ਚੰਡੀਗੜ੍ਹ ਦੀ 'ਸੁਖਨਾ ਸੈਂਚੁਰੀ' ਘੁੰਮਣ ਵਾਲੇ ਸੈਲਾਨੀਆਂ ਲਈ ਜ਼ਰੂਰੀ ਖ਼ਬਰ, ਇਸ ਮਹੀਨੇ ਤੱਕ ਰਹੇਗੀ ਬੰਦ
Friday, Jul 01, 2022 - 04:11 PM (IST)
ਚੰਡੀਗੜ੍ਹ (ਰਜਿੰਦਰ) : ਯੂ. ਟੀ. ਪ੍ਰਸ਼ਾਸਨ ਦੇ ਜੰਗਲਾਤ ਵਿਭਾਗ ਨੇ ਸੁਖ਼ਨਾ ਵਾਈਲਡ ਲਾਈਫ ਸੈਂਚੁਰੀ 1 ਅਕਤੂਬਰ ਤੱਕ ਬੰਦ ਕਰ ਦਿੱਤੀ ਹੈ। ਇਸ ਸਬੰਧੀ ਹੁਕਮ ਡਿਪਟੀ ਕੰਜ਼ਰਵੇਟਰ ਆਫ ਫਾਰੈਸਟ ਡਾ. ਅਬਦੁਲ ਕਿਯੂਮ ਵੱਲੋਂ ਜਾਰੀ ਕੀਤੇ ਗਏ ਹਨ। ਇਨ੍ਹਾਂ 'ਚ ਕਿਹਾ ਗਿਆ ਹੈ ਕਿ ਸੁਖਨਾ ਵਾਈਲਡ ਲਾਈਫ ਸੈਂਚੁਰੀ 1 ਜੁਲਾਈ ਤੋਂ 1 ਅਕਤੂਬਰ ਦੇ ਵਿਚਕਾਰ ਬੰਦ ਰਹੇਗੀ ਕਿਉਂਕਿ ਇਹ ਮੀਂਹ ਦਾ ਮੌਸਮ ਹੈ ਅਤੇ ਜੰਗਲੀ ਜੀਵਾਂ ਦੇ ਪ੍ਰਜਨਣ ਦਾ ਮੌਸਮ ਹੈ। ਸੁਖਨਾ ਵਾਈਲਡ ਲਾਈਫ ਸੈਂਚੁਰੀ 2 ਅਕਤੂਬਰ ਤੋਂ ਲੋਕਾਂ ਲਈ ਖੋਲ੍ਹ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਤੇ ਹਰਿਆਣਾ 'ਚ 'ਮਾਨਸੂਨ' ਦੀ ਧਮਾਕੇਦਾਰ ਐਂਟਰੀ, ਅਜੇ ਪੈਂਦਾ ਰਹੇਗਾ ਮੀਂਹ
ਸ਼ਹਿਰ 'ਚ ਪਏ ਭਾਰੀ ਮੀਂਹ ਮਗਰੋਂ ਸੁਖਨਾ ਝੀਲ 'ਚ ਪਾਣੀ ਦਾ ਪੱਧਰ ਵਧਿਆ
ਸ਼ਹਿਰ 'ਚ ਵੀਰਵਾਰ ਪਏ ਭਾਰੀ ਮੀਂਹ ਤੋਂ ਬਾਅਦ ਸੁਖਨਾ ਝੀਲ ਦੇ ਪਾਣੀ ਦਾ ਪੱਧਰ 1157 ਫੁੱਟ ਤੱਕ ਪਹੁੰਚ ਗਿਆ ਹੈ। ਹਾਲਾਂਕਿ ਇਹ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਦੂਰ ਹੈ ਪਰ ਅੱਗੇ ਮੀਂਹ ਦਾ ਮੌਸਮ ਹੋਣ ਕਾਰਨ ਅਧਿਕਾਰੀਆਂ ਨੇ ਝੀਲ ’ਤੇ ਨਿਗਰਾਨੀ ਵਧਾ ਦਿੱਤੀ ਹੈ। ਦੱਸ ਦਈਏ ਕਿ ਸੁਖਨਾ ਝੀਲ ਦੇ ਪਾਣੀ ਦਾ ਪੱਧਰ 1163 ਤੱਕ ਪੁੱਜਣ 'ਤੇ ਖ਼ਤਰੇ ਦਾ ਨਿਸ਼ਾਨ ਮੰਨਿਆ ਜਾਂਦਾ ਸੀ ਪਰ ਪਿਛਲੇ ਸਾਲ ਤੋਂ ਪ੍ਰਸ਼ਾਸਨ ਨੇ 1162 ਫੁੱਟ ਦੇ ਆਸ-ਪਾਸ ਫਲੱਡ ਗੇਟ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ, ਤਾਂ ਜੋ ਆਸ-ਪਾਸ ਦੇ ਇਲਾਕੇ 'ਚ ਪਾਣੀ ਭਰਨ ਦਾ ਖ਼ਤਰਾ ਨਾ ਰਹੇ। ਇਹੀ ਕਾਰਨ ਹੈ ਕਿ ਪਿਛਲੀ ਵਾਰ ਇੰਜੀਨੀਅਰਿੰਗ ਵਿਭਾਗ ਨੂੰ ਕਈ ਵਾਰ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹਣੇ ਪਏ ਸਨ।
ਇਹ ਵੀ ਪੜ੍ਹੋ : PGI ਦੇ ਇਤਿਹਾਸ 'ਚ ਪਹਿਲੀ ਵਾਰ ਵਿਲੱਖਣ ਸਰਜਰੀ, ਛੋਟੇ ਹਾਰਟ ਪੰਪ ਨਾਲ ਬਚਾਈ 90 ਸਾਲਾ ਬਿਰਧ ਦੀ ਜਾਨ
ਦੱਸ ਦੇਈਏ ਕਿ ਜੇਕਰ ਕੈਚਮੈਂਟ ਏਰੀਏ 'ਚ ਚੰਗਾ ਮੀਂਹ ਪੈਂਦਾ ਹੈ ਤਾਂ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਅਚਾਨਕ ਵੱਧ ਜਾਂਦਾ ਹੈ ਕਿਉਂਕਿ ਕੈਚਮੈਂਟ ਏਰੀਏ ਦਾ ਪਾਣੀ ਸੁਖਨਾ ਝੀਲ 'ਚ ਮਿਲ ਜਾਂਦਾ ਹੈ। ਇਹੀ ਕਾਰਨ ਹੈ ਕਿ ਝੀਲ ’ਤੇ ਅਧਿਕਾਰੀਆਂ ਦੀ ਤਾਇਨਾਤੀ ਦੇ ਨਾਲ-ਨਾਲ ਹਰ ਘੰਟੇ ਬਾਅਦ ਪਾਣੀ ਦਾ ਪੱਧਰ ਵੱਧਣ ਦੀ ਜਾਣਕਾਰੀ ਲਈ ਜਾ ਰਹੀ ਹੈ। ਯੂ. ਟੀ. ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਵੱਧਣ ਕਾਰਨ ਵਿਭਾਗ ਦੇ ਮੁਲਾਜ਼ਮਾਂ ਨੂੰ ਪਹਿਲਾਂ ਹੀ ਝੀਲ ’ਤੇ ਤਾਇਨਾਤ ਕਰ ਦਿੱਤਾ ਗਿਆ ਹੈ। ਪੰਜਾਬ ਨੂੰ ਵੀ ਇਸ ਸਬੰਧੀ ਜਾਣੂੰ ਕਰਵਾਇਆ ਜਾ ਰਿਹਾ ਹੈ, ਤਾਂ ਜੋ ਜੇਕਰ ਸੁਖਨਾ ਤੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਉੱਥੇ ਪਹਿਲਾਂ ਤੋਂ ਹੀ ਯੋਗ ਪ੍ਰਬੰਧ ਕੀਤੇ ਜਾ ਸਕਣ।
ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਮੰਤਰੀ ਦੇ ਖ਼ੁਲਾਸੇ ਪਿੱਛੋਂ 1178 ਕਰੋੜ ਦੇ ਘਪਲੇ ਦੀ ਜਾਂਚ ਸ਼ੁਰੂ, ਜਾਣੋ ਪੂਰਾ ਮਾਮਲਾ
ਇਸ ਤੋਂ ਪਹਿਲਾਂ 2020 'ਚ ਪਾਣੀ ਦਾ ਪੱਧਰ 1163.40 ਫੁੱਟ ’ਤੇ ਪਹੁੰਚਣ ਤੋਂ ਬਾਅਦ ਹੀ ਗੇਟ ਖੋਲ੍ਹੇ ਗਏ ਸਨ, ਜਿਸ ਕਾਰਨ ਸੁਖਨਾ ਚੋਅ ਵੀ ਓਵਰਫਲੋਅ ਹੋ ਗਿਆ ਸੀ। ਇਸ ਕਾਰਨ ਬਲਟਾਣਾ ਦੇ ਇਲਾਕੇ 'ਚ ਵੀ ਪਾਣੀ ਦਾਖ਼ਲ ਹੋ ਗਿਆ ਸੀ। ਇਹੀ ਕਾਰਨ ਹੈ ਕਿ ਪਿਛਲੇ ਸਾਲ ਪ੍ਰਸ਼ਾਸਨ ਵੱਲੋਂ ਫਲੱਡ ਗੇਟਾਂ ਨੂੰ ਅਗਾਊਂ ਖੋਲ੍ਹ ਕੇ ਕੁੱਝ ਪਾਣੀ ਛੱਡਿਆ ਗਿਆ ਸੀ ਤਾਂ ਜੋ ਕਿਸੇ ਵੀ ਇਲਾਕੇ 'ਚ ਪਾਣੀ ਨਾ ਭਰੇ। ਇਸ ਤੋਂ ਇਲਾਵਾ ਵਿਭਾਗ ਵੱਲੋਂ ਸੁਖਨਾ ਚੋਅ ਦੀ ਸਫ਼ਾਈ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜੋ ਪਾਣੀ ਛੱਡਣ ਸਮੇਂ ਚੋਅ ਓਵਰਫਲੋਅ ਨਾ ਹੋ ਜਾਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ