ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ’ਤੇ ਸੁਖਪਾਲ ਖਹਿਰਾ ਨੇ ਕੱਸਿਆ ਤੰਜ, ਜਾਣੋ ਕੀ ਬੋਲੇ

Monday, Mar 28, 2022 - 06:50 PM (IST)

ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ’ਤੇ ਸੁਖਪਾਲ ਖਹਿਰਾ ਨੇ ਕੱਸਿਆ ਤੰਜ, ਜਾਣੋ ਕੀ ਬੋਲੇ

ਜਲੰਧਰ (ਵੈੱਬ ਡੈਸਕ)— ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਪੰਜਾਬ ਦਾ ਮੁੱਖ ਮੰਤਰੀ ਬਣਨ ਨੂੰ ਲੈ ਕੇ ਭਗਵੰਤ ਮਾਨ ’ਤੇ ਤੰਜ ਕੱਸਦਿਆਂ ਖਹਿਰਾ ਨੇ ਭਗਵੰਤ ਮਾਨ ਨੂੰ ਨਾਨ ਸੀਰੀਅਸ ਐਟੀਟਿਊਡ ਟਾਈਪ  ਪਰਸਨ ਕਰਾਰ ਦਿੱਤਾ। ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਦੇ ਸਵਾਲ ’ਤੇ ਬੋਲਦੇ ਹੋਏ ਖਹਿਰਾ ਨੇ ਕਿਹਾ ਕਿ ਮੈਂ ਈਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਲੱਗਦਾ ਨਹੀਂ ਸੀ ਕਿ ਭਗਵੰਤ ਮਾਨ ਮੁੱਖ ਮੰਤਰੀ ਬਣੇਗਾ ਕਿਉਂਕਿ ਉਹ ਇਕ ਨਾਨ ਸੀਰੀਅਸ ਟਾਈਪ ਪਰਸਨ ਹੈ। ਉਸ ਦੀਆਂ ਸ਼ਰਾਬ ਪੀਣ ਦੌਰਾਨ ਲੜਖੜਾਉਂਦੇ ਦੀਆਂ ਵੀਡੀਓਜ਼ ਵੀ ਕਈ ਵਾਇਰਲ ਹੋਈਆਂ। ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਨੂੰ ਟਰੇਂਡ ਕੀਤਾ ਗਿਆ ਹੈ ਕਿ ਉਹ ਹੁਣ ਕੰਮ ਦੇ ਪ੍ਰਤੀ ਸੀਰੀਅਸ ਹੋ ਜਾਵੇ। ਉਨ੍ਹਾਂ ਕਿਹਾ ਕਿ ਹੁਣ ਭਗਵੰਤ ਮਾਨ ਕਾਫ਼ੀ ਹਲੀਮੀ ਸ਼ੋਅ ਕਰ ਰਿਹਾ ਹੈ। ਭਗਵੰਤ ਮਾਨ ਹੁਣ ਆਪਣੇ ਕੰਮ ’ਚ ਸੰਜੀਦਗੀ ਵੀ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।  

ਇਹ ਵੀ ਪੜ੍ਹੋ: ਫਿਲੌਰ 'ਚ ਖ਼ੌਫ਼ਨਾਕ ਵਾਰਦਾਤ, ਧੀ ਨੇ ਕੀਤਾ ਬਜ਼ੁਰਗ ਮਾਂ ਦਾ ਬੇਰਹਿਮੀ ਨਾਲ ਕਤਲ

ਉਥੇ ਹੀ ਮੁੱਖ ਮੰਤਰੀ ਦੇ ਰੂਪ ’ਚ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਲਈ ਕੀਤੇ ਜਾ ਰਹੇ ਫ਼ੈਸਲਿਆਂ ’ਤੇ ਬੋਲਦੇ ਹੋਏ ਖਹਿਰਾ ਨੇ ਕਿਹਾ ਕਿ ਇਹ ਫ਼ੈਸਲੇ ਮਿਕਸਡ ਹਨ। ਜਦੋਂ ਕੋਈ ਮਿਕਸਡ ਫ਼ੈਸਲਿਆਂ ’ਚ ਚੰਗਾ ਕੰਮ ਕਰਦਾ ਹੈ ਤਾਂ ਮੈਂ ਉਸ ਦਾ ਹਮੇਸ਼ਾ ਸੁਆਗਤ ਕਰਦਾ ਹਾਂ। ਇਨ੍ਹਾਂ ਨੇ 122 ਪਾਲੀਟਿਕਲ ਲੀਡਰਾਂ ਦੀ ਸਕਿਓਰਿਟੀ ਵਾਪਸ ਲਈ, ਮੈਂ ਉਸ ਦਾ ਸੁਆਗਤ ਕੀਤਾ ਅਤੇ ਇਸ ਦੇ ਨਾਲ ਹੀ ਮੈਂ ਅਫ਼ਸਰਾਂ ਦੀ ਸਕਿਓਰਿਟੀ ਵਾਪਸ ਲੈਣ ਦਾ ਵੀ ਸੁਝਾਅ ਦਿੱਤਾ। ਵਿਧਾਇਕਾਂ ਦੀ ‘ਵਨ ਪੈਨਸ਼ਨ’ ਦਾ ਵੀ ਮੈਂ ਸੁਆਗਤ ਕੀਤਾ ਹੈ। ਉਥੇ ਹੀ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਬੰਪਰ ਜਿੱਤ ਮਗਰੋਂ ਅੰਮ੍ਰਿਤਸਰ ਵਿਖੇ ਕੀਤੇ ਗਏ ਰੋਡ ਸ਼ੋਅ ਦੌਰਾਨ ਬੱਸਾਂ ’ਚ ਭਰ ਕੇ ਲੋਕ ਲੈ ਕੇ ਜਾਣ ਨੂੰ ਗਲਤ ਦੱਸਿਆ। 

 

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦੇ ਬੇਬਾਕ ਬੋਲ, ਵਿਸ਼ੇਸ਼ ਇੰਟਰਵਿਊ ’ਚ ਕੀਤੀ ਕਈ ਮੁੱਦਿਆਂ ’ਤੇ ਚਰਚਾ (ਵੀਡੀਓ)

ਇਸ ਦੇ ਇਲਾਵਾ ਜਿਸ ਪਾਰਟੀ ਦੀ ਸਰਕਾਰ ਬਣੀ, ਉਸ ਨੂੰ ਛੱਡਣ ਦੇ ਪਛਤਾਵੇ ਦੇ ਸਵਾਲ ਦਾ ਜਵਾਬ ਦਿੰਦੇ ਖਹਿਰਾ ਨੇ ਕਿਹਾ ਕਿ ਉਹ ਪਾਰਟੀ ਮੇਰੇ ਲਈ ਕਦੇ ਯੋਗ ਹੀ ਨਹੀਂ ਸੀ। ਆਮ ਆਦਮੀ ਪਾਰਟੀ ਮੇਰੇ ਲਈ ਬਣੀ ਹੀ ਨਹੀਂ। ਮੈਂ ਕਦੇ ਜ਼ਿੰਦਗੀ ’ਚ ਪਛਤਾਇਆ ਨਹੀਂ ਹਾਂ ਕਿਉਂਕਿ ਮੈਂ ਖ਼ੁਦ ਫ਼ੈਸਲਾ ਲਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਦੇ ਵੀ ਕਿਸੇ ਆਜ਼ਾਦ ਵਿਚਾਰਾਂ ਦੇ ਵਿਅਕਤੀ ਨੂੰ ਟਾਲਰੇਟ ਨਹੀਂ ਕਰ ਸਕਦੀ, ਇਹ ਆਉਣ ਵਾਲੇ ਦਿਨਾਂ ’ਚ ਲੋਕਾਂ ਨੂੰ ਵੀ ਪਤਾ ਲੱਗ ਜਾਵੇਗਾ।

ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਬਜ਼ੁਰਗ ਦੀ ਮੌਤ, ਐਂਬੂਲੈਂਸ ਨਾ ਪੁੱਜਣ ਕਰਕੇ ਤੜਫ਼-ਤੜਫ਼ ਕੇ ਨਿਕਲੀ ਜਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News