'ਆਪ' 'ਚ ਵਾਪਸੀ 'ਤੇ ਜਾਣੋ ਕੀ ਬੋਲੇ ਸੁਖਪਾਲ ਸਿੰਘ ਖਹਿਰਾ (ਵੀਡੀਓ)
Tuesday, Feb 18, 2020 - 06:49 PM (IST)
ਭੁਲੱਥ (ਰਜਿੰਦਰ)— ਆਮ ਆਦਮੀ ਪਾਰਟੀ 'ਚ ਵਾਪਸੀ ਕਰਨ ਦੇ ਲੱਗ ਰਹੇ ਕਿਆਸਾਂ ਬਾਰੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੀਡੀਆ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ 'ਆਪ' 'ਚ ਜਾਣ ਦੀ ਅਜਿਹੀ ਕੋਈ ਗੱਲ ਨਹੀਂ ਹੈ, ਨਾ ਹੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਕੋਈ ਗੱਲ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਨਾ ਹੀ ਸਾਡੇ ਵੱਲੋਂ ਕੋਈ ਪਹਿਲਕਦਮੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਹ ਮੀਡੀਆ ਦੇ ਕਿਆਫੇ ਸਨ, ਕਿਉਂਕਿ ਮੈਂ ਆਮ ਆਦਮੀ ਪਾਰਟੀ ਦੀ ਜਿੱਤ ਦਾ ਸਵਾਗਤ ਕੀਤਾ ਸੀ ਅਤੇ ਸਵਾਗਤ ਕਿਸੇ ਪਾਰਟੀ ਦਾ ਕਰਨਾ ਬਣਦਾ ਹੈ ਭਾਂਵੇ ਉਹ ਤੁਹਾਡੇ ਵਿਰੋਧੀ ਹੋਣ। ਉਨ੍ਹਾਂ ਕਿਹਾ ਕਿ ਜਦੋਂ ਕਿਤੇ ਸਮਾਂ ਆਵੇਗਾ, ਉਸ ਵੇਲੇ ਪੰਜਾਬ ਦੇ ਹਿੱਤ ਦੀ ਗੱਲ ਨੂੰ ਰੱਖ ਕੇ ਕੋਈ ਫੈਸਲਾ ਲਿਆ ਜਾਵੇਗਾ।
ਸਿੱਧੂ ਨੂੰ ਕਾਂਗਰਸ 'ਚੋਂ ਨਿਕਲ ਕੇ ਕਰਨਾ ਚਾਹੀਦਾ ਹੈ ਬਦਲ ਦਾ ਉਪਰਾਲਾ
ਨਵਜੋਤ ਸਿੰਘ ਸਿੱਧੂ ਬਾਰੇ ਬੋਲਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਿੱਧੂ ਦਾ ਪੰਜਾਬ ਦੇ ਪ੍ਰਤੀ ਇਕ ਚੰਗੇ ਲੀਡਰ ਦਾ ਅਕਸ ਹੈ ਅਤੇ ਉਨ੍ਹਾਂ ਨੂੰ ਕਾਂਗਰਸ 'ਚੋਂ ਬਾਹਰ ਨਿਕਲ ਕੇ ਇਕ ਬਦਲ ਦਾ ਉਪਰਾਲਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਲਚਰ ਕਿਸੇ ਹੋਰ ਨੈਸ਼ਨਲ ਪਾਰਟੀ ਤੋਂ ਵਖਰਾ ਨਹੀਂ ਹੈ। ਉਥੇ ਹੀ ਲੌਂਗੋਵਾਲ ਸਕੂਲ ਵੈਨ ਹਾਦਸੇ 'ਤੇ ਬੋਲਦੇ ਹੋਏ ਖਹਿਰਾ ਨੇ ਕਿਹਾ ਕਿ ਲੌਂਗੋਵਾਲ ਸਕੂਲ ਵੈਨ ਹਾਦਸਾ ਐਕਸੀਡੈਂਟ ਨਹੀਂ ਸਗੋਂ ਸਟੇਟ ਸਪਾਂਸਰਡ ਮਰਡਰ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਵੱਲੋਂ ਚਿੱਠੀ 'ਚ ਲਿਖੀਆਂ ਗੱਲਾਂ ਦੀ ਮੈਂ ਤਾਈਦ ਕਰਦਾ ਹਾਂ ਕਿਉਂਕਿ ਕੈਪਟਨ ਸਰਕਾਰ ਨੇ ਤਿੰਨ ਸਾਲਾਂ 'ਚ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ।