ਦੀਵਾਲੀ ''ਤੇ ਲਾੜੀ ਵਾਂਗ ਸਜੇਗੀ ''ਸੁਖਨਾ'', ਦਿਖਾਈ ਜਾਵੇਗੀ ਰਮਾਇਣ

10/18/2019 12:50:52 PM

ਚੰਡੀਗੜ੍ਹ (ਰਾਜਿੰਦਰ) : ਸ਼ਹਿਰ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਣ ਵਾਲੀ 'ਸੁਖਨਾ ਝੀਲ'  ਇਸ ਵਾਰ ਦੀਵਾਲੀ 'ਤੇ ਲਾੜੀ ਵਾਂਗ ਸਜਾਈ ਜਾਵੇਗੀ। 3 ਦਿਨਾਂ ਤੱਕ ਪੂਰੀ ਝੀਲ ਵਿਸ਼ੇਸ਼ ਲਾਈਟਾਂ ਨਾਲ ਜਗਮਗ ਕਰੇਗੀ। ਸਿਰਫ ਇੰਨਾ ਹੀ ਨਹੀਂ, ਇੱਥੇ ਲੇਜ਼ਰ ਸ਼ੋਅ ਰਾਹੀਂ ਰਾਮਾਇਣ ਦਿਖਾਈ ਜਾਵੇਗੀ ਅਤੇ ਡਿਜੀਟਲ ਆਤਿਸ਼ਬਾਜ਼ੀ ਵੀ ਹੋਵੇਗੀ। ਝੀਲ ਦੇ ਆਈਲੈਂਡ 'ਚ ਇਹ ਲੇਜ਼ਰ ਸ਼ੋਅ ਹੋਵੇਗਾ।

ਵੀਰਵਾਰ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ, ਸਲਾਹਕਾਰ ਮਨੋਜ ਪਰਿਦਾ ਅਤੇ ਹੋਰ ਅਧਿਕਾਰੀਆਂ ਦੀ ਇਸ ਸਬੰਧੀ ਬੈਠਕ ਹੋਈ, ਜਿਸ 'ਚ ਇਸ ਨੂੰ ਮਨਜ਼ੂਰੀ ਦਿੱਤੀ ਗਈ। ਇਹ ਦੂਜਾ ਮੌਕਾ ਹੋਵੇਗਾ, ਜਦੋਂ ਦੀਵਾਲੀ 'ਤੇ ਲੋਕ ਸੁਖਨਾ ਝੀਲ 'ਤੇ ਆ ਕੇ ਇਸ ਤਰ੍ਹਾਂ ਦਾ ਸ਼ੋਅ ਦੇਖ ਸਕਣਗੇ। ਇਹ ਸ਼ੋਅ 3 ਦਿਨਾਂ ਤੱਕ ਚੱਲੇਗਾ। ਇਸ 'ਚ ਰਾਮਾਇਣ ਦੇ ਕਈ ਸੀਨ ਦਿਖਾਏ ਜਾਣਗੇ। ਗਰੀਨ ਦੀਵਾਲੀ ਦਾ ਸੰਦੇਸ਼ ਦੇਣ ਦੇ ਮਕਸਦ ਨਾਲ ਚੰਡੀਗੜ੍ਹ ਪ੍ਰਸ਼ਾਸਨ ਇੱਥੇ ਅਸਲੀ ਪਟਾਕੇ ਜਲਾਉਣ ਦੀ ਬਜਾਏ ਡਿਜੀਟਲ ਆਤਿਸ਼ਬਾਜ਼ੀ ਦਿਖਾਵੇਗਾ।

ਪ੍ਰਸ਼ਾਸਨ ਦੇ ਅਧਿਕਾਰੀਆਂ ਮੁਤਾਬਕ ਪਿਛਲੇ ਸਾਲ ਵੀ ਸੁਖਨਾ ਝੀਲ 'ਤੇ ਇਸ ਤਰ੍ਹਾਂ ਦੇ ਸ਼ੋਅ ਦਾ ਆਯੋਜਨ ਕੀਤਾ ਗਿਆ ਸੀ ਪਰ ਇਸ ਸਾਲ ਝੀਲ ਨੂੰ ਵੀ ਬਿਹਤਰ ਤਰੀਕੇ ਨਾਲ ਸਜਾਉਣ ਦੀ ਤਿਆਰੀ ਕੀਤੀ ਗਈ ਹੈ। ਪਿਛਲੀ ਵਾਰ ਲੇਜ਼ਰ ਸ਼ੋਅ ਨੂੰ ਦੇਖਣ ਲਈ ਕਾਫੀ ਗਿਣਤੀ 'ਚ ਲੋਕ ਇਕੱਠੇ ਹੋਏ ਸਨ। ਇਸ ਲਈ 3 ਦਿਨ ਝੀਲ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਜਾਵੇਗਾ। ਝੀਲ ਦੇ ਨੇੜੇ ਲੱਗੇ ਦਰੱਖਤਾਂ ਨੂੰ ਵੀ ਲਾਈਟਿੰਗ ਕਰਕੇ ਸਜਾਇਆ ਜਾਵੇਗਾ। ਲੋਕ ਲਾਈਵ ਮਿਊਜ਼ਿਕ ਦਾ ਵੀ ਆਨੰਦ ਮਾਣ ਸਕਣਗੇ। ਇਸ ਲਾਈਟ ਐਂਡ ਸਾਊਂਡ ਸ਼ੋਅ 'ਚ ਧੁਨੀ ਪ੍ਰਦੂਸ਼ਣ ਦਾ ਵੀ ਖਾਸ ਖਿਆਲ ਰੱਖਿਆ ਜਾਵੇਗਾ। ਸੁਖਨਾ ਝੀਲ ਸਾਈਲੈਂਸ ਜ਼ੋਨ 'ਚ ਆਉਂਦੀ ਹੈ, ਇਸ ਲਈ ਧੁਨੀ ਨੂੰ ਵੀ ਮਨਜ਼ੂਰੀ ਦੀ ਹੱਦ ਤੱਕ ਹੀ ਰੱਖਿਆ ਜਾਵੇਗਾ।
 


Babita

Content Editor

Related News