ਸੁੱਖਾ ਲਾਲੀ ਤੇ ਰੰਧਾਵਾ ਦੇ ਸਬੰਧਾਂ ਦੀ ਜਾਂਚ ਸੀ. ਬੀ. ਆਈ. ਤੋਂ ਹੋਵੇ : ਬੰਟੀ ਰੁਮਾਣਾ

Friday, Jul 03, 2020 - 11:32 AM (IST)

ਸੁੱਖਾ ਲਾਲੀ ਤੇ ਰੰਧਾਵਾ ਦੇ ਸਬੰਧਾਂ ਦੀ ਜਾਂਚ ਸੀ. ਬੀ. ਆਈ. ਤੋਂ ਹੋਵੇ : ਬੰਟੀ ਰੁਮਾਣਾ

ਜਲੰਧਰ (ਮ੍ਰਿਦੁਲ)— ਜ਼ਿਲ੍ਹਾ ਕਾਂਗਰਸ ਜਲੰਧਰ ਸ਼ਹਿਰੀ ਦੇ ਸਾਬਕਾ ਪ੍ਰਧਾਨ ਸੁੱਖਾ ਲਾਲੀ ਦੇ ਮਨੀ ਲਾਂਡਰਿੰਗ ਦੇ ਕਾਰੋਬਾਰ ਪਿੱਛੇ ਪੰਜਾਬ ਦੇ ਜੇਲ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਹੱਥ ਹੈ ਅਤੇ ਈ. ਡੀ. ਵੱਲੋਂ ਕੀਤੀ ਜਾ ਰਹੀ ਕਾਰਵਾਈ 'ਤੇ ਜਾਂਚ 'ਚ ਕੈਪਟਨ ਸਰਕਾਰ ਅੜਿੱਕੇ ਡਾਹ ਰਹੀ ਹੈ। ਇਹ ਦੋਸ਼ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੁਮਾਣਾ ਅਤੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਨੇ ਵੀਰਵਾਰ ਨੂੰ ਇਥੇ ਅਕਾਲੀ ਦਲ ਦੇ ਨੇਤਾ ਹਰਿੰਦਰ ਸਿੰਘ ਢੀਂਡਸਾ ਨੇ ਫਾਰਮ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਲਾਏ।

ਇਹ ਵੀ ਪੜ੍ਹੋ: ਚੀਨ ਨਾਲ ਸਰਹੱਦ 'ਤੇ ਜਾਰੀ ਤਣਾਅ ਦਰਮਿਆਨ ਪ੍ਰਧਾਨ ਮੰਤਰੀ ਮੋਦੀ ਅਚਾਨਕ ਪਹੁੰਚੇ ਲੇਹ

ਬੰਟੀ ਰੁਮਾਣਾ ਨੇ ਮੰਗ ਕੀਤੀ ਕਿ ਸੁੱਖਾ ਲਾਲੀ ਅਤੇ ਰੰਧਾਵਾ ਦੇ ਇਸ ਕਾਰੋਬਾਰ ਦੀ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ ਅਤੇ ਇਨ੍ਹਾਂ ਦੋਵਾਂ ਦੀ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲਾਲੀ ਤਾਂ ਰੰਧਾਵਾ ਦਾ ਫਰੰਟਮੈਨ ਹੈ। ਬੰਟੀ ਰੁਮਾਣਾ ਨੇ ਸੁੱਖਾ ਲਾਲੀ ਅਤੇ ਰੰਧਾਵਾ ਦੀਆਂ ਤਸਵੀਰਾਂ ਵਿਖਾਉਂਦੇ ਹੋਏ ਦੋਸ਼ ਲਾਇਆ ਕਿ ਸੁੱਖਾ ਲਾਲੀ ਸਾਰਾ ਪੈਸਾ ਹਿੰਮਤ ਸਿੰਘ ਰਾਹੀਂ ਅਮਰੀਕਾ 'ਚ ਲਾ ਰਿਹਾ ਹੈ ਅਤੇ ਇਸੇ ਹਿੰਮਤ ਨੂੰ ਅਮਰੀਕਾ 'ਚ ਡਰੱਗ ਦੇ ਕੇਸ 'ਚ ਸਜ਼ਾ ਵੀ ਹੋਈ ਸੀ ਅਤੇ ਉਥੋਂ ਉਸ ਨੂੰ ਡਿਪੋਰਟ ਕੀਤਾ ਗਿਆ ਹੈ। ਉਨ੍ਹਾਂ ਹਿੰਮਤ ਸਿੰਘ ਦੀ ਤਸਵੀਰ ਸਾਬਕਾ ਮੰਤਰੀ ਅਤੇ ਕਾਂਗਰਸੀ ਲੀਡਰ ਸਿੱਧੂ ਨਾਲ ਵੀ ਵਿਖਾਈ ਅਤੇ ਕਿਹਾ ਕਿ ਇਕ ਪਾਸੇ ਤਾਂ ਸਿੱਧੂ ਨਸ਼ਿਆਂ ਵਿਰੁੱਧ ਰੌਲਾ ਪਾ ਰਿਹਾ ਹੈ ਅਤੇ ਦੂਜੇ ਪਾਸੇ ਉਸ ਦੀਆਂ ਤਸਵੀਰਾਂ ਨਸ਼ਿਆਂ ਦੇ ਸੌਦਾਗਰ ਨਾਲ ਹਨ।

ਇਹ ਵੀ ਪੜ੍ਹੋ: ਪ੍ਰੇਮ ਸੰਬੰਧਾਂ ਦਾ ਖ਼ੌਫਨਾਕ ਅੰਜਾਮ, ਪ੍ਰੇਮੀ ਦੀ ਮੌਤ ਤੋਂ ਬਾਅਦ ਕੁਝ ਘੰਟਿਆਂ 'ਚ ਪ੍ਰੇਮਿਕਾ ਨੇ ਵੀ ਤੋੜਿਆ ਦਮ

ਉਨ੍ਹਾਂ ਕਿਹਾ ਕਿ ਕਾਂਗਰਸੀ ਕਹਿੰਦੇ ਕੁਝ ਹਨ ਅਤੇ ਕਰਦੇ ਕੁਝ। ਯੂਥ ਆਗੂ ਨੇ ਦੱਸਿਆ ਕਿ ਈ. ਡੀ. ਵੱਲੋਂ ਹੁਣੇ ਜਿਹੇ ਸੁੱਖਾ ਲਾਲੀ ਦੀ ਕੋਠੀ ਵੀ ਅਟੈਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਲ ਮੰਤਰੀ ਦੇ ਕਿੱਸੇ ਤਾਂ ਪਹਿਲਾਂ ਵੀ ਜੱਗੂ ਭਗਵਾਨਪੁਰੀਆ ਨਾਲ ਜੱਗ-ਜ਼ਾਹਿਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਇਕ ਬਹੁਤ ਵੱਡਾ ਨੈਕਸਜ਼ ਹੈ, ਜਿਸ ਦੀ ਜਾਂਚ ਸੀ. ਬੀ. ਆਈ. ਤੋਂ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੇ ਬੀਜ ਘਪਲੇ 'ਚ ਵੀ ਇਸੇ ਮੰਤਰੀ ਦਾ ਹੱਥ ਰਿਹਾ ਹੈ ਅਤੇ ਹੁਣੇ ਉਸ ਨੇ ਇਕ ਹੋਰ ਵੱਡਾ ਕਾਰਨਾਮਾ ਕੋਆਪ੍ਰੇਟਿਵ ਬੈਂਕਾਂ ਦੀ ਇੰਸ਼ੋਰੈਂਸ ਇਕ ਅਜਿਹੀ ਕੰਪਨੀ ਨੂੰ ਦੇ ਕੇ ਕੀਤਾ ਹੈ, ਜਿਸ ਦਾ ਕੋਈ ਵਜੂਦ ਹੀ ਨਹੀਂ ਹੈ।

ਇਸ ਕੰਪਨੀ ਦਾ ਇੰਸ਼ੋਰੈਂਸ ਦੇ ਕਾਰੋਬਾਰ 'ਚ ਵੀ ਕੋਈ ਰਿਕਾਰਡ ਨਹੀਂ ਹੈ। ਇਸ ਮਾਮਲੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀਆਂ ਦਾ ਬਚਾਅ ਕਰ ਰਹੇ ਹਨ। ਇਸ ਮਾਮਲੇ 'ਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਜਾਖੜ ਵੀ ਅਛੂਤੇ ਨਹੀਂ ਹਨ। ਇਸ ਮੌਕੇ 'ਤੇ ਜ਼ਿਲਾ ਜਥੇਦਾਰ ਸ਼ਹਿਰੀ ਕੁਲਵੰਤ ਸਿੰਘ ਮੰਨਣ, ਬਲਜੀਤ ਸਿੰਘ ਨੀਲਾਮਹਿਲ, ਯੂਥ ਅਕਾਲੀ ਦਲ ਦੋਆਬਾ ਜ਼ੋਨ ਦੇ ਪ੍ਰਧਾਨ ਸੁਖਦੀਪ ਸਿੰਘ ਸੁਕਾਰ, ਸੁਖਮਿੰਦਰ ਸਿੰਘ ਰਾਜਪਾਲ, ਫਗਵਾੜਾ ਦੇ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ, ਅਕਾਲੀ ਦਲ ਦਿਹਾਤੀ ਪ੍ਰਧਾਨ ਤੇਜਿੰਦਰ ਸਿੰਘ ਨਿੱਝਰ, ਗੁਰਪ੍ਰੀਤ ਸਿੰਘ ਖਾਲਸਾ, ਗੁਰਦੇਵ ਸਿੰਘ ਗੋਲਡੀ ਭਾਟੀਆ, ਰਣਜੀਤ ਸਿੰਘ ਖੋਜੇਵਾਲ, ਕੁਲਜੀਤ ਸਿੰਘ ਲੱਕੀ, ਰਾਣਾ ਰਣਜੀਤ ਸਿੰਘ, ਹਰਿੰਦਰ ਸਿੰਘ ਢੀਂਡਸਾ ਤੇ ਹੋਰ ਮੌਜੂਦ ਸਨ।
ਇਹ ਵੀ ਪੜ੍ਹੋ: ਸਿੱਖ ਨੌਜਵਾਨ ਵੱਲੋਂ ਲਾਈਵ ਹੋ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ


author

shivani attri

Content Editor

Related News