ ਘਰਾਂ ’ਚ ਲੱਗੇ ਇਨਵਰਟਰ ਜਵਾਬ ਦੇ ਗਏ ਅਤੇ ਉਨ੍ਹਾਂ ਨੂੰ ਕਈ ਘੰਟੇ ਬਿਨਾਂ ਪੱਖੇ ਦੀ ਹਵਾ ਦੇ ਗੁਜ਼ਾਰਨੇ ਪਏ। ਇਸੇ ਤਰ੍ਹਾਂ ਮਾਡਲ ਟਾਊਨ, ਵੈਸਟ ਅਤੇ ਈਸਟ ਡਵੀਜ਼ਨ ਦੇ ਕਈ ਇਲਾਕਿਆਂ ’ਚ ਪਏ ਬਿਜਲੀ ਦੇ ਫਾਲਟ ਕਾਰਨ ਜਨਤਾ ਨੂੰ ਬਹੁਤ ਦਿੱਕਤਾਂ ਉਠਾਉਣੀਆਂ ਪਈਆਂ।

ਇਹ ਵੀ ਪੜ੍ਹੋ: 21 ਸਾਲਾ ਮੁੰਡੇ ਨਾਲ ਪ੍ਰੇਮ ਸੰਬੰਧਾਂ ਨੇ ਪਾਇਆ ਕਲੇਸ਼, 4 ਬੱਚਿਆਂ ਦੀ ਮਾਂ ਨੇ ਚੁੱਕਿਆ ਹੈਰਾਨ ਕਰਦਾ ਕਦਮ

220 ਕੇ. ਵੀ. ਬੀ. ਬੀ. ਐੱਮ. ਬੀ. ਸਬ-ਸਟੇਸ਼ਨ ’ਚ ਬਲਾਸਟ ਹੋਏ 2 ਬ੍ਰੇਕਰ

ਉਥੇ ਹੀ, ਸ਼ਨੀਵਾਰ ਦੇਰ ਰਾਤ 220 ਕੇ. ਵੀ. ਬੀ. ਬੀ. ਐੱਮ. ਬੀ. (ਭਾਖੜਾ ਬਿਆਸ ਮੈਨੇਜਮੈਂਟ ਬੋਰਡ) ਦੇ ਚੌਗਿੱਟੀ ’ਚ ਪੈਂਦੇ ਸਬ-ਸਟੇਸ਼ਨ ’ਚ 2 ਜ਼ੋਰਦਾਰ ਬਲਾਸਟ ਹੋਏ। ਰਾਤ ਨੂੰ ਟਰੈਫਿਕ ਘੱਟ ਹੋਣ ਕਾਰਨ ਸਬ-ਸਟੇਸ਼ਨ ਦੇ ਆਲੇ-ਦੁਆਲੇ ਦੇ ਕਈ ਮੁਹੱਲਿਆਂ ’ਚ ਬਲਾਸਟ ਦੀ ਸਾਫ ਆਵਾਜ਼ ਸੁਣਾਈ ਦਿੱਤੀ, ਜਿਸ ਨਾਲ ਲੋਕ ਸਹਿਮ ਗਏ। ਸ਼ਹਿਰ ’ਚ ਗੋਲੀ ਚੱਲਣ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ ਅਤੇ ਅਜਿਹੇ ਹਾਲਾਤ ’ਚ ਬਲਾਸਟ ਦੀ ਆਵਾਜ਼ ਸੁਣਨ ਨਾਲ ਲੋਕਾਂ ਦਾ ਬੇਚੈਨ ਹੋਣਾ ਵਾਜਿਬ ਹੈ। ਦੱਸਿਆ ਗਿਆ ਕਿ ਸਿਸਟਮ ਓਵਰਲੋਡ ਹੋਣ ਕਾਰਨ 2 ਬ੍ਰੇਕਰ ਬਲਾਸਟ ਹੋਏ ਸਨ। ਐਤਵਾਰ ਨੂੰ ਐਮਰਜੈਂਸੀ ’ਚ ਬ੍ਰੇਕਰ ਮੰਗਵਾਏ ਗਏ। ਰਾਤ ਖਬਰ ਲਿਖੇ ਜਾਣ ਤਕ ਬ੍ਰੇਕਰ ਦੀ ਟੈਸਟਿੰਗ ਹੋਣੀ ਬਾਕੀ ਸੀ। ਸੋਮਵਾਰ ਨੂੰ ਬ੍ਰੇਕਰਾਂ ਦੇ ਚਾਲੂ ਹੋਣ ਦੀ ਸੰਭਾਵਨਾ ਹੈ।

ਲੋਕਾਂ ਦਾ ਅਹਿਮ ਸਵਾਲ : ਸਮਾਂ ਰਹਿੰਦੇ ਕਿਉਂ ਨਹੀਂ ਕਰਵਾਈ ਰਿਪੇਅਰ

ਭਿਆਨਕ ਗਰਮੀ ਦੇ ਹਾਲਾਤ ’ਚ ਲੋਕਾਂ ਵੱਲੋਂ ਪਾਵਰਕਾਮ ਦੀ ਕਾਰਜਪ੍ਰਣਾਲੀ ਨੂੰ ਲੰਮੇ ਹੱਥੀਂ ਲਿਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਸਮੇਂ ਬਿਜਲੀ ਦੇ ਬਿਨਾਂ ਸਮਾਂ ਕੱਟਣਾ ਬਹੁਤ ਮੁਸ਼ਕਿਲ ਹੈ ਪਰ ਪਾਵਰਕਾਮ ਵੱਲੋਂ ਰਿਪੇਅਰ ਦੇ ਨਾਂ ’ਤੇ ਘੰਟਿਆਂਬੱਧੀ ਬਿਜਲੀ ਸਪਲਾਈ ਬੰਦ ਰੱਖੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਰਿਪੇਅਰ ਪਹਿਲਾਂ ਕਰਵਾ ਲਈ ਜਾਂਦੀ ਤਾਂ ਉਨ੍ਹਾਂ ਨੂੰ ਇੰਨੀ ਗਰਮੀ ’ਚ ਮੁਸ਼ਕਿਲਾਂ ਨਾ ਉਠਾਉਣੀਆਂ ਪੈਂਦੀਆਂ। ਉਥੇ ਹੀ, ਪਾਵਰਕਾਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੰਪਰ ਆਦਿ ਬਜਲੇ ਜਾ ਰਹੇ ਹਨ ਤਾਂ ਕਿ ਆਉਣ ਵਾਲੇ 2 ਮਹੀਨਿਆਂ ’ਚ ਪੈਣ ਵਾਲੀ ਭਿਆਨਕ ਗਰਮੀ ਦੌਰਾਨ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਹੁਣ ਹੋਣ ਵਾਲੀ ਪਰੇਸ਼ਾਨੀ ਬਾਰੇ ਪੁੱਛੇ ਜਾਣ ’ਤੇ ਬਿਜਲੀ ਕਰਮਚਾਰੀਆਂ ਦਾ ਕਹਿਣਾ ਸੀ ਕਿ ਚੋਣਾਂ ’ਚ ਰੁੱਝੇ ਹੋਣ ਕਾਰਨ ਸਮਾਂ ਨਹੀਂ ਮਿਲ ਸਕਿਆ।

ਇਹ ਵੀ ਪੜ੍ਹੋ: ਮਾਹਿਲਪੁਰ 'ਚ ਲੁਟੇਰਿਆਂ ਦਾ ਹਾਈਵੋਲਟੇਜ ਡਰਾਮਾ, ਸੱਚਾਈ ਸਾਹਮਣੇ ਆਉਣ 'ਤੇ ਲੋਕ ਹੋਏ ਸੁੰਨ੍ਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News