ਜਨਮਦਿਨ ਦਾ ਕੇਕ ਕੱਟਣ ਜਾ ਰਿਹਾ ਸੀ ਸੁਖਮੀਤ, ਇਹ ਨਹੀਂ ਸੀ ਪਤਾ ਕਿ ਮੌਤ ਪਾ ਲਵੇਗੀ ਘੇਰਾ, ਰੇਕੀ ਤੋਂ ਬਾਅਦ ਹੋਇਆ ਕਤਲ

06/21/2021 11:24:45 AM

ਜਲੰਧਰ (ਸੁਧੀਰ)- ਸਥਾਨਕ ਗੋਪਾਲ ਨਗਰ ਨੇੜੇ ਪੈਂਦੀ ਨਵੀਂ ਦਾਣਾ ਮੰਡੀ ਨਜ਼ਦੀਕ ਪੈਂਦੀ ਇਕ ਸਵੀਟ ਸ਼ਾਪ ਦੇ ਬਾਹਰ ਬੀਤੇ ਦਿਨ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਕਾਰ ਸਵਾਰ ਹਮਲਾਵਰਾਂ ਨੇ ਮਿੱਕੀ ਅਗਵਾ ਕਾਂਡ ਵਿਚ ਨਾਮਜ਼ਦ ਰਹੇ ਮੁੱਖ ਮੁਲਜ਼ਮ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ’ਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਦੌਰਾਨ ਸੁਖਮੀਤ ਦੀ ਮੌਤ ਹੋ ਗਈ ਸੀ। ਮੁਹੱਲੇ ਵਿਚ ਅਚਾਨਕ ਸ਼ਰੇਆਮ ਸੜਕ ਵਿਚਾਲੇ ਗੋਲੀਆਂ ਚੱਲਦੀਆਂ ਵੇਖ ਕੇ ਲੋਕਾਂ ਵਿਚ ਭਾਜੜ ਮਚ ਗਈ ਅਤੇ ਆਲੇ-ਦੁਆਲੇ ਦੇ ਲੋਕ ਆਪਣੀਆਂ ਦੁਕਾਨਾਂ ਬੰਦ ਕਰਕੇ ਘਰਾਂ ਵੱਲ ਪੈਦਲ ਹੀ ਭੱਜਣ ਲੱਗੇ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਕਾਰ ਵਿਚ ਬੈਠ ਕੇ ਫਰਾਰ ਹੋ ਗਏ। 

ਘਟਨਾ ਵਿਚ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ। ਘਟਨਾ ਸਥਾਨ ਨੇੜੇ ਮੌਜੂਦ ਕੁਝ ਲੋਕਾਂ ਨੇ ਉਸ ਨੂੰ ਇਲਾਜ ਲਈ ਕਪੂਰਥਲਾ ਚੌਕ ਨੇੜੇ ਸਥਿਤ ਸਤਿਅਮ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੇ ਕੁਝ ਦੇਰ ਬਾਅਦ ਹੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਦਿਨ-ਦਿਹਾੜੇ ਵਾਪਰੀ ਇਸ ਸਨਸਨੀਖੇਜ਼ ਘਟਨਾ ਦੀ ਸੂਚਨਾ ਮਿਲਦਿਆਂ ਹੀ ਕਮਿਸ਼ਨਰੇਟ ਪੁਲਸ ਵਿਚ ਤੜਥੱਲੀ ਮਚ ਗਈ।

ਇਹ ਵੀ ਪੜ੍ਹੋ: ਜਲੰਧਰ: ਨਕੋਦਰ 'ਚ ਵੱਡੀ ਵਾਰਦਾਤ, ਗੁਆਂਢੀਆਂ ਨੇ ਧੋਖੇ ਨਾਲ ਨੌਜਵਾਨ ਨੂੰ ਘਰ ਬੁਲਾ ਕੇ ਦਿੱਤੀ ਰੂਹ ਕੰਬਾਊ ਮੌਤ

PunjabKesari

ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਸੀ. ਪੀ. ਗੁਰਮੀਤ ਸਿੰਘ, ਏ. ਡੀ. ਸੀ. ਪੀ. ਜਗਜੀਤ ਸਿੰਘ ਸਰੋਆ, ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਸ਼ੇਤਰਾ, ਥਾਣਾ ਨੰ. 2 ਦੇ ਇੰਚਾਰਜ ਸੁਖਬੀਰ ਸਿੰਘ, ਸਪੈਸ਼ਲ ਆਪ੍ਰੇਸ਼ਨ ਯੂਨਿਟ ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਅਤੇ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਰਮਨਦੀਪ ਸਿੰਘ ਅਤੇ ਥਾਣਾ ਨੰ. 1 ਦੇ ਇੰਚਾਰਜ ਰਾਜੇਸ਼ ਕੁਮਾਰ ਭਾਰੀ ਪੁਲਸ ਫੋਰਸ ਸਮੇਤ ਘਟਨਾ ਸਥਾਨ ’ਤੇ ਪਹੁੰਚੇ ਅਤੇ ਇਲਾਕੇ ਨੂੰ ਸੀਲ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਇੰਝ ਵਾਪਰੀ ਇਹ ਸਾਰੀ ਘਟਨਾ
ਮਿਲੀ ਜਾਣਕਾਰੀ ਅਨੁਸਾਰ ਮਿੱਕੀ ਅਗਵਾ ਕਾਂਡ ਵਿਚ ਨਾਮਜ਼ਦ ਰਿਹਾ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਐਤਵਾਰ ਸ਼ਾਮੀਂ ਲਗਭਗ 6 ਵਜੇ ਆਪਣੇ ਬੁਲੇਟ ਮੋਟਰਸਾਈਕਲ ’ਤੇ ਨਵੀਂ ਦਾਣਾ ਮੰਡੀ ਤੋਂ ਹੁੰਦੇ ਹੋਏ ਕ੍ਰਿਸ਼ਨ ਮੁਰਾਰੀ ਮੰਦਰ ਮਾਰਕੀਟ ਨੇੜੇ ਪੈਂਦੀ ਇਕ ਸਵੀਟ ਸ਼ਾਪ ਕੋਲੋਂ ਲੰਘ ਰਿਹਾ ਸੀ। ਇਸੇ ਦੌਰਾਨ ਕਾਰ ਸਵਾਰ ਕੁਝ ਨੌਜਵਾਨਾਂ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ, ਜਿਸ ਕਾਰਨ ਡਿਪਟੀ ਆਪਣੇ ਮੋਟਰਸਾਈਕਲ ਤੋਂ ਡਿੱਗ ਗਿਆ। ਇੰਨੇ ਵਿਚ ਕਾਰ ਸਵਾਰ ਹਮਲਾਵਰਾਂ ਨੇ ਡਿਪਟੀ ’ਤੇ ਤਾਬੜਤੋੜ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਕੇ ਸੜਕ ਵਿਚ ਡਿੱਗ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਹਸਪਤਾਲ ਲਿਜਾਣ ’ਤੇ ਡਿਪਟੀ ਨੇ ਦਮ ਤੋੜ ਦਿੱਤਾ। ਪੁਲਸ ਨੇ ਡਿਪਟੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲਸ ਮਾਮਲਾ ਦਰਜ ਕਰਕੇ ਜਾਂਚ ਕਰ ਰਹੀ ਹੈ।

ਹਮਲਾਵਰਾਂ ਨੇ ਦਰਜਨ ਦੇ ਲਗਭਗ ਚਲਾਈਆਂ ਗੋਲ਼ੀਆਂ, ਘਟਨਾ ਸਥਾਨ ਤੋਂ ਮਿਲੇ 9 ਖੋਲ
ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਜਾਂਚ ਵਿਚ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ’ਤੇ ਦਰਜਨ ਦੇ ਲਗਭਗ ਗੋਲ਼ੀਆਂ ਚਲਾਈਆਂ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਘਟਨਾ ਸਥਾਨ ਤੋਂ ਲਗਭਗ 9 ਗੋਲ਼ੀਆਂ ਦੇ ਖੋਲ ਬਰਾਮਦ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਡਿਪਟੀ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ ਅਤੇ ਸਿਰ ’ਚ 9 ਗੋਲੀਆਂ ਲੱਗੀਆਂ ਹਨ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਗੋਪਾਲ ਨਗਰ ਵਿਖੇ ਸ਼ਰੇਆਮ ਗੋਲ਼ੀਆਂ ਨਾਲ ਭੁੰਨਿਆ ਸਿੱਖ ਨੌਜਵਾਨ

PunjabKesari

ਮੁਲਜ਼ਮਾਂ ਦੀ ਗੱਡੀ ਦਾ ਨੰਬਰ ਪਹੁੰਚਿਆ ਪੁਲਸ ਕੋਲ
ਡੀ. ਸੀ. ਪੀ. ਗੁਰਮੀਤ ਸਿੰਘ ਅਤੇ ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਸ਼ੇਤਰਾ ਨੇ ਦੱਸਿਆ ਕਿ ਫਿਲਹਾਲ ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਮੁਲਜ਼ਮ ਸਵਿੱਫਟ ਡਿਜ਼ਾਇਰ ਕਾਰ ਵਿ ਸਵਾਰ ਹੋ ਕੇ ਆਏ ਸਨ, ਜਿਸ ਦਾ ਨੰਬਰ ਕੁਝ ਲੋਕਾਂ ਨੇ ਨੋਟ ਕਰਕੇ ਪੁਲਸ ਨੂੰ ਦੇ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਸ ਉਕਤ ਕਾਰ ਦਾ ਨੰਬਰ ਵੀ ਚੈੱਕ ਕਰਵਾ ਰਹੀ ਹੈ ਅਤੇ ਨੰਬਰ ਦੇ ਆਧਾਰ ’ਤੇ ਕਾਰ ਚਾਲਕਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਸੜਕ ਵਿਚਾਲੇ ਖ਼ੂਨ-ਖਰਾਬਾ ਹੁੰਦਾ ਵੇਖ ਲੋਕਾਂ ’ਚ ਫੈਲੀ ਦਹਿਸ਼ਤ
ਤਾਬੜਤੋੜ ਗੋਲ਼ੀਆਂ ਲੱਗਣ ਨਾਲ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਦੀ ਹੱਤਿਆ ਤੋਂ ਬਾਅਦ ਘਟਨਾ ਸਥਾਨ ’ਤੇ ਖ਼ੂਨ ਹੀ ਖ਼ੂਨ ਨਜ਼ਰ ਆ ਰਿਹਾ ਸੀ। ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਅਤੇ ਹਮਲਾਵਰਾਂ ਦੇ ਬੁਲੰਦ ਹੌਸਲੇ ਵੇਖ ਕੇ ਆਮ ਲੋਕਾਂ ਵਿਚ ਦਹਿਸ਼ਤ ਪਾਈ ਜਾ ਰਹੀ ਸੀ। ਘਟਨਾ ਸਥਾਨ ਤੋਂ ਪੁਲਸ ਵੱਲੋਂ ਗੋਲੀਆਂ ਦੇ ਖੋਲ ਬਰਾਮਦ ਕਰਨ ਤੋਂ ਬਾਅਦ ਕ੍ਰਾਈਮ ਸੀਨ ’ਤੇ ਗੋਲੇ ਲਾ ਕੇ ਮਾਮਲੇ ਦੀ ਜਾਂਚ ਵਾਸਤੇ ਕੁਝ ਸਮੇਂ ਲਈ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਗੁੰਡਾਗਰਦੀ ਦੇ ਇਸ ਨੰਗੇ ਨਾਚ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ।

ਘਰੋਂ ਜਨਮ ਦਿਨ ਦਾ ਕੇਕ ਕੱਟਣ ਦੀ ਗੱਲ ਕਹਿ ਕੇ ਨਿਕਲਿਆ ਸੀ ਡਿਪਟੀ, ਰੇਕੀ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਪੁਲਸ ਨੂੰ ਜਾਂਚ ਵਿਚ ਪਤਾ ਲੱਗਾ ਹੈ ਕਿ ਘਟਨਾ ਤੋਂ ਕੁਝ ਸਮਾਂ ਪਹਿਲਾ ਡਿਪਟੀ ਆਪਣੇ ਘਰ ਵਿਚ ਹੀ ਸੀ, ਜਦੋਂ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਚਾਹ ਪੀਣ ਦੀ ਗੱਲ ਕਰ ਰਿਹਾ ਸੀ। ਇਸ ਤੋਂ ਕੁਝ ਚਿਰ ਬਾਅਦ ਹੀ ਉਸ ਨੂੰ ਕਿਸੇ ਦਾ ਫੋਨ ਆਇਆ, ਜਿਸ ਤੋਂ ਬਾਅਦ ਡਿਪਟੀ ਪਰਿਵਾਰਕ ਮੈਂਬਰਾਂ ਨੂੰ ਕਿਸੇ ਜਾਣਕਾਰ ਦੇ ਜਨਮ ਦਿਨ ਦਾ ਕੇਕ ਕੱਟਣ ਦੀ ਗੱਲ ਕਹਿ ਕੇ ਆਪਣੇ ਬੁਲੇਟ ਮੋਟਰਸਾਈਕਲ ’ਤੇ ਘਰੋਂ ਇਕੱਲਾ ਹੀ ਨਿਕਲਿਆ ਸੀ। ਇਸ ਤੋਂ ਕੁਝ ਚਿਰ ਬਾਅਦ ਹੀ ਮੁਲਜ਼ਮਾਂ ਨੇ ਉਸ ਨੂੰ ਰਸਤੇ ਵਿਚ ਘੇਰ ਲਿਆ ਅਤੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰਨ ਉਪਰੰਤ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ। ਘਟਨਾ ਨੂੰ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮੁਲਜ਼ਮਾਂ ਨੇ ਰੇਕੀ ਕਰਨ ਤੋਂ ਬਾਅਦ ਹੀ ਵਾਰਦਾਤ ਨੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ- ਜਲੰਧਰ 'ਚ ਦਰਦਨਾਕ ਹਾਦਸਾ, ਪਲਾਂ 'ਚ ਉਜੜਿਆ ਪਰਿਵਾਰ, ਕਰੰਟ ਲੱਗਣ ਨਾਲ ਮਾਂ-ਧੀ ਦੀ ਮੌਤ

PunjabKesari

ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ’ਚ ਲੱਗੀ ਕਮਿਸ਼ਨਰੇਟ ਪੁਲਸ
ਘਟਨਾ ਤੋਂ ਬਾਅਦ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਦਾ ਸੁਰਾਗ ਲਾਉਣ ਲਈ ਕਮਿਸ਼ਨਰੇਟ ਪੁਲਸ ਦੀਆਂ ਕਈ ਟੀਮਾਂ ਘਟਨਾ ਸਥਾਨ ਦੇ ਆਲੇ ਦੁਆਲੇ ਲੱਗੇ ਸੀ. ਸੀ.ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਵਿਚ ਲੱਗੀਆਂ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਘਟਨਾ ਸਥਾਨ ਦਾ ਡੰਪ ਡਾਟਾ ਵੀ ਕਢਵਾਇਆ ਹੈ, ਜਿਸ ਦੇ ਆਧਾਰ ’ਤੇ ਜਾਂਚ ਵਿਚ ਲੱਗੀ ਹੋਈ ਹੈ। ਇਸ ਦੇ ਨਾਲ ਹੀ ਪੁਲਸ ਇਸ ਮਾਮਲੇ ਵਿਚ ਕਈ ਸ਼ੱਕੀ ਲੋਕਾਂ ਕੋਲੋਂ ਪੁੱਛਗਿੱਛ ਵੀ ਕਰ ਰਹੀ ਹੈ। ਘਟਨਾ ਸਥਾਨ ਤੋਂ ਪੁਲਸ ਨੂੰ ਡਿਪਟੀ ਦਾ ਮੋਬਾਇਲ ਫੋਨ ਵੀ ਬਰਾਮਦ ਹੋਇਆ, ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਪੁਲਸ ਡਿਪਟੀ ਦੇ ਮੋਬਾਇਲ ਫੋਨ ਦੀ ਜਾਂਚ ਕਰ ਰਹੀ ਹੈ ਕਿ ਘਰੋਂ ਬਾਹਰ ਨਿਕਲਣ ਸਮੇਂ ਡਿਪਟੀ ਦੀ ਕਿਹੜੇ-ਕਿਹੜੇ ਲੋਕਾਂ ਨਾਲ ਗੱਲ ਹੋਈ ਸੀ।

ਜੇਲ੍ਹ ’ਚੋਂ 2 ਮਹੀਨੇ ਪਹਿਲਾਂ ਹੀ ਆਇਆ ਸੀ ਪੈਰੋਲ ’ਤੇ
ਮਿਲੀ ਜਾਣਕਾਰੀ ਮੁਤਾਬਕ ਮਿੱਕੀ ਅਗਵਾ ਕਾਂਡ ਵਿਚ ਸਜ਼ਾ ਕੱਟ ਰਿਹਾ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਲਗਭਗ ਦੋ ਮਹੀਨੇ ਪਹਿਲਾਂ ਹੀ ਪੈਰੋਲ ’ਤੇ ਬਾਹਰ ਆਇਆ ਸੀ। ਪੁਲਸ ਡਿਪਟੀ ਦੇ ਕਰੀਬੀਆਂ ਦੀ ਵੀ ਜਾਣਕਾਰੀ ਹਾਸਲ ਕਰ ਰਹੀ ਹੈ ਕਿ ਜੇਲ੍ਹ ਵਿਚੋਂ ਬਾਹਰ ਆਉਣ ਤੋਂ ਬਾਅਦ ਉਹ ਕਿਹੜੇ-ਕਿਹੜੇ ਲੋਕਾਂ ਨੂੰ ਮਿਲਦਾ ਸੀ ਅਤੇ ਕੌਣ-ਕੌਣ ਉਸ ਦੇ ਸੰਪਰਕ ਵਿਚ ਸਨ। ਇਸ ਤੋਂ ਇਲਾਵਾ ਕਮਿਸ਼ਨਰੇਟ ਪੁਲਸ ਜੇਲ੍ਹ ਵਿਚ ਬੰਦ ਅਪਰਾਧੀਆਂ ਦੀ ਵੀ ਸੂਚੀ ਕੱਢਵਾ ਰਹੀ ਹੈ। ਕਿ ਕਿਤੇ ਜੇਲ੍ਹ ਵਿਚ ਬੰਦ ਕਿਸੇ ਹਵਾਲਾਤੀ ਜਾਂ ਕੈਦੀ ਦੀ ਡਿਪਟੀ ਨਾਲ ਕੋਈ ਰੰਜਿਸ਼ ਤਾਂ ਨਹੀਂ ਸੀ।

ਇਹ ਵੀ ਪੜ੍ਹੋ: ਜਲੰਧਰ ਦੀ ਪੀ. ਪੀ. ਆਰ. ਮਾਰਕਿਟ ’ਚ ਮਿਲੀ ਵਿਅਕਤੀ ਦੀ ਲਾਸ਼, ਫੈਲੀ ਸਨਸਨੀ

PunjabKesari

ਕਾਲੋਨਾਈਜ਼ਰ ਸੁਭਾਸ਼ ਮਹਿੰਦਰੂ ਦੇ ਬੇਟੇ ਦੇ ਅਗਵਾ ਮਾਮਲੇ ’ਚ ਹੋਈ ਸੀ ਸਜ਼ਾ
ਕਾਲੋਨਾਈਜ਼ਰ ਸੁਭਾਸ਼ ਮਹਿੰਦਰੂ ਦੇ ਬੇਟੇ ਮਿੱਕੀ ਦਾ 2008 ਵਿਚ ਅਗਵਾ ਹੋਣ ਤੋਂ ਬਾਅਦ ਕਮਿਸ਼ਨਰੇਟ ਪੁਲਸ ਮਾਮਲੇ ਦੀ ਜਾਂਚ ਵਿਚ ਲੱਗੀ। ਇਸ ਤੋਂ ਬਾਅਦ ਅਗਵਾਕਾਰ ਨੇ ਮਿੱਕੀ ਨੂੰ ਛੱਡਣ ਬਦਲੇ ਕਾਲੋਨਾਈਜ਼ਰ ਕੋਲੋਂ ਇਕ ਕਰੋੜ ਰੁਪਏ ਦੀ ਫਿਰੌਤੀ ਮੰਗੀ। ਮਿੱਕੀ ਦੇ ਪਰਿਵਾਰਕ ਮੈਂਬਰ ਅਗਵਾਕਾਰ ਵੱਲੋਂ ਦੱਸੀ ਥਾਂ ’ਤੇ ਪਹੁੰਚੇ, ਜਿੱਥੇ ਉਨ੍ਹਾਂ ਨੋਟਾਂ ਨਾਲ ਭਰਿਆ ਬੈਗ ਵੀ ਛੱਡ ਦਿੱਤਾ। ਮਾਮਲੇ ਦੀ ਜਾਂਚ ਵਿਚ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਅਤੇ ਹੋਰ ਮੁਲਜ਼ਮਾਂ ਦਾ ਇਸ ਮਾਮਲੇ ਵਿਚ ਨਾਂ ਸਾਹਮਣੇ ਆਇਆ। ਕਮਿਸ਼ਨਰੇਟ ਪੁਲਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਸੁਖਮੀਤ ਸਿੰਘ ਡਿਪਟੀ ਅਤੇ ਉਸ ਦੇ ਕੁਝ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਡਿਪਟੀ ਨੂੰ ਗ੍ਰਿਫ਼ਤਾਰ ਕਰ ਲਿਆ। ਮਾਣਯੋਗ ਅਦਾਲਤ ਵੱਲੋਂ ਡਿਪਟੀ ਨੂੰ ਸਜ਼ਾ ਸੁਣਾਈ ਗਈ। ਡਿਪਟੀ ਜੇਲ ਵਿਚ ਸਜ਼ਾ ਕੱਟ ਰਿਹਾ ਸੀ ਅਤੇ ਦੋ ਮਹੀਨੇ ਪਹਿਲਾਂ ਹੀ ਉਹ ਪੈਰੋਲ ’ਤੇ ਬਾਹਰ ਆਇਆ ਸੀ।

ਇਹ ਵੀ ਪੜ੍ਹੋ: ਹੁਸ਼ਿਆਰਪੁਰ: ਥਾਣਾ ਚੱਬੇਵਾਲ 'ਚ ਤਾਇਨਾਤ ਏ. ਐੱਸ. ਆਈ. ਦੀ ਗੋਲ਼ੀ ਲੱਗਣ ਨਾਲ ਮੌਤ

PunjabKesari

ਕਮਿਸ਼ਨਰੇਟ ਪੁਲਸ ਨੂੰ ਮਿਲੇ ਕਈ ਅਹਿਮ ਸੁਰਾਗ, ਕਈ ਪਹਿਲੂਆਂ ’ਤੇ ਕੀਤੀ ਜਾ ਰਹੀ ਮਾਮਲੇ ਦੀ ਜਾਂਚ : ਭੁੱਲਰ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਮਾਮਲੇ ਨੂੰ ਗੰਭੀਰਤਾ ਨਾਲ ਹੱਲ ਕਰਨ ਵਿਚ ਲੱਗੀ ਹੋਈ ਹੈ। ਵਾਰਦਾਤ ਤੋਂ ਬਾਅਦ ਮਾਮਲੇ ਨੂੰ ਤੁਰੰਤ ਹੱਲ ਕਰਨ ਲਈ ਵਿਸ਼ੇਸ਼ ਟੀਮਾਂ ਦਾ ਡੀ. ਸੀ. ਪੀ. ਗੁਰਮੀਤ ਸਿੰਘ ਦੀ ਅਗਵਾਈ ਵਿਚ ਗਠਨ ਕੀਤਾ ਗਿਆ। ਕਮਿਸ਼ਨਰੇਟ ਪੁਲਸ ਇਸ ਮਾਮਲੇ ਦੇ ਹੱਲ ਲਈ ਹਰ ਪਹਿਲੂ ਤੋਂ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੁਲਸ ਦੇ ਹੱਥ ਮੁਲਜ਼ਮਾਂ ਬਾਰੇ ਕੁਝ ਅਹਿਮ ਸੁਰਾਗ ਵੀ ਲੱਗੇ ਹਨ। ਇਸ ਦੇ ਨਾਲ ਹੀ ਪੁਲਸ ਡਿਪਟੀ ਦੀ ਜੇਲ੍ਹ ਵਿਚ ਕੁਝ ਲੋਕਾਂ ਨਾਲ ਰੰਜਿਸ਼ ਬਾਰੇ ਜਾਂਚ ਕਰ ਰਹੀ ਹੈ। ਘਟਨਾ ਸਥਾਨ ਨੇੜਿਓਂ ਪੁਲਸ ਹੱਥ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਲੱਗੀ ਹੈ। ਜਾਂਚ ਵਿਚ ਪਤਾ ਲੱਗਾ ਹੈ ਕਿ ਲਗਭਗ 1 ਮਹੀਨਾ ਪਹਿਲਾਂ ਰੋਪੜ ਵਿਚ ਵੀ ਕੋਈ ਵਿਵਾਦ ਦਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿਸ ਨੂੰ ਲੈ ਕੇ ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੁਲਸ ਕਮਿਸ਼ਨਰ ਨੇ ਕਿਹਾ ਕਿ ਮਾਮਲੇ ਨੂੰ ਜਲਦ ਹੱਲ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਫਗਵਾੜਾ 'ਚ ਵੱਡੀ ਵਾਰਦਾਤ, ਚੌਕੀਦਾਰ ਦਾ ਬੇਰਹਿਮੀ ਨਾਲ ਕਤਲ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News