ਸਿਸੋਦੀਆ ਦੀ ਧੌਣ ''ਚ ਫਸਿਆ ਕਿੱਲਾ ਜ਼ਰੂਰ ਕੱਢਾਂਗੇ : ਵਿਧਾਇਕ ਰੋੜੀ
Tuesday, Aug 07, 2018 - 04:41 AM (IST)

ਚੰਡੀਗੜ੍ਹ(ਰਮਨਜੀਤ)- ਆਮ ਆਦਮੀ ਪਾਰਟੀ ਵਿਚ ਚੱਲ ਰਿਹਾ ਘਮਾਸਾਨ ਸੋਮਵਾਰ ਨੂੰ ਨਵਾਂ ਮੋੜ ਲੈ ਗਿਆ। ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੇ ਖੁੱਲ੍ਹ ਕੇ ਖਹਿਰਾ ਧੜੇ ਨਾਲ ਖੜ੍ਹੇ ਹੋਣ ਦਾ ਐਲਾਨ ਕਰਦਿਆਂ ਅੱਜ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਪੰਜਾਬ ਤੇ ਦਿੱਲੀ ਵਿਚਾਲੇ ਵਧ ਰਹੇ ਪਾੜੇ ਨੂੰ ਭਰ ਦਿੱਤਾ ਜਾਵੇ ਪਰ ਦਿੱਲੀ ਵਿਚ ਬੈਠੇ ਹੈਂਕੜ ਨਾਲ ਭਰੇ ਨੇਤਾਵਾਂ ਨੇ ਉਨ੍ਹਾਂ ਦੀ ਇਕ ਨਾ ਸੁਣੀ। ਹੁਣ ਉਹ ਆਪਣੇ ਹਲਕੇ ਦੇ ਵਾਲੰਟੀਅਰਾਂ ਤੇ ਵਿਦੇਸ਼ਾਂ ਵਿਚ ਬੈਠੇ ਸਮਰਥਕਾਂ ਦੇ ਹੁਕਮ ਅਨੁਸਾਰ ਪੰਜਾਬ ਲਈ ਖਹਿਰਾ ਅਤੇ ਹੋਰ ਸਾਥੀ ਵਿਧਾਇਕਾਂ ਨਾਲ ਡਟਕੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਹੁਣ ਅਸੀਂ ਸਭ ਪੰਜਾਬੀ ਮਿਲ ਕੇ ਦਿੱਲੀ ਵਿਚ ਬੈਠੇ ਮਨੀਸ਼ ਸਿਸੋਦੀਆ ਦੀ ਧੌਣ ਵਿਚ ਫਸੇ 'ਕਿੱਲੇ' ਨੂੰ ਖਿੱਚ ਕੇ ਬਾਹਰ ਕੱਢ ਦੇਵਾਂਗੇ ਤਾਂ ਕਿ ਪੰਜਾਬ ਵਿਚ ਪਾਰਟੀ ਖੁਦਮੁਖਤਿਆਰੀ ਨਾਲ ਫੈਸਲੇ ਲੈ ਸਕੇ। ਖਹਿਰਾ ਨੇ ਵਿਧਾਇਕ ਜੈ ਕਿਸ਼ਨ ਰੋੜੀ ਵਲੋਂ ਸਮਰਥਨ ਦੇਣ 'ਤੇ ਉਨ੍ਹਾਂ ਦਾ ਧੰਨਵਾਦ ਕੀਤਾ।
ਰੋੜੀ ਨੇ ਕਿਹਾ ਕਿ ਉਹ ਬਠਿੰਡਾ ਕਨਵੈਨਸ਼ਨ ਵਿਚ ਇਸ ਲਈ ਸ਼ਾਮਲ ਨਹੀਂ ਹੋਏ ਸਨ ਕਿਉਂਕਿ ਉਨ੍ਹਾਂ ਨੂੰ ਇਹ ਸ਼ੱਕ ਸੀ ਕਿ ਸੁਖਪਾਲ ਖਹਿਰਾ ਵਿਧਾਇਕਾਂ ਨੂੰ ਆਪਣੇ ਨਾਲ ਲੈ ਕੇ ਕਿਸੇ ਹੋਰ ਪਾਰਟੀ ਵਿਚ ਜਾ ਸਕਦੇ ਹਨ ਪਰ ਹੁਣ ਇਸ ਗੱਲ ਦੀ ਤਸੱਲੀ ਹੈ ਕਿ ਅਜਿਹਾ ਨਹੀਂ ਹੋਵੇਗਾ। ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਮਾਨ ਨੂੰ ਦੁਬਾਰਾ ਪ੍ਰਧਾਨ ਬਣਾਏ ਜਾਣ ਦੇ ਪ੍ਰਸਤਾਵ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਬਠਿੰਡਾ ਵਿਚ ਵਾਲੰਟੀਅਰਾਂ ਵਲੋਂ ਪੰਜਾਬ ਦੀ ਮੌਜੂਦਾ ਇਕਾਈ ਨੂੰ ਭੰਗ ਕਰ ਦਿੱਤਾ ਗਿਆ ਸੀ ਤੇ ਹੁਣ ਮੁੜ ਪੰਜਾਬ ਇਕਾਈ ਦਾ ਗਠਨ ਹੋਵੇਗਾ, ਜਿਸ ਲਈ ਪਿੰਡ ਪੱਧਰ ਤੋਂ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਪਾਲ ਸਿੰਘ ਚੀਮਾ ਤੇ ਭਗਵੰਤ ਮਾਨ ਨੂੰ ਜੇਕਰ ਵਾਲੰਟੀਅਰ ਸਵੀਕਾਰ ਕਰ ਲੈਂਦੇ ਹਨ ਤਾਂ ਉਹ ਵੀ ਉਨ੍ਹਾਂ ਨੂੰ ਸਵੀਕਾਰ ਕਰ ਲੈਣਗੇ।