ਸਾਲ 2019 : ਹਮੇਸ਼ਾ ਯਾਦ ਰੱਖੇ ਜਾਣਗੇ 550ਵੇਂ ਗੁਰਪੁਰਬ 'ਤੇ ਸੁਲਤਾਨਪੁਰ ਲੋਧੀ 'ਚ ਹੋਏ ਵਿਕਾਸ ਕਾਰਜ
Monday, Dec 30, 2019 - 06:40 PM (IST)
ਸੁਲਤਾਨਪੁਰ ਲੋਧੀ (ਧੀਰ)— ਸਾਲ 2019 ਨੂੰ ਪਾਵਨ ਨਗਰੀ ਦੇ ਇਤਿਹਾਸ 'ਚ 550 ਸਾਲਾ ਪ੍ਰਕਾਸ਼ ਪੁਰਬ ਅਤੇ ਵਿਕਾਸ ਕਾਰਜਾਂ ਵਜੋਂ ਯਾਦ ਕੀਤਾ ਜਾਵੇਗਾ। ਧੰਨ-ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੈਪਟਨ ਸਰਕਾਰ ਨੇ ਜੋ ਰਾਜ ਪੱਧਰੀ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਹੈ, ਉਸ ਨਾਲ ਦੇਸ਼-ਵਿਦੇਸ਼ 'ਚ ਇਹ ਪਾਵਨ ਨਗਰੀ ਨੇ ਵੀ ਹੁਣ ਵਿਲੱਖਣ ਪਛਾਣ ਬਣਾ ਲਈ ਹੈ। ਪਾਵਨ ਨਗਰੀ ਦੇ ਇਸ ਇਤਿਹਾਸ ਨੂੰ ਸਭ ਤੋਂ ਮੋਹਰੀ ਹੋ ਕੇ ਜਿਸ ਸ਼ਖਸ ਨੇ ਸਭ ਤੋਂ ਵੱਡੀ ਭੂਮਿਕਾ ਨਿਭਾਈ ਹੈ ਉਹ ਹੈ ਨੌਜਵਾਨ ਵਿਧਾਇਕ ਨਵਤੇਜ ਸਿੰਘ ਚੀਮਾ ਜਿਸ ਨੇ ਦਿਨ-ਰਾਤ ਇਕ ਕਰਕੇ ਆਪਣੇ ਹਲਕੇ ਲਈ ਜੋ ਵਿਕਾਸ ਕਾਰਜ ਕਰਵਾਏ ਉਸ ਨਾਲ ਹੁਣ ਤਕ ਦੇ ਸੁਲਤਾਨਪੁਰ ਲੋਧੀ ਤੋਂ ਜਿੰਨੇ ਵੀ ਵਿਧਾਇਕ ਬਣੇ ਉਨ੍ਹਾਂ 'ਚ ਨੰਬਰ ਇਕ ਤੇ ਆ ਗਿਆ ਹੈ।
ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਨਜ਼ਦੀਕੀਆਂ 'ਚ ਗਿਣੇ ਜਾਂਦੇ ਹਨ। ਉਨ੍ਹਾਂ ਨੇ ਸੁਲਤਾਨਪੁਰ ਲੋਧੀ ਦੇ ਪਿੰਡਾਂ-ਸ਼ਹਿਰਾਂ ਅਤੇ ਕਸਬਿਆਂ ਦੇ ਸਰਵਪੱਖੀ ਵਿਕਾਸ ਨੂੰ ਪ੍ਰਕਾਸ਼ ਪੁਰਬ ਸਮਾਗਮ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰਨ ਲਈ ਕੈਪਟਨ ਸਰਕਾਰ ਪਾਸੋਂ ਜਿੰਨੇ ਵੀ ਵਿਕਾਸ ਕਾਰਜ ਫੰਡ ਮੰਗੇ, ਉਹ ਸਮੇਂ ਸਿਰ ਮਿਲੇ। ਜਿਨ੍ਹਾਂ ਸਦਕਾ ਸੁਲਤਾਨਪੁਰ ਲੋਧੀ ਵਿਖੇ ਕਰੋੜਾਂ ਰੁਪਏ ਖਰਚ ਕੇ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ, ਬੱਸ ਸਟੈਂਡ, ਨਵੇਂ ਪੁਲ, ਪੇਂਡੂ ਲਿੰਕ ਸੜਕਾਂ, ਲੜਕੀਆਂ ਲਈ ਕਾਲਜ, ਨਵਾਂ ਸਬ ਸਟੇਸ਼ਨ ਗਰਿਡ ਅਤੇ ਹੋਰ ਸ਼ਹਿਰਾਂ ਨੂੰ ਨਵੀਕਰਨ ਲਈ ਕੀਤਾ, ਉਸ ਨਾਲ ਹੁਣ ਇਸ ਪਾਵਨ ਨਗਰੀ ਦੇ ਗੁਰੂਧਾਮਾਂ ਦੇ ਰੋਜ਼ਾਨਾ ਦਰਸ਼ਨ ਕਰਨ ਲਈ ਸੰਗਤਾਂ ਦੇਸ਼ ਦੇ ਕੋਨੇ-ਕੋਨੇ ਤੋਂ ਆ ਰਹੀਆਂ ਹਨ।
ਨਵੇਂ ਬੱਸ ਸਟੈਂਡ ਦੀ ਉਸਾਰੀ 'ਤੇ ਚੰਡੀਗੜ੍ਹ ਵਾਲਵੋ ਬੱਸ ਸੇਵਾ ਸ਼ੁਰੂ
ਸ਼ਹਿਰ 'ਚ ਨਵੇਂ ਬੱਸ ਸਟੈਂਡ ਦੀ ਇਤਿਹਾਸਕ ਸ਼ਹਿਰ ਨੂੰ ਦਰਸਾਉਂਦੇ ਹੋਏ ਕੀਤੀ ਉਸਾਰੀ ਨੇ ਸਮੂਹ ਨਗਰ ਨਿਵਾਸੀਆਂ ਦਾ ਮਨ ਮੋਹ ਲਿਆ। ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਵਾਲਾ ਇਹ ਬੱਸ ਸਟੈਂਡ ਹੁਣ ਕਿਸੇ ਵੀ ਵੱਡੇ ਸ਼ਹਿਰ ਤੋਂ ਵੱਧ ਸੁੰਦਰ ਦਿਖਾਈ ਦਿੰਦਾ ਹੈ। ਇਸ ਤੋਂ ਇਲਾਵਾ ਵਿਧਾਇਕ ਚੀਮਾ ਦੇ ਯਤਨਾਂ ਸਦਕਾ ਸੁਲਤਾਨਪੁਰ ਲੋਧੀ ਤੋਂ ਸਿੱਧੀ ਚੰਡੀਗੜ੍ਹ ਵਾਲਵੋ ਬੱਸ ਸੇਵਾ ਵੀ ਸ਼ੁਰੂ ਕੀਤੀ ਗਈ ਹੈ।
ਰੇਲਵੇ ਸਟੇਸ਼ਨ ਬਣਿਆ ਹਰੇਕ ਯਾਤਰੀ ਦੀ ਖਿੱਚ ਦਾ ਕੇਂਦਰ
ਕੇਂਦਰ ਸਰਕਾਰ ਦੀ ਸਹਾਇਤਾ ਨਾਲ ਤਿਆਰ ਕੀਤੇ ਪਾਵਨ ਨਗਰੀ ਦੇ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਨੇ ਹਰੇਕ ਯਾਤਰੀ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉੱਤਰ ਭਾਰਤ ਦੇ ਰੇਲਵੇ ਮਮਡਲ 'ਚ ਸਭ ਤੋਂ ਖੂਬਸੂਰਤ ਬਣਿਆ ਇਹ ਰੇਲਵੇ ਸਟੇਸ਼ਨ ਹੁਣ ਹਰੇਕ ਸਹੂਲਤ ਨਾਲ ਭਰਪੂਰ ਹੈ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਤੋਂ ਦਿੱਲੀ ਲਈ ਸਿੱਧੀ ਰੇਲ ਗੱਡੀ ਸਰਬਤ ਦਾ ਭਲਾ ਵੀ ਸ਼ੁਰੂ ਹੋ ਗਈ ਹੈ, ਜਿਸ ਨਾਲ ਹਲਕਾ ਨਿਵਾਸੀਆਂ ਦੀ ਲੰਮੇ ਸਮੇਂ ਤੋਂ ਮੰਗ ਪੂਰੀ ਹੋਈ ਹੈ।
ਨਵੇਂ 9 ਪੁਲਾਂ ਦੀ ਉਸਾਰੀ
ਸ਼ਹਿਰ ਤੇ ਹਲਕੇ 'ਚ ਆਵਾਜਾਈ ਨੂੰ ਸੁਵਿਧਾਜਨਕ ਬਣਾਉਣ ਲਈ ਵਿਧਾਇਕ ਚੀਮਾ ਨੇ 6 ਨਵੇਂ ਹਾਈ ਲੈਵਲ ਪੁਲ ਤੇ 3 ਛੋਟੇ ਪੁਲਾਂ ਦੀ ਉਸਾਰੀ ਕਰਵਾ ਕੇ ਸਭ ਤੋਂ ਵੱਡੀ ਸਹੂਲਤ ਹਲਕਾ ਨਿਵਾਸੀਆਂ ਨੂੰ ਦਿੱਤੀ ਹੈ। ਇਸ ਤੋਂ ਇਲਾਵਾ ਪਵਿੱਤਰ ਵੇਈਂ ਦੇ ਉੱਪਰ ਬਣਾਏ ਪਲਟੂਨ ਪੁਲ ਤੇ ਸਟੋਨ ਪੀਚਿੰਗ ਕਰਵਾ ਕੇ ਵੇਈਂ ਦੇ ਦੋਵੇਂ ਕਿਨਾਰਿਆਂ 'ਤੇ ਗਰਿੱਲਾਂ ਅਤੇ ਐੱਲ. ਈ. ਡੀ. ਲਾਈਟਾਂ ਲਗਾ ਕੇ ਪਵਿੱਤਰ ਕਾਲੀ ਵੇਈਂ ਨੂੰ ਹੋਰ ਖੂਬਸੂਰਤ ਬਣਾ ਲਿਆ ਹੈ।
66 ਨਵੇਂ ਗਰਿਡ ਸਬ ਸਟੇਸ਼ਨ ਦੀ ਸਥਾਪਨਾ
ਸ਼ਹਿਰ ਦੀ ਬਿਜਲੀ ਸਮੱਸਿਆ ਨੂੰ ਦੂਰ ਕਰਨ ਲਈ ਅੰਡਰ-ਗਰਾਊਂਡ ਮੋਟੀਆਂ ਕੇਬਲਾਂ ਵਿਛਾ ਕੇ ਸੂਬੇ 'ਚ ਅਨੋਖੀ ਕਿਸਮ ਦਾ 66 ਕੇ. ਵੀ. ਗਰਿਡ ਦਾ ਨਵਾਂ ਸਬ ਸਟੇਸ਼ਨ ਬਣਾ ਕੇ ਸ਼ਹਿਰ ਨਿਵਾਸੀਆਂ ਨੂੰ ਤੋਹਫਾ ਮਿਲਿਆ ਹੈ। ਇਸ ਤੋਂ ਇਲਾਵਾ ਸ਼ਹਿਰ ਲਈ ਫਾਇਰ ਬ੍ਰਿਗੇਡ, ਸੁੰਦਰ ਤੇ ਸਵੱਛ ਰੱਖਣ ਲਈ ਹੋਰ ਨਵੇਂ ਸਾਧਨਾਂ ਨੂੰ ਵੀ ਦਿੱਤਾ ਗਿਆ ਹੈ।
ਪਵਿੱਤਰ ਨਗਰੀ ਨੂੰ ਹੈਰੀਟੇਜ ਅਤੇ ਸਮਾਰਟ ਸਿਟੀ ਬਣਾਉਣਾ 'ਚ ਵੱਡੀ ਉਪਲਬਧੀ
ਸਾਲ 2019 'ਚ ਪਾਵਨ ਨਗਰੀ ਨੂੰ ਹੈਰੀਟੇਜ ਦਾ ਦਰਜਾ ਅਤੇ ਸਮਾਰਟ ਸਿਟੀ ਬਣਾਉਣ ਦਾ ਐਲਾਨ ਕਰਕੇ ਹੋਰ ਜੋ ਵਿਕਾਸ ਕਾਰਜਾਂ ਰਾਹੀਂ ਅਲੱਗ ਦਿੱਖ ਪ੍ਰਦਾਨ ਕਰਵਾਉਣਾ ਵੀ ਇਕ ਵੱਡੀ ਉਪਲੱਬਧੀ ਗਿਣੀ ਜਾਵੇਗੀ, ਜਿਸ ਨਾਲ ਸ਼ਹਿਰ ਕਿਸੇ ਕੈਲੀਫੋਰਨੀਆ ਤੋਂ ਘੱਟ ਪ੍ਰਤੀਤ ਨਹੀਂ ਹੋਵੇਗਾ।
ਮੰਡ ਵਾਸੀਆਂ ਨੂੰ ਪੱਕਾ ਪੁਲ ਬਣਾ ਕੇ ਦਿੱਤਾ ਆਜ਼ਾਦੀ ਉਪਰੰਤ ਤੋਹਫਾ
ਮੰਡ ਖੇਤਰ ਦੇ 16 ਪਿੰਡਾਂ ਨੂੰ ਹਰ ਸਾਲ ਹੜ੍ਹ ਦੀ ਮਾਰ ਹੇਠਾਂ ਬਚਾਉਣ ਲਈ ਪਲਟੂਨ ਬ੍ਰਿਜ ਦੀ ਜਗ੍ਹਾ ਨਵਾਂ ਪੱਕਾ ਪੁਲ ਬਣਵਾ ਕੇ ਆਜ਼ਾਦੀ ਤੋਂ ਬਾਅਦ ਜੋ ਤੋਹਫਾ ਮਿਲਿਆ ਹੈ, ਉਹ ਵੀ ਹਲਕੇ ਦੀ ਸਭ ਤੋਂ ਵੱਡੀ ਉਪਲਬਧੀ 'ਚ ਗਿਣਿਆ ਜਾਵੇਗਾ।
ਕੀ ਕਹਿੰਦੇ ਹਨ ਵਿਧਾਇਕ ਚੀਮਾ
ਇਸ ਸਬੰਧੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਇਹ ਮੇਰਾ ਸੁਭਾਗ ਹੈ ਕਿ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਸ ਪਾਵਨ ਨਗਰੀ ਦਾ ਵਿਕਾਸ ਕਰਵਾਉਣ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਜੋ ਇਸ ਪਾਵਨ ਨਗਰੀ ਦੇ ਵਿਕਾਸ ਲਈ ਕੀਤਾ ਹੈ ਉਹ ਕਦੇ ਨਾ ਤਾਂ ਪਹਿਲਾਂ ਹੋਇਆ ਸੀ ਤੇ ਨਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਤਾਂ ਹਾਲੇ ਸ਼ੁਰੂਆਤ ਸੀ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਕਿ ਪਾਵਨ ਨਗਰੀ ਦਾ ਇੰਨਾ ਸੁੰਦਰ ਰੂਪ ਹੋਵੇਗਾ।