ਕੈਂਡਲ ਮਾਰਚ ਦੌਰਾਨ ਜਲੰਧਰ ਪੁਲਸ ਵਲੋਂ ਸੁਖਪਾਲ ਖਹਿਰਾ ਗ੍ਰਿਫਤਾਰ
Monday, May 25, 2020 - 06:42 PM (IST)
ਜਲੰਧਰ,(ਸੋਨੂੰ): ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਜਲੰਧਰ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਦਰਅਸਲ ਕੁੱਝ ਦਿਨ ਪਹਿਲਾਂ ਕਪੂਰਥਲਾ ਦੇ ਪਿੰਡ ਢਿੱਲਵਾਂ 'ਚ ਪੁਲਸ ਵਾਲੇ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਕਬੱਡੀ ਖਿਡਾਰੀ ਅਰਵਿੰਦਰ ਜੀਤ ਸਿੰਘ ਭਲਵਾਨ ਦੀ ਯਾਦ 'ਚ ਸੁਖਪਾਲ ਖਹਿਰਾ ਵਲੋਂ ਅੱਜ ਕੈਂਡਲ ਮਾਰਚ ਕੱਢਿਆ ਜਾ ਰਿਹਾ ਸੀ। ਦੋਸ਼ ਹੈ ਕਿ ਇਸ ਕੈਂਡਲ ਮਾਰਚ 'ਚ ਲਾਕਡਾਊਨ ਦੌਰਾਨ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਦਾ ਉਲੰਘਣ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਵਿਧਾਇਕ ਸੁਖਪਾਲ ਖਹਿਰਾ ਵਲੋਂ ਅੱਜ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ 'ਚ ਕਬੱਡੀ ਖਿਡਾਰੀ ਅਰਵਿੰਦਰ ਸਿੰਘ ਦੇ ਲਈ ਕੈਂਡਲ ਮਾਰਚ ਰੱਖਿਆ ਗਿਆ, ਜਿਥੇ ਲੋਕ ਇੱਕਠੇ ਹੋਏ।
ਪਤਾ ਲੱਗਾ ਹੈ ਕਿ ਪੁਲਸ ਨੇ ਨਿਯਮਾਂ ਦਾ ਉਲੰਘਣ ਕਰਨ ਵਾਲੇ ਖਹਿਰਾ ਨੂੰ ਹਿਰਾਸਤ 'ਚ ਲੈ ਲਿਆ ਹੈ। ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਖਹਿਰਾ ਤੇ ਉਸ ਦੇ ਕਰੀਬ 30 ਸਾਥੀਆਂ ਖਿਲਾਫ ਲਾਕਡਾਊਨ ਨਿਯਮ ਤੋੜਨ ਦੇ ਦੋਸ਼ 'ਚ ਧਾਰਾ 188 ਆਈ. ਪੀ. ਸੀ., ਐਫ. ਆਈ. ਆਰ. 60 ਡਿਸਾਸਟਰ ਮੈਨਜਮੈਂਟ ਐਕਟ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਵਧਦੇ ਖਤਰੇ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਲਾਕਡਾਊਨ ਲਗਾਇਆ ਗਿਆ ਹੈ। ਇਸ ਦੌਰਾਨ ਜੇਕਰ ਕੋਈ ਵੀ ਵਿਅਕਤੀ ਲਾਕਡਾਊਨ ਦੀ ਉਲੰਘਣਾ ਕਰਦਾ ਹੈ, ਉਸ ਖਿਲਾਫ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ।