ਸੰਗਤਾਂ ਦੀ ਸ਼ਰਧਾ ਦਾ ਕੇਂਦਰ ਬਣੀ ਪਵਿੱਤਰ ਕਾਲੀ ਵੇਈਂ

10/18/2019 3:49:01 PM

ਸੁਲਤਾਨਪੁਰ ਲੋਧੀ (ਧੀਰ) : ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) 'ਚ ਹੋਇਆ ਸੀ ਪਰ ਉਨ੍ਹਾਂ ਨੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ 13 ਦਿਨ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਬਤੀਤ ਕੀਤੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਦੇ ਬਗਲ 'ਚ ਵਗਦੀ ਕਾਲੀ ਵੇਈਂ ਕਿਨਾਰੇ ਨੂੰ ਹੀ ਅਕਾਲ ਪੁਰਖ ਦੀ ਅਰਾਧਨਾਂ ਕਰਨ ਲਈ ਚੁਣਿਆ ਸੀ। (ਇਸੇ ਸਥਾਨ 'ਤੇ ਹੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਬਣਿਆ ਹੋਇਆ ਹੈ) ਰੋਜ਼ਾਨਾ ਵੇਈਂ 'ਚ ਇਸ਼ਨਾਨ ਕਰ ਕੇ ਉਹ ਵੇਈਂ ਕਿਨਾਰੇ ਬੈਠ ਕੇ ਹੀ ਪ੍ਰਭੂ ਭਗਤੀ 'ਚ ਲੀਨ ਰਹਿੰਦੇ ਸਨ। ਇਕ ਦਿਨ ਉਨ੍ਹਾਂ ਨੇ ਵੇਈਂ ਵਿਚ ਟੁੱਭੀ ਮਾਰੀ ਅਤੇ ਤਿੰਨ ਦਿਨ ਅਲੋਪ ਰਹਿਣ ਉਪਰੰਤ ਗੁਰੂ ਸਾਹਿਬ ਨੇ ਸੰਮਤ 1564 (ਸੰਨ 1507 ਈ.) ਭਾਦੋਂ ਸੁਦੀ 15 ਪੂਰਨਮਾਸ਼ੀ ਵਾਲੇ ਦਿਨ ਚੜ੍ਹਦੇ ਵਾਲੇ ਪਾਸੇ ਵੇਈਂ ਵਿਚੋਂ ਮੁੜ ਪ੍ਰਗਟ ਹੋਏ ਸਨ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਥੇ ਹੀ ਇਲਾਹੀ ਬਾਣੀ ਦੇ ਮੂਲ ਮੰਤਰ 'ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ£' ਦਾ ਪਹਿਲੀ ਵਾਰ ਉਚਾਰਣ ਕੀਤਾ। ਇਸ ਪਵਿੱਤਰ ਅਸਥਾਨ 'ਤੇ ਹੁਣ ਗੁਰਦੁਆਰਾ ਸੰਤਘਾਟ ਸਾਹਿਬ ਬਣਿਆ ਹੋਇਆ ਹੈ। ਵੇਈਂ ਦੇ ਪਵਿੱਤਰ ਕਿਨਾਰੇ 'ਤੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ ਜੀ ਦੀ ਰਚਨਾ ਕੀਤੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਗਤ ਜਲੰਦੇ ਨੂੰ ਠਾਰਨ ਲਈ ਅਤੇ ਸਰਬੱਤ ਦੇ ਭਲੇ ਦਾ ਸੁਨੇਹਾ ਕੁਲ ਲੋਕਾਈ ਨੂੰ ਦੇਣ ਲਈ ਪਹਿਲੀ ਉਦਾਸੀ ਦੀ ਸ਼ੁਰੂਆਤ ਸੁਲਤਾਨਪੁਰ ਲੋਧੀ ਤੋਂ ਹੀ ਕੀਤੀ ਸੀ।

ਜ਼ਿਲਾ ਹੁਸ਼ਿਆਰਪੁਰ 'ਚ ਬਿਆਸ ਦਰਿਆ ਨੇੜੇ ਪਿੰਡ ਧਨੋਆ ਤੋਂ ਸ਼ੁਰੂ ਹੋ ਕੇ 160 ਕਿਲੋਮੀਟਰ ਦਾ ਸਫਰ ਤੈਅ ਕਰਦੀ ਹੋਈ ਹਰੀਕੇ ਨੇੜੇ ਮੁੜ ਬਿਆਸ 'ਚ ਸਮਾ ਜਾਣ ਵਾਲੀ ਇਹ ਪਵਿੱਤਰ ਨਦੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਣ ਅਤੇ ਇਸ ਵੇਈਂ ਨੂੰ ਗੁਰਬਾਣੀ ਦਾ ਆਗਮਨ ਅਸਥਾਨ ਹੋਣ ਦਾ ਮਾਣ ਪ੍ਰਾਪਤ ਹੈ। ਇਸੇ ਲਈ ਇਹ ਵੇਈਂ ਸਿੱਖ ਜਗਤ ਦਾ ਪਹਿਲਾ ਤੀਰਥ ਅਸਥਾਨ ਬਣੀ ਹੋਈ ਹੈ।

ਪਵਿੱਤਰ ਕਾਲੀ ਵੇਈਂ ਦੁਆਬਾ ਇਲਾਕੇ ਦੀ ਜੀਵਨ ਰੇਖਾ ਵੀ ਹੈ, ਜੋ ਸਮੁੱਚੇ ਇਲਾਕੇ ਨੂੰ ਸੇਮ ਅਤੇ ਹੜ੍ਹ ਤੋਂ ਵੀ ਬਚਾਉਂਦੀ ਹੈ ਅਤੇ ਪਾਣੀ ਦੇ ਡਿਗਦੇ ਪੱਧਰ ਅਤੇ ਸੋਕੇ ਤੋਂ ਵੀ। ਇਸ ਪਵਿੱਤਰ ਵੇਈਂ ਦੇ ਪਾਣੀਆਂ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਸਾਡਾ ਸਮੂਹ ਪੰਜਾਬੀਆਂ ਤੇ ਨਾਨਕ ਨਾਮ ਲੇਵਾ ਸੰਗਤਾਂ ਦਾ ਪਵਿੱਤਰ ਫਰਜ਼ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿਚ ਸੰਸਾਰ ਭਰ ਦੀਆਂ ਸੰਗਤਾਂ ਵੱਲੋਂ ਪਵਿੱਤਰ ਵੇਈਂ ਦੀ ਪਵਿੱਤਰਤਾ ਬਹਾਲ ਕਰਨ ਲਈ ਕਾਰ ਸੇਵਾ ਜੁਲਾਈ 2000 ਤੋਂ ਨਿਰੰਤਰ ਚੱਲ ਰਹੀ ਹੈ।

PunjabKesari

ਸਾਉਣ ਮਹੀਨੇ ਦੀ ਅਰਦਾਸ ਨਾਲ ਵਗੀ ਬਾਬੇ ਨਾਨਕ ਦੀ ਵੇਈਂ
ਸਿੱਖ ਧਰਮ 'ਚ ਅਰਦਾਸ ਦਾ ਆਪਣਾ ਹੀ ਇਕ ਖ਼ਾਸ ਮਹਾਤਮ ਹੈ ਅਤੇ ਖ਼ਾਸ ਇਕ ਮੁਕਾਮ ਹੈ। ਅਰਦਾਸ ਹੀ ਰੂਹ ਨੂੰ ਅਜਿਹਾ ਸਕੂਨ ਬਖਸ਼ਦੀ ਹੈ ਕਿ ਕਈ ਜਨਮਾਂ ਦੀ ਲੱਗੀ ਮੈਲ ਉਤਰਣ ਦਾ ਪਤਾ ਵੀ ਨਹੀਂ ਲੱਗਦਾ। ਸਰਕਾਰੀ ਸਿਸਟਮ 'ਤੇ ਜੰਮੀ ਇਸ ਮਣਾਂ ਮੂੰਹੀ ਮੈਲ ਨੂੰ ਉਤਾਰਨ ਲਈ ਸੰਗਤਾਂ ਨੂੰ ਨਾਲ ਲੈ ਕੇ ਜੁਲਾਈ 2000 'ਚ ਜਦੋਂ ਬਾਬੇ ਦੀ ਵੇਈਂ ਦੀ ਕਾਰ ਸੇਵਾ ਦੀ ਸ਼ੁਰੂਆਤ ਕੀਤੀ ਗਈ ਸੀ। ਸੰਗਤਾਂ ਦੀ ਕੀਤੀ ਗਈ ਇਸ ਅਣਥੱਕ ਕਾਰਸੇਵਾ ਦਾ ਫਲ ਹੈ ਜੋ ਬਾਬੇ ਨਾਨਕ ਦੀ ਵੇਈਂ ਨਿਰਮਲ ਧਾਰਾ ਰੂਪ ਧਾਰਨ ਕਰ ਕੇ ਵਗ ਰਹੀ ਹੈ। ਅਰਦਾਸ ਕੀਤੀ ਸੀ। ਇਹ ਅਰਦਾਸ ਬਾਬੇ ਨਾਨਕ ਦੇ ਉਸੇ ਤਪ ਅਸਥਾਨ 'ਤੇ ਕੀਤੀ ਗਈ ਸੀ ਜਿਥੋਂ ਦੀ ਬੇਰੀ ਅਜੇ ਵੀ ਉਸ ਤਪਸਿਆ ਦੀ ਗਵਾਹੀ ਭਰਦੀ ਹੈ।

ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਸੰਗਤਾਂ ਨੂੰ ਨਾਲ ਲੈ ਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਕਿ 'ਹੇ! ਅਕਾਲ ਪੁਰਖ ਸਾਡੇ ਤੋਂ ਬਹੁਤ ਵੱਡੀ ਭੁੱਲ ਹੋਈ ਹੈ ਕਿ ਅਸੀਂ ਆਪ ਦੇ ਦੱਸੇ ਸਲੋਕ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' ਉੱਤੇ ਪਹਿਰਾ ਨਹੀਂ ਦੇ ਸਕੇ। ਬੜੇ ਅਫਸੋਸ ਦੀ ਗੱਲ ਹੈ ਕਿ ਪਿਤਾ ਸਾਮਾਨ ਪਾਣੀ ਦੇ ਸਿਰ ਵਿਚ ਪਿੰਡਾਂ, ਸ਼ਹਿਰਾਂ ਦੇ ਲੋਕ ਗੰਦਾ ਪਾਣੀ ਪਾ ਰਹੇ ਹਨ। ਇਸ ਘਿਨਾਉਣੇ ਅਪਰਾਧ ਵਿਚ ਧਾਰਮਕ, ਰਾਜਨੀਤਕ ਅਤੇ ਪ੍ਰਸ਼ਾਸਨਿਕ ਲੋਕ ਮੋਹਰੇ ਹੋ ਕੇ ਕੁਦਰਤ ਦੀ ਤਬਾਹੀ ਕਰ ਰਹੇ ਹਨ। ਆਪ ਜੀ ਕਿਰਪਾ ਕਰੋ ਪਵਿੱਤਰ ਕਾਲੀ ਵੇਈਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸੰਗਤ ਨੂੰ ਸਮਰੱਥਾ ਹੌਂਸਲਾ ਬਖਸ਼ੋ।' ਇਸ ਦੌਰਾਨ ਪਵਿੱਤਰ ਵੇਈਂ ਜਿਸ ਨੂੰ ਸਮਾਜ ਦੀ ਸੋਚ ਨੇ ਕੂੜੇ ਦੇ ਢੇਰ ਵਿਚ ਤਬਦੀਲ ਕਰ ਦਿੱਤਾ ਸੀ ਉਸ ਨੂੰ ਸੰਤ ਸੀਚੇਵਾਲ ਜੀ ਅਤੇ ਸ਼ਰਧਾਲੂਆਂ ਦੀ ਮਿਹਨਤ ਨੇ ਇਕ ਅੰਤਰਰਾਸ਼ਟਰੀ ਸੈਰਗਾਹ ਵਿਚ ਤਬਦੀਲ ਕਰ ਦਿੱਤਾ।

ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦੁਨੀਆ ਲਈ ਬਣੀ ਮਿਸਾਲ
ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਲਈ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦੁਨੀਆ ਲਈ ਇਕ ਮਿਸਾਲ ਬਣੀ ਹੈ। ਪਵਿੱਤਰ ਕਾਲੀ ਵੇਈਂ ਉਪਰ ਸੰਤ ਸੀਚੇਵਾਲ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਮਿਹਨਤ ਦਾ ਅਸਰ ਇਲਾਕੇ ਵਿਚ ਵੀ ਦਿਸ ਰਿਹਾ ਹੈ। ਗੰਦੇ ਪਾਣੀਆਂ ਨਾਲ ਮਰ ਚੁੱਕੀ ਵੇਈਂ ਹੁਣ ਅੰਮ੍ਰਿਤਮਈ ਪਾਣੀ ਨਾਲ ਦੁਬਾਰਾ ਕਲ ਕਲ ਵਗ ਰਹੀ ਹੈ। ਇਸ ਦਾ ਰੀਚਾਰਜ ਸਿਸਟਮ ਸੰਤ ਸੀਚੇਵਾਲ ਜੀ ਨੇ ਸਾਲ 2000, 2002, 2004, 2005 ਅਤੇ 2010 ਵਿਚ ਸਾਫ਼ ਕੀਤਾ ਸੀ। ਇਸ ਦਾ ਅਸਰ ਇਹ ਹੋਇਆ ਕਿ 40 ਕਿਲੋਮੀਟਰ ਵਿਚ ਸੁਲਤਾਨਪੁਰ ਲੋਧੀ ਤੋਂ ਲੈ ਕੇ ਹਰੀਕੇ ਪੱਤਣ ਤਕ, ਕਪੂਰਥਲਾ ਨੇੜੇ ਨਾਨਕਪੁਰ ਤੋਂ ਸੁਭਾਨਪੁਰ ਤਕ ਅਤੇ ਧਨੋਆ ਮੁੱਢ ਸਰੋਤ ਤੋਂ ਟਾਂਡਾ ਪੁਲ ਤਕ ਕਈ ਵਾਰ ਇਸ ਦਾ ਤਲ ਸਾਫ ਕੀਤਾ ਗਿਆ। ਜਿਸ ਦਾ ਨਤੀਜਾ ਸ਼ਾਨਦਾਰ ਰਿਹਾ।

ਵੇਈਂ ਦੀ ਕਾਰ ਸੇਵਾ ਨਾਲ ਇਲਾਕੇ 'ਚ ਧਰਤੀ ਹੇਠਲਾ ਪਾਣੀ ਆਇਆ ਉਪਰ
2004 ਤੋਂ 2010 ਤਕ ਸੁਲਤਾਨਪੁਰ ਲੋਧੀ ਹਲਕੇ ਦਾ ਧਰਤੀ ਹੇਠਲਾ ਪਾਣੀ ਸਰਕਾਰੀ ਅੰਕੜਿਆਂ ਮੁਤਾਬਕ 2.5 ਮੀਟਰ ਉੱਚਾ ਹੋਇਆ ਹੈ। ਪੰਜਾਬ ਦੇ 141 ਬਲਾਕਾਂ ਵਿਚੋਂ 108 ਬਲਾਕ ਡਾਰਕ ਜ਼ੋਨ ਐਲਾਨ ਕੀਤੇ ਜਾ ਚੁੱਕੇ ਹਨ। ਉਥੇ ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਨਾਲ ਇਸ ਇਲਾਕੇ ਦਾ ਧਰਤੀ ਹੇਠਲਾ ਪਾਣੀ ਉਪਰ ਆ ਰਿਹਾ ਹੈ। ਇਹ ਤਾਂ ਹੀ ਸੰਭਵ ਹੋ ਸਕਿਆ ਹੈ ਇਸ ਦੀ ਖੁਦਾਈ ਕਰ ਕੇ ਇਸ ਦਾ ਬਿੱਡ ਰੇਤਾ ਤਕ ਕੀਤਾ। ਇਸ ਦੇ ਕੰਢੇ ਮਜ਼ਬੂਤ ਕੀਤੇ, ਸੁੰਦਰ ਘਾਟ ਬਣਾਏ, ਵੇਈਂ ਵਿਚ ਪੈਂਦੇ ਗੰਦੇ ਪਾਣੀ ਨੂੰ ਸੋਧ ਕੇ ਖੇਤੀ ਨੂੰ ਦਿੱਤਾ। ਵਿਰਾਸਤੀ ਰੁੱਖਾਂ ਨਾਲ ਪਵਿੱਤਰ ਵੇਈਂ ਨੂੰ ਸ਼ਿੰਗਾਰਿਆ ਗਿਆ। ਵਿਰਾਸਤੀ ਰੁੱਖਾਂ ਨਾਲ ਪਵਿੱਤਰ ਵੇਈਂ ਨੂੰ ਸ਼ਿੰਗਾਰਿਆ ਗਿਆ। ਹੁਣ ਪਵਿੱਤਰ ਵੇਈਂ ਦਾ ਵਹਿਣ ਆਪ ਮੁਹਾਰੇ ਵਗ ਰਿਹਾ ਹੈ।


Anuradha

Content Editor

Related News