ਭਗਵੰਤ ਮਾਨ ਨਾਲ ਚੱਲਣ ਨੂੰ ਤਿਆਰ ਹੋਏ ਖਹਿਰਾ (ਵੀਡੀਓ)
Thursday, May 30, 2019 - 04:08 PM (IST)
ਜਲੰਧਰ— ਪੰਜਾਬ ਏਕਤਾ ਪਾਰਟੀ ਦੇ ਕਾਰਜਕਾਰੀ ਪ੍ਰਮੁੱਖ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਉਹ ਭਗਵੰਤ ਮਾਨ ਨਾਲ ਚੱਲਣ ਨੂੰ ਤਿਆਰ ਹਨ। ਜੇਕਰ ਭਗਵੰਤ ਮਾਨ ਈਮਾਨਦਾਰੀ ਨਾਲ ਪੰਜਾਬ ਦੇ ਹਿੱਤ ਦੀ ਗੱਲ ਕਰਨਗੇ ਤਾਂ ਉਹ ਉਨ੍ਹਾਂ ਦੇ ਨਾਲ ਚੱਲਣਗੇ। ਉਨ੍ਹਾਂ ਨੇ ਕਿਹਾ ਕਿ 11.7 ਫੀਸਦੀ ਵੋਟ ਪੀ.ਡੀ.ਏ. ਨੂੰ ਪਈ ਅਤੇ 7 ਤੋਂ ਕੁਝ ਵੱਧ ਵੋਟ 'ਆਪ' ਨੂੰ ਪਈ ਹੈ। ਜੇਕਰ ਇਹ ਵੋਟ ਇਕੱਠੀ ਕਰ ਦਿੱਤੀ ਜਾਵੇ ਤਾਂ 18-19 ਫੀਸਦੀ ਵੋਟ ਇਹ ਹੋ ਜਾਂਦੀ ਹੈ 'ਤੇ ਇਸ ਨੂੰ 30-32 'ਤੇ ਲਿਜਾਣਾ ਕੋਈ ਔਖਾ ਕੰਮ ਨਹੀਂ ਹੈ। ਫਿਰ ਲੋਕਾਂ ਦਾ ਆਤਮ ਵਿਸ਼ਵਾਸ ਵੱਧ ਜਾਵੇਗਾ ਕਿ ਇਹ ਸਾਰੇ ਲੋਕ ਇਕੱਠੇ ਹਨ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਦਾ ਮੁੱਦਾ ਇਹ ਹੈ ਕਿ ਉਹ ਅਰਵਿੰਦ ਕੇਜਰੀਵਾਲ ਨਾਲ ਜੁੜੇ ਹੋਏ ਹਨ ਤੇ ਉਹ ਇਕ ਨੈਸ਼ਨਲ ਪਾਰਟੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਨੈਸ਼ਨਲ ਪਾਰਟੀ 'ਚ ਨਹੀਂ ਜਾਣਗੇ, ਕਿਉਂਕਿ ਉੱਥੇ ਬੈਠ ਕੇ ਅਸੀਂ ਪੰਜਾਬ ਦੀ ਗੱਲ ਨਹੀਂ ਕਰ ਸਕਦੇ।
ਉਨ੍ਹਾਂ ਨੇ ਅੱਗੇ ਬੋਲਦੇ ਹੋਏ ਪ੍ਰੈੱਸ ਕਾਨਫਰੰਸ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਅਸਲ ਖੁਲਾਸਾ ਅੱਜ ਹੋਇਆ ਹੈ ਕਿ ਜਿਹੜੀਆਂ 2015 'ਚ 15 ਦੀ ਗਿਣਤੀ ਕਰੀਬ ਹੋਈਆਂ ਬੇਅਦਬੀਆਂ ਬੁਰਜਵਾਰ ਸਿੰਘ ਵਾਲਾ ਤੇ ਬਰਗਾੜੀ ਉਹ ਸਾਰੀਆਂ ਬੇਅਦਬੀਆਂ ਸੁਖਬੀਰ ਸਿੰਘ ਬਾਦਲ, ਸੁਮੇਧ ਸੈਣੀ ਦੀ ਮਰਜ਼ੀ ਅਤੇ ਡੇਰਾ ਸੱਚਾ ਸੌਦਾ ਰਾਮ ਰਹੀਮ ਦੀ ਸਾਜਿਸ਼ ਤਹਿਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜਿਹੜਾ ਚਲਾਨ ਫਰੀਦਕੋਟ 'ਚ ਸਿੱਟ ਨੇ 28 ਮਈ ਨੂੰ ਪੇਸ਼ ਕੀਤਾ ਹੈ, ਉਸ 'ਚ ਇਹ ਤੱਥ ਆਏ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਾਰਾ ਕੁਝ ਸੁਖਬੀਰ ਬਾਦਲ ਦੀ ਸਾਜ਼ਿਸ਼ ਦੇ ਤਹਿਤ ਹੋਇਆ ਹੈ। ਸੁਖਬੀਰ ਬਾਦਲ ਨੇ ਦੋਵਾਂ ਭਰਾਵਾਂ ਰੁਪਿੰਦਰ 'ਤੇ ਜਸਵਿੰਦਰ ਜਿਹੜੇ ਪੰਜਗੁਰਾਈ ਦੇ ਰਹਿਣ ਵਾਲੇ ਸਨ ਉਨ੍ਹਾਂ ਤੋਂ ਕਬੂਲਨਾਮਾ ਕਰਵਾਇਆ ਹੈ ਕਿ ਬੇਅਦਬੀਆਂ ਉਨ੍ਹਾਂ ਨੇ ਕੀਤੀਆਂ। ਜਦਕਿ ਸੁਖਬੀਰ ਬਾਦਲ ਨੂੰ ਪਤਾ ਸੀ ਕਿ ਐੱਸ.ਆਈ. ਟੀ. ਦੇ ਚਲਾਨ ਦੇ ਮੁਤਾਬਕ ਇਸ ਸਾਜਿਸ਼ ਦੇ ਤਹਿਤ ਬੇਅਦਬੀਆਂ ਉਨ੍ਹਾਂ ਨੇ ਕਰਵਾਈਆਂ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਅਕਾਲੀ ਦਲ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਇਸ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਡੱਟ ਕੇ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ 'ਤੇ ਪਰਚੇ ਦਰਜ ਹੋਣੇ ਚਾਹੀਦੇ ਹਨ।