ਮੁਖਰਜੀ ਨਗਰ ਮਾਮਲੇ ''ਚ ਸ਼ਾਮਲ ਪੁਲਸ ਵਾਲਿਆਂ ਨੂੰ ਬਰਖਾਸਤ ਕੀਤਾ ਜਾਵੇ : ਖਹਿਰਾ

06/19/2019 10:04:01 AM

ਚੰਡੀਗੜ੍ਹ (ਰਮਨਜੀਤ) : ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਦਿੱਲੀ ਦੇ ਮੁਖਰਜੀ ਨਗਰ ਥਾਣੇ ਦੇ ਪੁਲਸ ਮੁਲਾਜ਼ਮਾਂ ਵਲੋਂ ਸਿੱਖ ਆਟੋ ਡਰਾਈਵਰ ਸਰਬਜੀਤ ਸਿੰਘ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਖਹਿਰਾ ਨੇ ਕਿਹਾ ਕਿ ਉਕਤ ਮਾਮਲੇ 'ਚ ਗੁੰਡਿਆਂ ਦੀ ਤਰ੍ਹਾਂ ਵਰਤਾਓ ਕਰਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰਨਾ ਚਾਹੀਦਾ ਹੈ ਤਾਂ ਕਿ ਵਰਦੀ ਪਹਿਨਣ ਵਾਲੇ ਕਾਨੂੰਨ ਦੀ ਪਾਲਣੀ ਖੁਦ ਕਰਨੀ ਸਿੱਖਣ।

ਖਹਿਰਾ ਨੇ ਕਿਹਾ ਕਿ ਪੁਲਸ ਦਾ ਰਾਜਨੀਤੀਕਰਨ ਹੋਣਾ ਅਤੇ ਚੰਗੀ ਟ੍ਰੇਨਿੰਗ ਦੀ ਕਮੀ ਹੀ ਅਜਿਹੀਆਂ ਘਟਨਾਵਾਂ ਦੇ ਪਿੱਛੇ ਦਾ ਸਭ ਤੋਂ ਵੱਡਾ ਕਾਰਨ ਹੈ। ਖਹਿਰਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਹੈ ਕਿ ਉਹ ਪੁਲਸ ਤੋਂ ਉਠ ਰਹੇ ਦੇਸ਼ ਦੇ ਲੋਕਾਂ ਦੇ ਵਿਸ਼ਵਾਸ ਨੂੰ ਮੁੜ ਬਣਾਉਣ ਲਈ ਹਰ ਰਾਜ 'ਚ ਤਿੰਨ ਜੱਜਾਂ 'ਤੇ ਆਧਾਰਿਤ ਜੁਡੀਸ਼ੀਅਲ ਕਮਿਸ਼ਨਾਂ ਦੀ ਸਥਾਪਨਾ ਕਰਨ, ਜੋ ਲਗਾਤਾਰ ਪੁਲਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਖਿਲਾਫ ਸ਼ਿਕਾਇਤਾਂ ਨੂੰ ਸੁਣਨ, ਕਿਉਂਕਿ ਆਮ ਗਰੀਬ ਲੋਕਾਂ ਕੋਲ ਪੁਲਸ ਖਿਲਾਫ ਵੱਡੀਆਂ-ਵੱਡੀਆਂ ਅਦਾਲਤਾਂ 'ਚ ਪੈਸੇ ਖਰਚਣ ਦੀ ਸਮਰੱਥਾ ਨਹੀਂ ਹੈ।


cherry

Content Editor

Related News