ਖਹਿਰਾ ਵਲੋਂ ਅਸਤੀਫਾ ਵਾਪਸ ਲੈਣ ''ਤੇ ਭਾਜਪਾ ਦਾ ਪ੍ਰਤੀਕਰਮ, ਦੱਸਿਆ ਫਿਲਮੀ ਡਰਾਮਾ
Wednesday, Oct 23, 2019 - 06:50 PM (IST)

ਚੰਡੀਗੜ੍ਹ (ਸ਼ਰਮਾ) : ਭਾਰਤੀ ਜਨਤਾ ਪਾਰਟੀ ਦੇ ਕੌਮੀ ਮੰਤਰੀ ਤਰੁਣ ਚੁੱਘ ਨੇ ਕਿਹਾ ਹੈ ਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਵਿਧਾਨ ਸਭਾ ਦੀ ਮੈਂਬਰੀ ਤੋਂ 8 ਮਹੀਨੇ ਪਹਿਲਾਂ ਦਿੱਤਾ ਅਸਤੀਫਾ ਪੰਜਾਬ ਵਿਧਾਨ ਸਭਾ ਦੀਆਂ ਚਾਰ ਉਪ ਚੋਣਾਂ ਦੇ ਖਤਮ ਹੋਣ ਤੋਂ ਬਾਅਦ ਵਾਪਸ ਲੈ ਕੇ ਨੈਤਿਕਤਾ ਦੇ ਸਿਧਾਂਤ ਨੂੰ ਤਾਰ-ਤਾਰ ਕਰਕੇ ਪੰਜਾਬ 'ਚ ਆਇਆ ਰਾਮ ਗਿਆ ਰਾਮ ਦੀ ਉਦਾਹਰਨ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਅਸਤੀਫੇ ਦਾ ਇਹ ਹਾਈ ਪ੍ਰੋਫਾਈਲ ਫਿਲਮੀ ਡਰਾਮਾ ਖ਼ਤਮ ਹੋਇਆ ਹੈ ਪਰ ਇਸ ਘਟਨਾਕ੍ਰਮ ਨਾਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਜਨਤਾ ਦੇ ਸਾਹਮਣੇ ਆ ਗਿਆ ਹੈ।
ਸੁਖਪਾਲ ਖਹਿਰਾ ਵੱਲੋਂ ਅਸਤੀਫਾ ਵਾਪਸ ਲੈਣ ਦੇ ਸੰਦਰਭ 'ਚ ਦਿੱਤੇ ਗਏ ਸਪੱਸ਼ਟੀਕਰਨ 'ਚ ਭੁਲੱਥ ਦੀ ਜਨਤਾ ਦਾ ਹਵਾਲਾ ਦੇਣ 'ਤੇ ਚੁੱਘ ਨੇ ਇਤਰਾਜ਼ ਪ੍ਰਗਟ ਕਰਦੇ ਹੋਏ ਕਿਹਾ ਦੀ ਜਨਤਾ ਦੀ ਸੇਵਾ ਤਾਂ ਇਕ ਬਹਾਨਾ ਹੈ ਅਸਲ 'ਚ ਪਿਛਲੀਆਂ ਲੋਕ ਸਭਾ ਚੋਣਾਂ 'ਚ ਬਠਿੰਡਾ ਤੋਂ ਆਪਣੀ ਜ਼ਮਾਨਤ ਜ਼ਬਤ ਕਰਵਾਉਣ ਤੋਂ ਬਾਅਦ ਉਹ ਰਾਜਨੀਤਕ ਗੁਪਤਵਾਸ 'ਚ ਚਲੇ ਗਏ ਸਨ।
ਚੁੱਘ ਨੇ ਕਿਹਾ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਇਕ ਹੀ ਸਿੱਕੇ ਦੇ ਖਿਡਾਰੀ ਹਨ। ਉਨ੍ਹਾਂ ਕਿਹਾ ਦੀ ਮੁੱਖ ਮੰਤਰੀ ਦੇ ਇਸ਼ਾਰੇ 'ਤੇ ਹੀ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਅਸਤੀਫਾ ਮਿਲਣ ਤੋਂ 8 ਮਹੀਨੇ ਬੀਤੇ ਜਾਣ 'ਤੇ ਵੀ ਉਸ 'ਤੇ ਕੋਈ ਕਾਰਵਾਹੀ ਨਹੀਂ ਹੈ। ਚੁੱਘ ਨੇ ਕਿਹਾ ਦੀ ਪੰਜਾਬ 'ਚ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਜੁੜਵਾ ਭਰਾਵਾਂ ਦੀ ਤਰ੍ਹਾਂ ਪੇਸ਼ ਆਕੇ 'ਨੂਰਾ ਕੁਸ਼ਤੀ' ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਜਾਗਰੂਕ ਹੈ ਅਤੇ ਆਉਣ ਵਾਲੇ ਸਮੇਂ 'ਚ ਅਨੈਤਿਕ ਆਚਰਨ ਰਾਜਨੀਤੀ ਕਰਨ ਵਾਲਿਆਂ ਨੂੰ ਸਬਕ ਸਿਖਾਉਣ 'ਚ ਗੁਰੇਜ਼ ਨਹੀ ਕਰੇਗੀ।