ਮੁਲਤਾਨੀ ਮਾਮਲਾ : ਸੁਪਰੀਮ ਕੋਰਟ ਨੇ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਨੂੰ ਦਿੱਤੀ ਅੰਤਰਿਮ ਜ਼ਮਾਨਤ

Friday, Dec 04, 2020 - 12:55 PM (IST)

ਮੁਲਤਾਨੀ ਮਾਮਲਾ : ਸੁਪਰੀਮ ਕੋਰਟ ਨੇ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਨੂੰ ਦਿੱਤੀ ਅੰਤਰਿਮ ਜ਼ਮਾਨਤ

ਨਵੀਂ ਦਿੱਲੀ, ਚੰਡੀਗੜ੍ਹ (ਭਾਸ਼ਾ) : ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਨੂੰ 1991 ’ਚ ਇਕ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਦੇ ਕਤਲ ਨਾਲ ਜੁੜੇ ਮਾਮਲੇ 'ਚ ਵੀਰਵਾਰ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ। ਮਾਣਯੋਗ ਜੱਜ ਅਸ਼ੋਕ ਭੂਸ਼ਣ, ਜਸਟਿਸ ਆਰ. ਸੁਭਾਸ਼ ਰੈਡੀ ਅਤੇ ਜਸਟਿਸ ਐੱਮ. ਆਰ. ਸ਼ਾਹ ’ਤੇ ਆਧਾਰਿਤ ਬੈਂਚ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਉਸ ਹੁਕਮ ਖ਼ਿਲਾਫ਼ ਸੈਣੀ ਦੀ ਅਪੀਲ ਪ੍ਰਵਾਨ ਕਰ ਲਈ, ਜਿਸ 'ਚ  ਅਦਾਲਤ ਨੇ 29 ਸਾਲ ਪੁਰਾਣੇ ਮਾਮਲੇ 'ਚ ਗ੍ਰਿਫ਼ਤਾਰੀ ਤੋਂ ਪਹਿਲਾਂ ਸੈਣੀ ਦੀ ਜ਼ਮਾਨਤ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਸੀ।

ਸੂਬਾ ਸਰਕਾਰ ਨੇ ਵਿਰੋਧ ਕਰਦੇ ਹੋਏ ਕਿਹਾ ਕਿ ਇਸ ਸਮੇਂ ਸੈਣੀ ਨੂੰ ਜ਼ਮਾਨਤ ਦੇਣ ਨਾਲ ਜਾਂਚ ਪ੍ਰਭਾਵਿਤ ਹੋਵੇਗੀ। ਸੁਪਰੀਮ ਕੋਰਟ ਨੇ ਸੂਬਾ ਸਰਕਾਰ ਕੋਲੋਂ ਪੁੱਛਿਆ ਕਿ ਸੈਣੀ ਨੂੰ ਹਿਰਾਸਤ 'ਚ  ਰੱਖਣ ਦੀ ਹੁਣ ਕੀ ਲੋੜ ਹੈ, ਜਦੋਂ ਕਿ ਅਪਰਾਧ 29 ਸਾਲ ਪਹਿਲਾਂ ਹੋਇਆ ਸੀ। ਅਦਾਲਤ ਨੇ ਪੰਜਾਬ ਪੁਲਸ ਨੂੰ ਨਿਰਦੇਸ਼ ਦਿੱਤਾ ਕਿ 1 ਲੱਖ ਰੁਪਏ ਦੇ ਨਿੱਜੀ ਮੁਚਲਕੇ ਅਤੇ ਇੰਨੀ ਹੀ ਰਕਮ ਦੇ 2 ਜ਼ਮਾਨਤੀ ਬਾਂਡ ਭਰਨ ਪਿੱਛੋਂ ਸੈਣੀ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਜਾਵੇ।

ਅਦਾਲਤ ਨੇ ਸੈਣੀ ਦੀ ਪਟੀਸ਼ਨ ’ਤੇ 17 ਨਵੰਬਰ ਨੂੰ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਸੁਣਵਾਈ ਦੌਰਾਨ ਸੈਣੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਮੇਰੇ ਮੁਵੱਕਿਲ ਇਕ ਸਨਮਾਨਿਤ ਅਧਿਕਾਰੀ ਰਹੇ ਹਨ। ਪੰਜਾਬ 'ਚ ਖਤਰਿਆਂ ਨਾਲ ਨਜਿੱਠਣ ਦੇ ਉਨ੍ਹਾਂ ਦੇ ਸਖ਼ਤ ਰਵੱਈਏ ਕਾਰਣ ਉਹ ਹਮੇਸ਼ਾ ਅਤੱਵਾਦੀਆਂ ਦੇ ਨਿਸ਼ਾਨੇ ’ਤੇ ਰਹੇ ਹਨ। ਇਹ ਮਾਮਲਾ ਸਿਆਸੀ ਬਦਲੇ ਦੀ ਭਾਵਨਾ ਦੀ ਇਕ ਉਦਾਹਰਣ ਹੈ ਕਿਉਂਕਿ ਜਦੋਂ ਉਹ ਸਰਕਾਰੀ ਸੇਵਾ 'ਚ  ਸਨ ਤਾਂ ਉਨ੍ਹਾਂ ਮੌਜੂਦਾ ਮੁੱਖ ਮੰਤਰੀ ਖ਼ਿਲਾਫ਼ ਕਈ ਐੱਫ. ਆਈ. ਆਰ. ਦਰਜ ਕਰਵਾਈਆਂ ਸਨ।
 


author

Babita

Content Editor

Related News