ਖੇਤੀ ਕਾਨੂੰਨਾਂ ਖ਼ਿਲਾਫ਼ ''ਸੁਖਪਾਲ ਖਹਿਰਾ'' ਦੇ ਨਿਸ਼ਾਨੇ ''ਤੇ ਭਗਵੰਤ ਮਾਨ, ਲਿਆ ਆੜੇ ਹੱਥੀਂ
Monday, Oct 12, 2020 - 06:34 PM (IST)
ਚੰਡੀਗੜ੍ਹ/ਕਪੂਰਥਲਾ : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਨਿਸ਼ਾਨੇ 'ਤੇ ਲਿਆ ਹੈ। ਸੁਖਪਾਲ ਖਹਿਰਾ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ ਹੈ ਕਿ ਉਹ ਕਿਸਾਨ ਵਿਰੋਧੀ ਕਾਨੂੰਨਾ ਖ਼ਿਲਾਫ਼ ਗ੍ਰਾਮ ਸਭਾ ਮਤੇ ਪਾਸ ਕਰਨ ਵਾਲੇ ਪਿੰਡਾਂ ਦੀ ਸੂਚੀ ਜਨਤਕ ਕਰਨ। ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਪਿਛਲੇ ਕਰੀਬ ਇਕ ਮਹੀਨੇ ਤੋਂ ਇਸ ਨੂੰ ਹੱਲ ਦੱਸ ਰਹੇ ਹਨ ਤਾਂ 13 ਹਜ਼ਾਰ ਪਿੰਡਾਂ 'ਚੋਂ ਘੱਟੋ-ਘੱਟ 100 ਪਿੰਡਾਂ ਨੇ ਤਾਂ ਇਹ ਮਤੇ ਪਾਸ ਕਰ ਦਿੱਤੇ ਹੋਣਗੇ। ਉਨ੍ਹਾਂ ਨੇ ਭਗਵੰਤ ਮਾਨ ਨੂੰ ਪੁੱਛਿਆ ਕਿ ਕੀ ਉਹ ਪਿੰਡਾਂ ਦੇ ਨਾਮ ਸਾਂਝੇ ਕਰਨਗੇ? ਉਨ੍ਹਾਂ ਅੱਗੇ ਕਿਹਾ ਕਿ ਜੇਕਰ ਭਗਵੰਤ ਮਾਨ ਅਜਿਹਾ ਨਹੀਂ ਕਰਦੇ ਤਾਂ ਮੰਨ ਲਿਆ ਜਾਵੇਗਾ ਕਿ ਉਹ ਕਿਸਾਨਾਂ ਦੇ ਅੰਦੋਲਨ ਦੇ ਮੁਕਾਬਲੇ ਇਕ ਬੇਲੋੜਾ ਵਿਵਾਦ ਖੜ੍ਹਾ ਕਰ ਰਹੇ ਹਨ।
ਦੱਸ ਦੇਈਏ ਕਿ ਭਗਵੰਤ ਮਾਨ ਨੇ 'ਗ੍ਰਾਮ ਸਭਾ ਲਿਆਓ, ਪੰਜਾਬ ਬਚਾਓ' ਮੁਹਿੰਮ ਤਹਿਤ ਕਿਹਾ ਸੀ ਕਿ ਗ੍ਰਾਮ ਸਭਾ ਕੋਲ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਦੀ ਬਹੁਤ ਵੱਡੀ ਤਾਕਤ ਹੈ। ਉਨ੍ਹਾਂ ਨੇ ਆਪੋ-ਆਪਣੇ ਪਿੰਡਾਂ 'ਚ ਗ੍ਰਾਮ ਸਭਾਵਾਂ ਦੇ ਇਜਲਾਸ ਤੁਰੰਤ ਬੁਲਾਉਣ ਅਤੇ ਤਿੰਨੋ ਖੇਤੀ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਮਤੇ ਪਾਉਣ ਲਈ ਕਿਹਾ ਸੀ ਤਾਂ ਜੋ ਦੇਸ਼ ਦੇ ਅੰਨਦਾਤਾ ਕਿਸਾਨਾਂ ਨੂੰ ਬਚਾਇਆ ਜਾ ਸਕੇ।