ਪਵਿੱਤਰ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਨਾ ਹੋਣ ਕਾਰਨ ਉੱਡ ਰਹੀ ਧੂੜ, ਸੰਗਤਾਂ ਪ੍ਰੇਸ਼ਾਨ

09/20/2019 11:09:15 AM

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਨਗਰ ਕੀਰਤਨ ਜਿੱਥੇ ਸੁਲਤਾਨਪੁਰ ਲੋਧੀ ਪੁੱਜ ਰਹੇ ਹਨ, ਉੱਥੇ ਹੀ ਵੱਡੀ ਗਿਣਤੀ 'ਚ ਸ਼ਰਧਾਲੂ ਵੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਆ ਰਹੇ ਹਨ। ਗੁਰੂ ਨਗਰੀ ਦੀਆਂ ਸੜਕਾਂ ਦੀ ਸਾਫ-ਸਫਾਈ ਨਾ ਹੋਣ 'ਤੇ ਉੱਡ ਰਹੀ ਧੂੜ ਕਾਰਨ ਸੰਗਤਾਂ ਪਰੇਸ਼ਾਨ ਹੋ ਰਹੀਆਂ ਹਨ । ਜ਼ਿਲਾ ਪ੍ਰਸ਼ਾਸਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਕ ਤੇ ਪਵਿੱਤਰ ਨਗਰੀ ਦੀ ਸਫਾਈ ਲਈ ਪੰਜਾਬ ਸਰਕਾਰ, ਜ਼ਿਲਾ ਪ੍ਰਸ਼ਾਸਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਹੈ, ਜਿਸ ਦੇ ਬਾਵਜੂਦ ਸੜਕਾਂ 'ਤੇ ਸਫਾਈ ਦੀ ਝਲਕ ਨਜ਼ਰ ਨਹੀਂ ਆ ਰਹੀ ।

ਬੀਤੇ ਦਿਨ ਪ੍ਰਸ਼ਾਸ਼ਨ ਵਲੋਂ 800 ਮੁਲਾਜ਼ਮ ਲਗਾ ਕੇ ਸਥਾਨਕ ਸ਼ਹਿਰ ਦੀਆਂ ਸਮੂਹ ਸੜਕਾਂ ਦੀ ਸਫਾਈ ਕੀਤੀ ਗਈ, ਜਿਸਦੀ ਸ਼ੁਰੂਆਤ ਗੁਰਦੁਆਰਾ ਬੇਰ ਸਾਹਿਬ ਸਾਹਮਣੇ ਝਾੜੂ ਦੇ ਕੇ ਅਧਿਕਾਰੀਆਂ ਵਲੋਂ ਕੀਤੀ ਗਈ। 'ਜਗਬਾਣੀ' ਦੀ ਟੀਮ ਨੇ ਦੁਪਹਿਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਰੋਡ 'ਤੇ ਸਫਰੀ ਪੈਲਸ ਅਤੇ ਸਾਬਕਾ ਕੈਬਨਿਟ ਮੰਤਰੀ ਦੀ ਕੋਠੀ ਮੁਹਰੇ ਦੇਖਿਆ ਕਿ ਸੜਕ ਧੂੜ-ਮਿੱਟੀ ਨਾਲ ਭਰੀ ਹੋਈ ਹੈ, ਜਿਸ ਨੂੰ ਦੇਖ ਕੇ ਬਾਹਰੋਂ ਆਈ ਸੰਗਤ ਹੈਰਾਨ ਹੋ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਜਿੱਥੇ ਸੰਤਾਂ ਮਹਾਂਪੁਰਸ਼ਾਂ ਵਲੋਂ ਕਾਰ ਸੇਵਾ ਰਾਹੀਂ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ ਹਨ, ਉੱਥੇ ਸੂਬਾ ਸਰਕਾਰ ਵਲੋਂ ਟੈਟ ਸਿਟੀ ਤੇ ਪਾਰਕਿੰਗ ਆਦਿ ਬਣਾਉਣ ਦਾ ਕੰਮ ਜੋਰਾਂ 'ਤੇ ਚੱਲ ਰਿਹਾ ਹੈ। ਸਫੈਦ ਪੇਂਟ ਕਰਨ ਦੀ ਸੇਵਾ ਵੀ ਚੱਲ ਰਹੀ ਹੈ। ਸੁਲਤਾਨਪੁਰ ਲੋਧੀ 'ਚ ਰੋਜ਼ਾਨਾ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਸਫਾਈ ਅਤੇ ਪੇਂਟ ਕਰਕੇ ਹੱਥ 'ਚ ਬੁਰਛ ਫੜ ਕੇ ਫੋਟੋਆਂ ਖਿਚਵਾ ਰਹੇ ਹਨ । ਲੋਕ ਇਨਸਾਫ ਪਾਰਟੀ ਦੇ ਜ਼ਿਲਾ ਪ੍ਰਧਾਨ ਦਲਜੀਤ ਸਿੰਘ ਦੂਲੋਵਾਲ ਤੇ ਨਛੱਤਰ ਸਿੰਘ ਚੰਦੀ ਨੇ ਮੰਗ ਕੀਤੀ ਹੈ ਕਿ ਹੁਣ ਸ਼ਹਿਰ ਦੀ ਸਫਾਈ ਨੂੰ ਸਾਫ ਕੀਤਾ ਜਾਵੇ ।


rajwinder kaur

Content Editor

Related News