ਜਨਮ ਦਿਹਾੜੇ ’ਤੇ ਵਿਸ਼ੇਸ਼: ਬਾਦਸ਼ਾਹ-ਏ-ਹਿੰਦ, ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ

Sunday, May 03, 2020 - 04:11 PM (IST)

ਜਨਮ ਦਿਹਾੜੇ ’ਤੇ ਵਿਸ਼ੇਸ਼: ਬਾਦਸ਼ਾਹ-ਏ-ਹਿੰਦ, ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ

18ਵੀਂ ਸਦੀ ਦੇ ਮਹਾਨ ਸੂਰਵੀਰ ਯੋਧੇ ਜਰਨੈਲ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ, ਜਿੰਨਾ ਨੇ ਜੰਗਲਾਂ ਬੇਲਿਆ ਅਤੇ ਪਹਾੜਾਂ ਵਿਚ ਰਹਿ ਰਹੇ ਸਿੰਘਾਂ (ਜਿੰਨਾਂ ਨੂੰ ਸਮੇਂ ਦੀਆਂ ਹਕੂਮਤਾਂ ਖਤਮ ਕਰਨਾ ਚਾਹੁੰਦੀਆਂ ਸਨ), ਨੂੰ ਦੋ ਘੱਲੂਘਾਰਿਆਂ, 7 ਕਤਲੇਆਮਾਂ ਤੇ ਸੈਕੜੇਂ ਯੁੱਧਾਂ ਵਿਚੋਂ ਕੱਢਕੇ ਸਿੱਖ ਰਾਜ ਸਥਾਪਤ ਹੀ ਨਹੀਂ ਕੀਤਾ, ਸਗੋਂ 800 ਸਾਲਾਂ ਤੋਂ ਵਿਦੇਸ਼ੀ ਹਕੂਮਤਾਂ ਦੇ ਗੁਲਾਮ ਭਾਰਤ ਨੂੰ ਵੀ ਆਜ਼ਾਦ ਕਰਵਾਇਆ। ਸ. ਜੱਸਾ ਸਿੰਘ ਜੀ ਆਹਲੂਵਾਲੀਆ ਨੇ ਜਦ ਸਿੱਖ ਕੌਮ ਦੀ ਵਾਗਡੋਰ ਸੰਭਾਲੀ, ਉਦੋ ਜਿੱਥੇ ਇਕ ਪਾਸੇ ਮੁਗਲਾਂ ਨੇ ਸਿੱਖਾਂ ਨੂੰ ਖਤਮ ਕਰਨ ਲਈ ਸਿੱਖਾਂ ਦੇ ਸਿਰਾਂ ਦੇ ਮੁੱਲ ਤਹਿ ਕੀਤੇ ਸਨ, ਉਥੇ ਅਬਦਾਲੀ ਵੀ ਸਿੱਖਾਂ ਨੂੰ ਖਤਮ ਕਰਨ ਲਈ ਪੂਰੀ ਤਾਕਤ ਲਗਾ ਰਿਹਾ ਸੀ। ਪਰ ਸ.ਜੱਸਾ ਸਿੰਘ ਦੀ ਦੂਰਅੰਦੇਸ਼ੀ ਸੂਰਬੀਰਤਾ ਤੇ ਗੁਰੀਲਾ ਯੁੱਧ ਨੀਤੀ ਦੇ ਸਦਕਾ ਸਿੱਖਾਂ ਨੇ ਦੁਸ਼ਮਣਾਂ ਦੇ ਅਜਿਹੇ ਦੰਦ ਖੱਟੇ ਕੀਤੇ ਕਿ ਉਹ ਸਿੱਖਾਂ ਤੋਂ ਥਰ-ਥਰ ਕੰਬਣ ਲਗ ਪਏ। ਜਿਥੇ ਸਿੱਖ ਲੁੱਕ ਛੁਪ ਕੇ ਰਹਿੰਦੇ ਸਨ, ਖੁੱਲ ਕੇ ਕਿਤੇ ਆ ਜਾ ਨਹੀਂ ਸੀ ਸਕਦੇ, ਉਥੇ ਹੀ ਜੱਸਾ ਸਿੰਘ ਦੀ ਸੂਰਬੀਰਤਾ ਅਤੇ ਬਹਾਦੁਰੀ ਸਦਕਾ ਲਾਹੌਰ (ਪਾਕਿਸਤਾਨ) ਤੋਂ ਦਿੱਲੀ ਤੱਕ ਖਾਲਸੇ ਦਾ ਰਾਜ ਕਾਇਮ ਹੋ ਗਿਆ।

ਜੱਸਾ ਸਿੰਘ ਬਹੁਤ ਹੀ ਸੰਤੋਖੀ ਸੁਭਾਅ ਦੇ ਮਾਲਿਕ ਅਤੇ ਗੁਰੂ ਘਰ ਨੂੰ ਸਮਰਪਿਤ ਸਨ। ਸ. ਜੱਸਾ ਸਿੰਘ ਜੀ, ਜਿਸ ਇਲਾਕੇ ’ਤੇ ਕਬਜ਼ਾ ਕਰਦੇ ਗਏ, ਉੱਥੇ ਗੁਰੂ ਸਾਹਿਬਾਂ ਦੇ ਅਸਥਾਨਾਂ ’ਤੇ ਗੁਰਦੁਆਰੇ ਸਥਾਪਿਤ ਕਰਦੇ ਗਏ। ਜਿੱਤਾਂ ਤੋਂ ਪ੍ਰਾਪਤ ਧਨ ਗੁਰੂ ਘਰ ਲਈ ਅਤੇ ਲੋੜਵੰਦਾਂ ਵਿਚ ਵੰਡ ਦਿੰਦੇ ਅਤੇ ਜਿੱਤਾਂ ਵਿਚ ਪ੍ਰਾਪਤ ਇਲਾਕੇ ਦਲ ਖਾਲਸੇ ਦੀਆਂ ਹੋਰਨਾਂ ਮਿਸਲਾਂ ਵਿਚ ਵੰਡ ਦਿੰਦੇ। ਗੁਰੂ ਸਾਹਿਬਾਂ ਦੇ ਅਸਥਾਨਾਂ ’ਤੇ ਗੁਰਦੁਆਰੇ ਬਣਾਉਣ ਦੀ ਸ਼ੁਰੂਆਤ ਅਸਲ ਵਿਚ ਸ.ਜੱਸਾ ਸਿੰਘ ਆਹਲੂਵਾਲੀਆ ਨੇ ਹੀ ਕੀਤੀ। ਜਿੱਥੇ ਇਨ੍ਹਾਂ ਨੇ ਸਿੱਖੀ ਦੀ ਹੋਂਦ ਨੂੰ ਬਚਾਇਆ, ਉੱਥੇ ਸਿੱਖ ਰਾਜ ਸਥਾਪਿਤ ਕਰਨ ਦਾ ਸਿਹਰਾ ਜੱਸਾ ਸਿੰਘ ਆਹਲੂਵਾਲੀਆ ਨੂੰ ਹੀ ਜਾਂਦਾ ਹੈ। ਜੱਸਾ ਸਿੰਘ ਆਹਲੂਵਾਲੀਆਂ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਮੌਜੂਦਾ ਇਮਾਰਤ ਤੋਂ ਇਲਾਵਾ ਸਰਹਿੰਦ ਦਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਅਨੰਦਪੁਰ ਸਾਹਿਬ ਅਤੇ ਦਿੱਲੀ ਦੇ ਗੁਰਦੁਆਰੇ ਤੇ ਪਾਕਿਸਤਾਨ ਦੇ ਅਨੇਕਾਂ ਗੁਰੂਦੁਆਰਿਆ ਦੀ ਉਸਾਰੀ ਕਰਵਾਈ। ਜੱਸਾ ਸਿੰਘ ਆਹਲੂਵਾਲੀਆਂ ਜੀ ਨੇ ਦੂਰਅੰਦੇਸ਼ੀ ਤੇ ਸੂਰਬੀਰਤਾ ਸਦਕਾ, ਦਲ ਖਾਲਸੇ ਦੇ ਮੁੱਖੀ, ਨਵਾਬ, ਬੰਦੀਛੋੜ ਬਾਦਸ਼ਾਹ ਸਿੱਖਾਂ ਦੇ ਇਕਲੋਤੇ ਸੁਲਤਾਨ-ਉਲ-ਕੌਮ (ਪੰਥ ਦਾ ਬਾਦਸ਼ਾਹ), ਅਕਾਲ ਤਖਤ ਦੇ ਜਥੇਦਾਰ, ਪੰਥ ਦਾ ਰਾਜਸੀ ਤੇ ਧਾਰਮਿਕ ਆਗੂ, ਆਹਲੂਵਾਲੀਆ ਮਿਸਲ ਦੇ ਬਾਨੀ, ਬਾਦਸ਼ਾਹ-ਏ-ਹਿੰਦ (ਭਾਰਤ ਦਾ ਬਾਦਸ਼ਾਹ) ਵਰਗੇ ਸਨਮਾਨ ਤੇ ਅਹੁਦੇ ਪ੍ਰਾਪਤ ਕੀਤੇ।

ਸੰਖੇਪ ਜੀਵਨ
ਸ. ਬਦਰ ਸਿੰਘ ਦੇ ਘਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਦਿੱਤੀ ਗਈ ਅਸੀਸ ਸਦਕਾ “ਗੁਰੂ ਕੇ ਲਾਲ ਸ. ਜੱਸਾ ਸਿੰਘ ਜੀ ਆਹਲੂਵਾਲੀਆ ਦਾ ਜਨਮ ਮਾਤਾ ਜੀਵਨ ਕੌਰ ਦੀ ਕੁੱਖੋਂ 3 ਮਈ 1718 ਈ: ਨੂੰ ਪਿੰਡ ਆਹਲੂ ਜ਼ਿਲਾ ਲਾਹੌਰ (ਹੁਣ ਪਾਕਿਸਤਾਨ) ਵਿਚ ਹੋਇਆ। ਜੱਸਾ ਸਿੰਘ 5 ਸਾਲ ਦੇ ਸਨ, ਜਦ ਉਨ੍ਹਾਂ ਦੇ ਪਿਤਾ ਅਕਾਲ ਚਲਾਣਾ ਕਰ ਗਏ। ਮਾਤਾ ਸੁੰਦਰੀ ਜੀ ਦੇ ਦਰਸ਼ਨਾਂ ਨੂੰ ਜਾ ਰਹੀ ਸੰਗਤ ਨਾਲ ਆਪ ਅਤੇ ਆਪ ਦੀ ਮਾਤਾ ਜੀਵਨ ਕੌਰ ਦਿੱਲੀ ਗਏ। ਇੱਥੇ ਮਾਤਾ ਸੁੰਦਰੀ ਜੀ ਨੇ ਜੱਸਾ ਸਿੰਘ ਦਾ ਗੁਰਬਾਣੀ ਨਾਲ ਪਿਆਰ ਵੇਖ ਮਾਤਾ ਸੁੰਦਰੀ ਜੀ ਨੇ ਜੱਸਾ ਸਿੰਘ ਨੂੰ ਆਪਣੇ ਕੋਲ ਦਿੱਲੀ ਰੱਖ ਲਿਆ ਤੇ ਪੁੱਤਰਾਂ ਵਾਂਗ ਪਾਲਿਆ ਅਤੇ ਪੜ੍ਹਾਇਆ, ਲਿਖਾਇਆ। ਸੱਤ ਸਾਲ ਜੱਸਾ ਸਿੰਘ ਜੀ ਦਿੱਲੀ ਰਹੇ ਤੇ ਵਾਪਸ ਪੰਜਾਬ ਆਉਣ ਲੱਗਿਆ ਮਾਤਾ ਸੁੰਦਰੀ ਜੀ ਨੇ ਆਪ ਨੂੰ ਸੁੰਦਰ ਵਸਤਰ ਤੇ ਅਨੇਕਾਂ ਵਸਤਾਂ ਦੇ ਨਾਲ ਅਸੀਸਾਂ ਦੇ ਕੇ ਵਿਦਾ ਕੀਤਾ।

ਫਿਰ ਅੰਮ੍ਰਿਤਸਰ ਆ ਕੇ ਆਪ ਨੇ ਭਾਈ ਮਨੀ ਸਿੰਘ ਤੋਂ ਗੁਰਮੁੱਖੀ ਸਿੱਖੀ। ਆਪ ਕੀਰਤਨ ਵੀ ਬਹੁਤ ਵਧੀਆ ਕਰਦੇ ਸਨ। ਵਿਸਾਖੀ ਵਾਲੇ ਦਿਨ ਆਪ ਵਲੋਂ ਗਾਈ ਜਾ ਰਹੀ “ਆਸਾ ਦੀ ਵਾਰ’’ ਨੇ ਨਵਾਬ ਕਪੂਰ ਸਿੰਘ ਨੂੰ ਬਹੁਤ ਪ੍ਰਭਾਵਿਤ ਕੀਤਾ। ਨਵਾਬ ਕਪੂਰ ਸਿੰਘ ਜੱਸਾ ਸਿੰਘ ਨੂੰ ਕਰਤਾਰਪੁਰ ਆਪਣੇ ਡੇਰੇ ਲੈ ਗਏ। ਨਵਾਬ ਕਪੂਰ ਸਿੰਘ ਨੇ ਜੱਸਾ ਸਿੰਘ ਨੂੰ ਆਪਣਾ ਧਰਮਪੁੱਤਰ ਬਣਾ ਲਿਆ ਤੇ ਖੁਦ ਸ਼ਸਤਰ ਵਿੱਦਿਆ ਤੇ ਘੋੜਸਵਾਰੀ ਵਿਚ ਨਿਪੁੰਨ ਕਰ ਦਿੱਤਾ। ਜੱਸਾ ਸਿੰਘ ਦੀ ਗਿਣਤੀ ਪ੍ਰਮੁੱਖ ਯੋਧਿਆਂ ਵਿਚ ਹੋਣ ਲੱਗੀ। ਇਹ ਉਹ ਸਮਾਂ ਸੀ, ਜਦੋਂ ਸਮੇਂ ਦੀਆਂ ਸਰਕਾਰਾਂ ਸਿੱਖ ਕੌਮ ਨੂੰ ਖਤਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਸਨ।

2 ਜੂਨ 1746 ਈ. ਨੂੰ ਸਿੱਖ ਇਤਿਹਾਸ ਦਾ ਛੋਟਾ ਘੱਲੂਘਾਰਾ ਵਾਪਰਿਆ। ਇਹ ਉਹ ਦਿਨ ਸੀ ਜਦ ਸਿੱਖਾਂ ਦਾ ਇਕ ਦਿਨ ਵਿਚ ਸਭ ਤੋਂ ਵੱਧ ਨੁਕਸਾਨ ਹੋਇਆ ਸੀ। ਜਿਸ ਵਿਚ 8-10 ਹਾਰ ਸਿੱਖ ਇੱਕ ਦਿਨ ਵਿਚ ਮਾਰੇ ਗਏ ਸਨ। ਗੁੱਸੇ ਵਿਚ ਆਏ ਸਿੱਖਾਂ ਨੇ ਅੰਮ੍ਰਿਤਸਰ ਨੂੰ ਅਜ਼ਾਦ ਕਰਵਾਉਣ ਲਈ ਤਿਆਰੀ ਆਰੰਭ ਦਿੱਤੀ। ਨਵਾਬ ਕਪੂਰ ਸਿੰਘ ਨੇ ਇਸ ਕੰਮ ਦੀ ਜ਼ਿੰਮੇਵਾਰੀ ਜੱਸਾ ਸਿੰਘ ਆਹਲੂਵਾਲੀਆਂ ਨੂੰ ਸੌਂਪ ਦਿੱਤੀ। ਜੱਸਾ ਸਿੰਘ ਨੇ ਝਟਪਟ ਵਿਉਂਤ ਬਣਾ ਕੇ ਅੰਮ੍ਰਿਤਸਰ ’ਤੇ ਹੱਲਾ ਬੋਲ ਦਿੱਤਾ। ਸਲਾਬਤ ਖਾਨ ਵਿਰੁੱਧ ਇਸ ਜੰਗ ਵਿਚ ਸਿੱਖ ਆਸਾਨੀ ਨਾਲ ਜਿੱਤ ਗਏ।

1747 ਈ. ਦੀ ਮਾਰਚ ਦੇ ਤੀਸਰੇ ਹਫਤੇ ਜੱਸਾ ਸਿੰਘ ਦੀ ਅਗਵਾਈ ਵਿਚ ਸਿੱਖਾਂ ਦਾ ਅੰਮ੍ਰਿਤਸਰ ’ਤੇ ਕਬਜ਼ਾ ਹੋ ਗਿਆ। ਕਈ ਸਾਲਾਂ ਮਗਰੋਂ ਸਿੰਘਾਂ ਨੇ ਅੰਮ੍ਰਿਤਸਰ ਵਿਸਾਖੀ ਮਨਾਈ। ਜੱਸਾ ਸਿੰਘ ਨੇ ਕਿਹਾ ਸਿੰਘ ਕਦ ਤੱਕ ਭੱਜ ਕੇ ਜੰਗਲਾਂ ਬੇਲਿਆ ਅਤੇ ਪਹਾੜਾਂ ਵਿਚ ਰਹਿ ਕੇ ਗੁਜਾਰਾਂ ਕਰਨਗੇ, ਕੋਈ ਕਿਲ੍ਹਾ ਜਾਂ ਗੜ੍ਹੀ ਰਚ ਕੇ ਪੱਕੇ ਪੈਰ ਜਮਾਉਣੇ ਚਾਹੀਦੇ ਹਨ। ਸਰਬਤ ਖਾਲਸੇ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਉਦਿਆਂ ਗੁਰੂ ਰਾਮਦਾਸ ਜੀ ਦੇ ਨਾਂ ’ਤੇ ਕਿਲ੍ਹਾ ਰਾਮ ਰਾਉਣੀ ਦੀ ਉਸਾਰੀ ਕਰਵਾਈ। (ਜਿਸਨੂੰ ਸ੍ਰ. ਜੱਸਾ ਸਿੰਘ ਈਚੋ ਗਿਲੀਏ ਨੇ ਬਾਅਦ ਵਿਚ ਪੱਕਾ ਕਰਵਾਇਆ ਸੀ ਤੇ ਕਿਲ੍ਹਾ ਰਾਮ ਰਾਉਣੀ ਤੋਂ ਰਾਮਗੜ੍ਹ ਬਣ ਗਿਆ ਤੇ ਜੱਸਾ ਸਿੰਘ ਈਚੋਗਿਲੀਆ ਵੀ ਜੱਸਾ ਸਿੰਘ ਰਾਮਗੜ੍ਹੀਆ ਕਰਕੇ ਮਸ਼ਹੂਰ ਹੋਇਆ) 

29 ਮਾਰਚ 1748 ਈ. ਨੂੰ ਨਵਾਬ ਕਪੂਰ ਸਿੰਘ ਨੇ ਦਲ ਖਾਲਸੇ ਦੀ ਸਥਾਪਨਾ ਕੀਤੀ, ਜਿਸ ਦੇ 12 ਜੱਥੇ ਸਨ। ਜਿਸ ਦਾ ਮੁੱਖੀ ਜੱਸਾ ਸਿੰਘ ਆਹਲੂਵਾਲੀਏ ਨੂੰ ਥਾਪਿਆ ਗਿਆ। ਇਨ੍ਹਾਂ ਜੱਥਿਆਂ ਨੂੰ ਬਾਅਦ ਵਿਚ ਮਿਸਲਾਂ ਆਖਿਆ ਜਾਣ ਲੱਗਾ। 10 ਅਕਤੂਬਰ 1753 ਈ. ਨੂੰ ਨਵਾਬ ਕਪੂਰ ਸਿੰਘ ਦਾ ਦਿਹਾਂਤ ਹੋ ਗਿਆ। 1752 ਈਂ ਵਿਚ ਜੱਸਾ ਸਿੰਘ ਆਹਲੂਵਾਲੀਆ ਨੇ ਆਨੰਦਪੁਰ ਸਾਹਿਬ ਦੇ ਇਲਾਕੇ ਵਿਚ ਗੁਰਦੁਆਰਿਆ ਦੀ ਸੇਵਾ ਸੰਭਾਲ ਕਰਵਾਈ। ਇਸ ਮੌਕੇ ਆਪ ਨੇ ਇਕ ਲੱਖ ਖਰਚ ਕੇ ਕਿੱਲੇ ਆਨੰਦਗੜ੍ਹ ਸਾਹਿਬ ਦੀ ਬਾਉਲੀ ਸਾਹਿਬ ਦਾ ਨਿਰਮਾਣ ਵੀ ਕਰਵਾਈਆ। 

1754 ਦੀ ਵਿਸਾਖੀ ਨੂੰ ਸਰਬਤ ਖਾਲਸੇ ਨੇ ਸ.ਜੱਸਾ ਸਿੰਘ ਨੂੰ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਐਲਾਨੀਆ ਤੇ “ਨਵਾਬਂ ਦੀ ਉਪਾਧੀ ਦੇ ਦਿੱਤੀ। ਸਿੱਖਾਂ ਦੇ ਰਾਜਸੀ ਆਗੂ ਤਾਂ ਪਹਿਲਾਂ ਹੀ ਸੀ ਹੁਣ ਧਾਰਮਿਕ ਆਗੂ ਵੀ ਬਣ ਗਏ। ਸ. ਜੱਸਾ ਸਿੰਘ ਜੀ ਹਰ ਦੀਵਾਲੀ ਵਿਸਾਖੀ ਸਿੱਖ ਮਿਸਲਾਂ ਦੁਆਰਾ ਜਿੱਤਾਂ ਵਿਚ ਪ੍ਰਾਪਤ ਇਲਾਕਿਆਂ ਦੀਆਂ ਫਰਦਾ ਬਣਾ ਲਿਆ ਕਰਦੇ ਸਨ। ਜੇ ਕੋਈ ਇਲਾਕਾ ਪਹਿਲਾ ਹੀ ਕਿਸੇ ਮਿਸਲ ਅਧੀਨ ਹੁੰਦਾਂ ਤਾਂ ਜੱਸਾ ਸਿੰਘ ਜੀ ਕਹਿ ਦਿੰਦੇ ਸਨ ਇਹ ਤੁਮਾਰੀ ਮਿਸਲ ਮੈਂ ਨਹੀਂ ਆ ਸਕਤਾ, ਕਿਉਂਕਿ ਪਹਿਲਾ ਹੀ ਅਮਕੇ ਕਿਸੇ ਮਿਸਲ ਕੇ ਸਰਦਾਰ ਕੇ ਪਾਸ ਹੈ। ਕੋਈ ਸਿੱਖ ਜੱਸਾ ਸਿੰਘ ਅੱਗੇ ਅੜ੍ਹੀ ਨਹੀਂ ਸੀ ਕਰਦਾ। ਸੱਤ ਬਚਨ ਕਹਿ ਕੇ ਪਿੱਛੇ ਹੱਟ ਜਾਂਦੇ।

ਮਈ 1757 ਈ. ਵਿਚ ਜਹਾਨ ਖਾਨ ਨੇ ਹਰਿਮੰਦਰ ਸਾਹਿਬ ਦਾ ਸਰੋਵਰ ਪੂਰ ਦਿੱਤਾ ਸੀ। 20 ਅਪ੍ਰੈਲ 1758 ਅਦੀਨਾ ਬੇਗ ਨੇ ਸਿੰਘਾਂ ਅਤੇ ਮਰਾਠਿਆਂ ਦੀ ਮਦਦ ਨਾਲ ਲਾਹੌਰ ’ਤੇ ਕਬਜ਼ਾ ਕਰ ਲਿਆ।ਸ. ਜੱਸਾ ਸਿੰਘ ਨੇ ਆਪਣਾ ਹਿੱਸਾ ਲਿਆ ਅਤੇ ਲਗਪਗ ਸੋ ਅਫਗਾਨੀ ਕੈਦੀ ਫੜ ਕੇ ਲਿਆਂਦੇ ਅਤੇ ਸਰੋਵਰ ਸਾਫ ਕਰਵਾਇਆ। 10 ਅਪ੍ਰੈਲ 1761 ਨੂੰ ਹਿੰਦੂ ਆਗੂਆਂ ਨੇ ਦੱਸਿਆ ਕਿ ਅਬਦਾਲੀ ਸਾਡੀਆਂ ਬਹੁ-ਬੇਟੀਆਂ ਨੂੰ ਬੰਦੀ ਬਣਾ ਕੇ ਲਿਜਾ ਰਿਹਾ ਹੈ, ਮਦਦ ਕਰੋ। ਸ. ਜੱਸਾ ਸਿੰਘ ਆਹਲੂਵਾਲੀਏ ਨੇ ਝਟ ਸਾਰੇ ਖਾਲਸੇ ਨੂੰ ਸੱਦੇ ਭੇਜ ਦਿੱਤੇ ਅਤੇ ਗੋਇੰਦਵਾਲ ਦੇ ਲਾਗੇ ਰੁਕੀ ਅਬਦਾਲੀ ਦੀ ਫੌਜ ’ਤੇ ਰਾਤ ਨੂੰ ਅਚਨਚੇਤ ਹਮਲਾ ਕਰਕੇ ਹਿੰਦੂ ਬਹੁ-ਬੇਟੀਆਂ ਨੂੰ ਬਚਾ ਲਿਆ ਤੇ ਧਨ-ਮਾਲ ਵੀ ਲੁੱਟ ਲਿਆ। ਇਹ ਬਹੁ-ਬੇਟੀਆਂ, ਜਿੰਨਾਂ ਦੀ ਗਿਣਤੀ 2200 ਦੱਸੀ ਜਾਂਦੀ ਹੈ, ਨੂੰ ਸੋ-ਸੋ ਮੋਹਰਾ ਦੇ ਕੇ ਘਰੋਂ ਘਰ ਪਹੁੰਚਾਇਆ। ਇਸ ਹਮਦਰਦੀ ਤੇ ਬਹਾਦਰੀ ਕਰਕੇ ਜੱਸਾ ਸਿੰਘ ਆਹਲੂਵਾਲੀਆ ਦੀ ਪੂਰੇ ਹਿੰਦੂਸਤਾਨ ਵਿਚ ਸੋਭਾ ਹੋਣ ਲੱਗੀ ਅਤੇ “ਬੰਦੀਛੋੜ ਬਾਦਸ਼ਾਹ ਕਰਕੇ ਮਸ਼ਹੂਰ ਹੋ ਗਏ।

ਸਤੰਬਰ 1761 ਨੂੰ ਸ.ਜੱਸਾ ਸਿੰਘ ਆਹਲੂਵਾਲੀਏ ਨੇ ਲਾਹੌਰ ’ਤੇ ਕਬਜ਼ਾ ਕਰ ਲਿਆ। ਪੰਥ ਦੇ ਆਪ ਨੂੰ “ਸੁਲਤਾਨ-ਉਲ-ਕੌਮ (ਪੰਥ ਦਾ ਬਾਦਸ਼ਾਹ) ਐਲਾਨਿਆ। ਆਪ ਸਿੱਖਾਂ ਦੇ ਪਹਿਲੇ ਬਾਦਸ਼ਾਹ ਬਣੇ। ਆਪ ਨੇ ਗੁਰੂ ਸਾਹਿਬ ਨੂੰ ਸਮਰਪਿਤ ਨਾਨਕਸ਼ਾਹੀ ਸਿੱਕਾ ਚਲਾਇਆ। (ਇਸੇ ਸਿੱਕੇ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਜਾਰੀ ਰੱਖਿਆ)। ਲਾਹੌਰ ਦੀ ਜਿੱਤ ਤੋਂ ਬਾਅਦ ਲਾਹੌਰ ਦਾ ਪ੍ਰਬੰਧ ਸ.ਚੜਤ ਸਿੰਘ ਸ਼ੁੱਕਰ ਚੱਕੀਆ (ਮਹਾਰਾਜਾ ਰਣਜੀਤ ਸਿੰਘ ਦਾ ਦਾਦਾ) ਨੂੰ ਸੌਂਪ ਦਿੱਤਾ।   

ਸਿੰਘਾਂ ਵਲੋਂ ਗੋਇੰਦਵਾਲ ਵਿਖੇ ਲੁੱਟਣਾ ਅਤੇ ਲਾਹੌਰ ’ਤੇ ਕਬਜ਼ਾ ਕਰ ਲੈਣ ਕਾਰਨ ਅਹਿਮਦ ਸ਼ਾਹ ਅਬਦਾਲੀ ਸਿੰਘਾਂ ਦਾ ਖੁਰਾਂ ਖੋਂ ਮਿਟਾਉਣ ਲਈ ਤਿੰਨ ਲੱਖ ਦੀ ਫੌਜ ਲੈ ਕੇ ਸਿੰਘਾਂ ਵਿਰੁੱਧ ਟੁਰ ਪਿਆ। 5 ਫਰਵਰੀ 1762 ਈ. ਨੂੰ ਸਿੰਘਾਂ ਤੇ ਹੋਏ ਇਸ ਅਚਨਚੇਤ ਹਮਲੇ ਵਿਚ ਪੰਜੀ-ਤੀਹ ਹਾਰ ਸਿੰਘ ਮਾਰੇ ਗਏ। ਇਸ ਦਿਨ ਨੂੰ “ਵੱਡਾ ਘੱਲੂਘਾਰਾਂ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਇਸ ਹਮਲੇ ਵਿਚ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਤਲਵਾਰਾਂ ਦੇ 22 ਫੱਟ ਲੱਗੇ ਸਨ। ਅਹਿਮਦ ਸ਼ਾਹ ਕੁਝ ਚਿਰ ਸਰਹੰਦ ਰੁਕਣ ਪਿੱਛੋਂ ਵਾਪਸ ਜਾਦਿਆਂ ਹਰਿਮੰਦਰ ਸਾਹਿਬ ਨੂੰ ਬਾਰੂਦ ਨਾਲ ਉੱਡਾ ਗਿਆ। ਅਬਦਾਲੀ ਵਾਪਸ ਜਾਂਦੇ ਸਮੇਂ ਲਾਹੌਰ ’ਤੇ ਆਪਣਾ ਹਾਕਮ ਬਿਠਾ ਗਿਆ ਪਰ 1765 ਈ. ਨੂੰ ਖਾਲਸੇ ਨੇ ਫੇਰ ਲਾਹੌਰ ’ਤੇ ਪੱਕਾ ਕਬਜ਼ਾ ਕਰ ਲਿਆ। 

ਖਾਲਸ ਦੇ ਇੰਨੇ ਨੁਕਸਾਨ ਦੇ ਬਾਵਜੂਦ ਜੱਸਾ ਸਿੰਘ ਆਹਲੂਵਾਲੀਆ ਜੀ ਨੇ 2 ਸਾਲ ਨਾ ਲੰਘਣ ਦਿੱਤੇ ਕਿ 14 ਜਨਵਰੀ 1764 ਈ: ਨੂੰ ਸਰਹੰਦ ’ਤੇ ਹਮਲਾ ਕਰ ਕੇ ਜਿੱਤ ਪ੍ਰਾਪਤ ਕੀਤੀ। ਇੱਥੇ ਕਿਸੇ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਸਰਹਿੰਦ ਦੇ ਕਿਲੇ ਅੰਦਰ ਖੋਤੇ ਹੱਲ ਵਾਹਿਆ ਕਰਨਗੇ। ਜੱਸਾ ਸਿੰਘ ਉਸੇ ਸਮੇਂ ਸ਼ਹਿਰ ਵਿਚੋਂ ਖੋਤੇ ਮੰਗਵਾਕੇ ਅੰਦਰ ਹੱਲ ਚਲਵਾ ਦਿੱਤੇ ਤੇ ਗੁਰੂ ਸਾਹਿਬ ਦੇ ਬਚਨ ਪੂਰੇ ਕਰ ਦਿੱਤੇ। ਸਰਹਿੰਦ ਦਾ ਕਿੱਲਾ ਢਹਿ ਢੇਰੀ ਹੋ ਗਿਆ। ਜਾਂਦੇ ਸਮੇਂ ਸਿੰਘ ਕਿੱਲੇ ਦੀਆਂ ਇੱਟਾ ਨਾਲ ਲੈ ਜਾਂਦੇ ਰਹੇ ਅਤੇ ਦੂਰ ਰਸਤੇ ਵਿਚ ਆਉਦੇ ਦਰਿਆਵਾਂ ਵਿਚ ਸੁਟਦੇ ਰਹੇ। ਗੰਗੂ ਬ੍ਰਾਹਮਣ ਅਤੇ ਉਸ ਦਾ ਪਰਿਵਾਰ, ਜੋ ਉਸ ਸਮੇਂ ਮੋਰਿੰਡੇ ਵਿਚ ਸੀ, ਨੂੰ ਉਥੇ ਜਾ ਕੇ ਸੋਧਿਆ। ਸ.ਜੱਸਾ ਸਿੰਘ ਨੇ ਛੋਟੇ ਸਹਿਬਜ਼ਾਦੇ ਦੇ ਨਾਮ ’ਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਉਸਾਰੀ ਕਰਵਾਈ। ਸਰਹਿੰਦ ਦਾ ਪ੍ਰਬੰਧ ਭਾਈ ਬੁੱਢਾ ਸਿੰਘ ਹਵਾਲੇ ਕਰ ਕੇ ਵਾਪਸ ਆ ਗਏ (2 ਅਗਸਤ 1764 ਨੂੰ ਬੁੱਢਾ ਸਿੰਘ ਨੇ 25 ਹਜ਼ਾਰ ਵਿਚ ਸ਼ਹਿਰ ਦਾ ਪ੍ਰਬੰਧ ਬਾਬਾ ਆਲਾ ਸਿੰਘ ਪਟਿਆਲੇ ਵਾਲੇ ਨੂੰ ਦੇ ਦਿੱਤਾ)। ਸਰਹਿੰਦ ਦੀ ਜਿੱਤ ਵਿਚੋਂ ਆਪ ਨੂੰ ਨੋ ਲੱਖ ਰੁਪਿਆ ਪ੍ਰਾਪਤ ਹੋਇਆ। ਆਪ ਨੇ ਸਾਰੇ ਦਾ ਸਾਰਾ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿਚ 3 ਅਪ੍ਰੈਲ 1764 ਈ. ਨੂੰ ਚਾਦਰ ਵਿਸ਼ਾ ਕੇ ਢੇਰੀ ਕਰ ਦਿੱਤਾ ਤੇ 7 ਅਪ੍ਰੈਲ 1764 ਈ. ਨੂੰ ਦਰਬਾਰ ਸਾਹਿਬ ਦੀ ਮੁੜ ਨੀਂਹ ਰੱਖ ਕੇ ਉਸਾਰੀ ਸ਼ੁਰੂ ਕਰਵਾ ਦਿੱਤੀ। ਆਪ ਨੇ ਹੀ ਦਰਸ਼ਨੀ ਡਿਉੜੀ ਵੀ ਬਣਾਈ। ਜੱਸਾ ਸਿੰਘ ਨੇ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿਚ ਇਕ ਆਹਲੂਵਾਲੀਆ ਬੁੰਗਾਂ, ਵਪਾਰ ਵਾਸਤੇ ਕਟੜਾ ਆਹਲੂਵਾਲੀਆ ਤੇ ਇਕ ਕਿਲਾ ਵੀ ਬਣਵਾਇਆ। ਜਿੱਥੇ ਰਹਿ ਕੇ ਆਪ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ। 
 
ਜੱਸਾ ਸਿੰਘ ਨੇ ਗੁ: ਫਤਿਹਗੜ੍ਹ ਸਾਹਿਬ, ਸਰਹੰਦ, ਪਾਕਿਸਤਾਨ ਵਿਚ ਗੁ: ਬਾਲ ਲੀਲਾ ਆਦਿ ਦਿੱਲੀ ਦੇ ਗੁਰਦੁਆਰੇ, ਆਨੰਦਪੁਰ ਦੇ ਗੁਰਦੁਆਰੇ ਤੇ ਕਿਲਾ ਆਨੰਦਗੜ੍ਹ ਸਾਹਿਬ ਦੀ ਬਾਉਲੀ ਸਾਹਿਬ ਦਾ ਨਿਰਮਾਣ ਆਪ ਨੇ ਹੀ ਕਰਵਾਇਆ। ਅਸਲ ਵਿਚ ਗੁਰੂ ਸਾਹਿਬ ਦੀਆਂ ਯਾਦਗਾਰਾਂ ਤੇ ਗੁਰਦੁਆਰਿਆਂ ਦੀ ਉਸਾਰੀ ਦੀ ਸ਼ੁਰੂਆਤ ਸ.ਜੱਸਾ ਸਿੰਘ ਜੀ ਆਹਲੂਵਾਲੀਆ ਨੇ ਕੀਤੀ ਸੀ। 1773-74 ਈ. ਨੂੰ ਰਾਇ ਇਬਰਾਹਿਮ ਲੋਧੀ ਤੋਂ ਕਪੂਰਥਲਾ ਜਿੱਤ ਕੇ ਇਸ ਨੂੰ ਆਪਣੀ ਰਿਆਸਤ ਦੀ ਰਾਜਧਾਨੀ ਬਣਾਇਆ।

ਉੱਤਰ ਅਤੇ ਪੱਛਮ ਭਾਰਤ ਦੇ ਲਗਭਗ ਸਾਰੇ ਇਲਾਕੇ ’ਤੇ ਕਬਜ਼ਾ ਕਰਨ ਤੋਂ ਬਾਅਦ 9 ਮਾਰਚ 1783 ਵਿਚ ਦਲ ਖਾਲਸੇ ਦੀ 30,000 ਜੱਸਾ ਸਿੰਘ ਦੀ ਆਹਲੂਵਾਲੀਆ ਦੀ ਅਗਵਾਈ ਵਿਚ ਦਿੱਲੀ ’ਤੇ ਹਮਲਾ ਕਰ ਦਿੱਤਾ। ਮੁਗਲ ਸ਼ਾਸਕ ਨੇ ਸਿੱਖਾਂ ਦੇ ਸੁਲਤਾਨ-ਉਲ-ਕੋਮ ਜੱਸਾ ਸਿੰਘ ਦੀ ਆਹਲੂਵਾਲੀਆ ਦੀ ਅਗਵਾਈ ਵਿਚ ਸਿੱਖ ਫੌਜ ਦੀ ਸ਼ਹਿਰ ਅੰਦਰ ਦਾਖਲ ਹੋਣ ਖਬਰ ਸੁਣਦੇ ਹੀ ਸ਼ਹਿਰ ਦੇ ਸਾਰੇ ਦਰਵਾਜ਼ੇ ਬੰਦ ਕਰਵਾ ਦਿੱਤੇ (ਮੁਗਲ ਸ਼ਾਸਕ ਸ਼ਾਹ ਆਲਮ ਜੱਸਾ ਸਿੰਘ ਦੀ ਬਹਾਦੁਰੀਆ ਦੀਆਂ ਗਾਥਾਵਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ। ਉਹ ਇਹ ਵੀ ਜਾਣਦਾ ਸੀ ਕਿ ਕਿਸ ਤਰ੍ਹਾਂ ਜੱਸਾ ਸਿੰਘ ਨੇ ਹਿੰਦੂਸਤਾਨ ਤੋਂ ਲੁੱਟ ਕੇ ਲਿਜਾ ਰਹੇ ਧਨ ਤੇ ਬਹੁ-ਬੇਟੀਆ ਨੂੰ ਅਹਿਮਦ ਸ਼ਾਹ ਕੋਲੋ ਵਾਪਸ ਖੋ ਲਿਆ ਸੀ)। 10 ਮਾਰਚ ਸ਼ਹਿਰ ਦੇ ਬਾਹਰੀ ਹਿੱਸਿਆ ’ਤੇ ਕਬਜ਼ਾ ਕਰਨ ਤੋਂ ਬਾਅਦ, ਜਿਸ ਜਗਾ ’ਤੇ ਸਿੱਖਾਂ ਦੀ 30,000 ਫੌਜ ਇੱਕਠੀ ਹੋਈ, ਉਸ ਜਗਾ ’ਤੇ ਹੁਣ ਤੀਸ ਹਜ਼ਾਰੀ ਕੋਰਟ ਹੈ।

ਜੱਸਾ ਸਿੰਘ ਆਹਲੂਵਾਲੀਆ ਨੇ ਕਿਹਾ ਕੇ ਇਹ ਕੰਧਾ ਅਤੇ ਬੰਦ ਦਰਵਾਜ਼ੇ ਖਾਲਸੇ ਦਾ ਰਾਹ ਨਹੀਂ ਰੋਕ ਸਕਦੇ ਇਹ ਤੋੜ ਦਿਓ। ਸਿੰਘਾਂ ਨੇ ਝੱਟ ਕੰਧ ਤੋੜਨੀ ਸ਼ੁਰੂ ਕਰ ਦਿੱਤੀ। ਜਿਸ ਦੀਵਾਰ ਵਿਚ ਮੋਰੀ ਕਰਕੇ (ਸੰਨ ਲਾ ਕੇ) ਸਿੰਘ ਸ਼ਹਿਰ ਅੰਦਰ ਦਾਖਲ ਹੋਏ, ਉਸ ਦਾ ਨਾਮ ਅੱਜ ਮੋਰੀ ਗੇਟ ਹੈ। 11 ਮਾਰਚ 1783ਈਂ ਨੂੰ ਸਿੱਖਾਂ ਦਾ ਲਾਲ ਕਿੱਲੇ ’ਤੇ ਕਬਜ਼ਾਂ ਹੋ ਗਿਆ। ਲਾਲ ਕਿੱਲੇ ’ਤੇ ਖਾਲਸਾਈ ਨਿਸ਼ਾਨ ਝੁਲਾਏ ਗਏ। ਦਲ ਖਾਲਸਾ ਨੇ ਜੱਥੇਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਲਾਲ ਕਿੱਲੇ ਦੇ ਦੀਵਾਨੇ ਆਮ ਤਖਤ ’ਤੇ ਬਿਠਾ ਦਿੱਤਾ। ਮੋਰਾਂ ਦੇ ਪੰਖਾਂ ਨਾਲ ਚੋਰ ਕੀਤਾ ਗਿਆ। ਉਨ੍ਹਾਂ ਨੂੰ ਬਾਦਸ਼ਾਹ-ਏ-ਹਿੰਦ (ਭਾਰਤ ਦਾ ਬਾਦਸ਼ਾਹ) ਐਲਾਨਿਆ ਗਿਆ। 
ਸ਼ਾਹ ਆਲਮ ਨੇ ਸਮਰੋ ਬੇਗਮ ਤੇ ਆਪਣਾ ਵਕੀਲ ਭੇਂ ਕੇ ਸਿੱਖਾਂ ਨਾਲ ਸਮਝੋਤਾ ਕਰ ਲਿਆ, ਜਿਸ ਦੀਆ ਚਾਰ ਮੰਗਾਂ ਸਨ:- 

1. ਨਜਰਾਨੇ ਵਜੋਂ ਸਿੱਖਾਂ ਨੂੰ ਪੰਜ ਲੱਖ ਭੇਟ ਕੀਤਾ ਗਿਆ।
2. ਕੁਝ ਸਿੱਖ ਆਪਣੇ ਗੁਰੂ ਸਾਹਿਬਾਂ ’ਤੇ ਉਨ੍ਹਾਂ ਦੀਆਂ ਮਹਿਲਾਂ ਦੇ ਅਸਥਾਨਾ ਉੱਤੇ ਗੁਰਦੁਆਰੇ ਬਣਾਉਣ ਤੱਕ ਇੱਥੇ ਰਹਿਣਗੇ।
3. ਦਿੱਲੀ ਦੀ ਕਾਨੂੰਨ ਵਿਵਸਥਾ ਸਿੱਖਾ ਅਧੀਨ ਹੋਵੇਗੀ।
4. ਦਿੱਲੀ ਦੀ ਆਮਦਨ ਵਿਚੋਂ ਪ੍ਰਾਪਤ ਕਰ ਦਾ 1/3 ਹਿੱਸਾ ਸਿੱਖਾ ਨੂੰ ਮਿਲੇਗਾ।

ਜੱਸਾ ਸਿੰਘ ਆਹਲੂਵਾਲੀਆ ਨੇ ਮਾਤਾ ਸੰਦੁਰੀ ਜੀ ਦਾ ਗੁਰਦੁਆਰਾ, ਜਿੱਥੇ ਬਚਪਨ ਵਿਚ ਉਹ ਵੀ ਖੁੱਦ ਵੀ ਰਹਿੰਦੇ ਸਨ ’ਤੇ ਫਿਰ ਮੰਜਨੂੰ ਦਾ ਟਿੱਲਾ ਅਤੇ ਹੋਰ ਸੱਤ ਗੁਰਦੁਆਰਿਆ ਦੀ ਸ਼ੁਰੂਆਤ ਕਰ ਦਿੱਤੀ। ਸ਼ਾਹ ਆਲਮ ਵਲੋਂ ਭੇਟ ਵਿਚ ਨਜਰਾਨੇ ਵਜੋਂ ਮਿਲੇ ਪੰਜ ਲੱਖ ਦਾ ਪੰਜ ਲੱਖ ਸ.ਬਘੇਲ ਸਿੰਘ ਕਰੋੜ ਸਿੰਘੀਏ ਨੂੰ ਗੁਰਦੁਵਾਰਿਆ ਦੀ ਉਸਾਰੀ ਲਈ ਦੇ ਦਿੱਤਾ। ਦਿੱਲੀ ਦੇ ਇਲਾਕੇ ਦੀ ਜ਼ਿੰਮੇਵਾਰੀ ਲੈਣ ਲਈ ਜੱਸਾ ਸਿੰਘ ਰਾਮਗੜ੍ਹੀਏ ਨੇ ਬੇਨਤੀ ਕੀਤੀ ਪਰ ਜੱਸਾ ਸਿੰਘ ਆਹਲੂਵਾਲੀਆ ਨੇ ਕਿਹਾ ਖਾਲਸਾ ਜੀ ਇਸ ਇਲਾਕੇ ਦੀ ਸੇਵਾ ਭਾਈ ਬਘੇਲ ਸਿੰਘ ਨੂੰ ਦੇ ਦਿੱਤੀ ਹੈ ਹੁਣ ਵਾਪਸ ਲੈਣਾ ਠੀਕ ਨਹੀਂ। ਦਲ ਖਾਲਸੇ ਦੀ 4,000 ਫੌਜ ਨੂੰ ਬਘੇਲ ਸਿੰਘ ਕਰੋੜ ਸਿੰਘੀਆ ਕੋਲ ਦਿੱਲੀ ਛੱਡ ਕੇ ਜੱਸਾ ਸਿੰਘੰ ਆਹਲੂਵਾਲੀਆ ਵਾਪਸ ਆ ਗਏ।    

ਜੱਸਾ ਸਿੰਘ ਜੀ ਆਹਲੂਵਾਲੀਆ ਹਰ ਦਿਵਾਲੀ ਵਿਸਾਖੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਜ਼ਰੂਰ ਜਾਂਦੇ ਸਨ। 1783 ਦੀ ਦੀਵਾਲੀ ਨੂੰ ਕਪੂਰਥਲੇ ਤੋਂ ਅੰਮ੍ਰਿਤਸਰ ਜਾਂਦਿਆਂ ਰਸਤੇ ਵਿਚ ਤਰਨਤਾਰਨ ਲਾਗੇ 20 ਅਕਤੂਬਰ ਨੂੰ ਸਿੱਖਾਂ ਦੇ ਮਹਾਨ ਸੂਰਵੀਰ ਯੋਧੇ ਬਾਦਸ਼ਾਹ-ਏ-ਹਿੰਦ, ਸੁਲਤਾਨ-ਉਲ-ਕੌਮ ਬੰਦੀ ਛੋੜ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਦਾ ਲਈ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ। 

ਨਵਾਬ ਜੱਸਾ ਸਿੰਘ ਆਹਲੂਵਾਲੀਆ ਜੀ ਦਾ ਸੰਸਕਾਰ ਆਪ ਜੀ ਦੀ ਇੱਛਾ ਮੁਤਾਬਕ ਗੁਰਦੁਆਰਾ ਬਾਬਾ ਅਟੱਲ ਰਾਏ ਦੀ ਪ੍ਰਕਰਮਾ ਵਿਚ ਨਵਾਬ ਕਪੂਰ ਸਿੰਘ ਦੀ ਸਮਾਧ ਲਾਗੇ ਕੀਤਾ ਗਿਆ (ਨਵਾਬ ਕਪੂਰ ਸਿੰਘ ਦੀ ਸਮਾਧ 12-13 ਅਪ੍ਰੈਲ 1923 ਈ: ਦੀ ਰਾਤ ਨੂੰ ਸ਼੍ਰੋਮਣੀ ਕਮੇਟੀ ਨੇ ਬਾਬਾ ਅਟੱਲ ਰਾਏ ਦੀ ਪ੍ਰਕਰਮਾ ਖੁੱਲੀ ਕਰਨ ਲਈ ਢੁਹਾ ਦਿੱਤੀ)। ਭਾਰਤ ਦੇ ਬਾਦਸ਼ਾਹ ਨਵਾਬ ਸ. ਜੱਸਾ ਸਿੰਘ ਜੀ ਆਹਲੂਵਾਲੀਆ ਦੀ ਸੰਸਕਾਰ ਵਾਲੀ ਜਗ੍ਹਾ ’ਤੇ ਬਣਾਈ ਗਈ ਯਾਦਗਾਰ ਅੱਜ ਵੀ ਮੌਜੂਦ ਹੈ।

ਸ. ਜੱਸਾ ਸਿੰਘ ਆਹਲੂਵਾਲੀਆ ਦਾ ਕੋਈ ਪੁੱਤਰ ਨਹੀਂ ਸੀ, ਇਸ ਲਈ ਉਨ੍ਹਾਂ ਦੀ ਰਿਆਸਤ ਦਾ ਉਤਰਾ ਅਧਿਕਾਰੀ ਉਨ੍ਹਾਂ ਦੇ ਚਾਚੇ ਦਾ ਪੁੱਤਰ ਭਾਗ ਸਿੰਘ ਬਣਿਆ। ਫਿਰ ਉਸਦਾ ਪੁੱਤਰ ਫਤਿਹ ਸਿੰਘ ਆਹਲੂਵਾਲੀਆ, ਜੋ ਬਹੁਤ ਸੂਰਵੀਰ ਅਤੇ ਬਹਾਦੁਰ ਜੋਧਾ ਸੀ। ਮਹਾਰਾਜਾ ਰਣਜੀਤ ਨੇ ਉਸ ਨੂੰ ਆਪਣਾ ਪੱਗਵੱਟ ਭਰਾ ਬਣਾਈਆ ਸੀ।ਫਤਿਹ ਸਿੰਘ ਦੇ ਇਲਾਕੇ ’ਤੇ ਮਹਾਰਾਜਾ ਰਣਜੀਤ ਸਿੰਘ ਨੇ ਕਦੀ ਹਮਲਾ ਨਹੀਂ ਕੀਤਾ ਅਤੇ ਨਾ ਹੀ ਉਸ ਨੂੰ ਆਪਣੇ ਇਲਾਕੇ ਵਿਚ ਮਿਲਾਇਆ। ਜਦ ਅਕਾਲੀ ਫੁੱਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਹਰਿਮੰਦਰ ਸਾਹਿਬ ’ਤੇ ਸੋਨੇ ਦੀ ਸੇਵਾ ਲਈ ਕਿਹਾ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਤੋਂ ਇਲਾਵਾ ਹੋਰ ਸਿੱਖ ਸਰਦਾਰਾ ਨੇ ਕੁੱਲ 64 ਲੱਖ 11 ਹਾਰ ਦਾ ਸੋਨਾ ਚੜ੍ਹਾਇਆ। ਸੋਨਾ ਚੜ੍ਹੇ ਦਾ ਵੇਰਵਾ:-

ਮਹਾਰਾਜਾ ਰਣਜੀਤ ਸਿੰਘ - 16 ਲੱਖ 36 ਹਜ਼ਾਰ
ਮਹਾਰਾਜਾ ਫਤਿਹ ਸਿੰਘ ਆਹਲੂਵਾਲੀਆ - 21 ਲੱਖ 25 ਹਜ਼ਾਰ
ਭੰਗੀ ਮਿਸਲ ਦੇ ਸਰਦਾਰ - 12 ਲੱਖ 30 ਹਜ਼ਾਰ
ਸ. ਖੜਕ ਸਿੰਘ ਕੰਵਰ ਨੋ ਨਿਹਾਲ ਸਿੰਘ - 9 ਲੱਖ 41 ਹਜ਼ਾਰ 
ਰਾਣੀਆ ਅਤੇ ਮਹਾਰਾਣੀਆ ਨੇ- 1 ਲੱਖ 85 ਹਜ਼ਾਰ
ਸਿੱਖ ਸਰਦਾਰਾ ਨੇ -1 ਲੱਖ 28 ਹਜ਼ਾਰ
ਤੇ ਹੋਰ ਸਿੱਖਾ ਨੇ -1 ਲੱਖ 66 ਹਜ਼ਾਰ

ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਦੇ 12 ਦਰਵਾਜ਼ੇ ਬਣਾਏ ਸਨ। ਇਨ੍ਹਾਂ ’ਚੋਂ ਇਕ ਆਹਲੂਵਾਲੀਆ ਦਰਵਾਜ਼ਾ ਸੀ, ਜਿਸ ਦਾ ਨਾਮ ਹੁਣ ਸੁਲਤਾਨਵਿੰਡ ਦਰਵਾਜ਼ੇ ਦੇ ਨਾਮ ਨਾਲ ਪ੍ਰਸਿੱਧ ਹੈ।

ਸੁਲਤਾਨ-ਉਲ-ਕੌਮ ਸ. ਜੱਸਾ ਸਿੰਘ ਜੀ ਆਹਲੂਵਾਲੀਆ ਦੁਆਰਾ ਸਿੱਖ ਕੌਮ ਲਈ ਕੀਤੀਆਂ ਬੇਮਿਸਾਲ ਪ੍ਰਾਪਤੀਆਂ ਦੇ ਬਾਵਜੂਦ ਕਿਸੇ ਵੀ ਸਰਕਾਰ, ਸ਼੍ਰੋਮਣੀ ਕਮੇਟੀ ਜਾਂ ਕਿਸੇ ਵੀ ਸਿੱਖਾਂ ਦੀ ਨੁਮਾਇਦਗੀ ਕਰਨ ਵਾਲੀ ਸੰਸਥਾ ਨੇ ਸ. ਜੱਸਾ ਸਿੰਘ ਨੂੰ ਸਮਰਪਿਤ ਨਾਂ ਕੋਈ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਅਤੇ ਨਾ ਹੀ ਕੋਈ ਢੁੱਕਵੀਂ ਯਾਦਗਾਰ ਬਣਾਈ। ਇਸ ਮਹਾਨ ਸੰਤ ਸਿਪਾਹੀ ਨੂੰ ਕੋਟਾਨ ਕੋਟ ਪ੍ਰਣਾਮ।

ਸ੍ਰ. ਭੁਪਿੰਦਰ ਸਿੰਘ “ਪੰਥ ਦਰਦੀਂ
ਅੰਮ੍ਰਿਤਸਰ 


author

rajwinder kaur

Content Editor

Related News