ਬੰਬ ਧਮਾਕੇ ਦੀਆਂ ਤਾਰਾਂ ਪਾਕਿਸਤਾਨ ਨਾਲ ਵੀ ਜੁੜੀਆਂ, ਮਜੀਠੀਆ ਮਾਮਲੇ 'ਤੇ ਦਿੱਤਾ ਸੁਖਜਿੰਦਰ ਰੰਧਾਵਾ ਨੇ ਵੱਡਾ ਬਿਆਨ

Sunday, Dec 26, 2021 - 11:50 AM (IST)

ਬੰਬ ਧਮਾਕੇ ਦੀਆਂ ਤਾਰਾਂ ਪਾਕਿਸਤਾਨ ਨਾਲ ਵੀ ਜੁੜੀਆਂ, ਮਜੀਠੀਆ ਮਾਮਲੇ 'ਤੇ ਦਿੱਤਾ ਸੁਖਜਿੰਦਰ ਰੰਧਾਵਾ ਨੇ ਵੱਡਾ ਬਿਆਨ

ਜਲੰਧਰ (ਸੁਨੀਲ ਧਵਨ)– ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਦੀ ਜ਼ਿੰਮੇਵਾਰੀ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਮੋਢਿਆਂ ’ਤੇ ਹੈ, ਜਿਨ੍ਹਾਂ ਨੂੰ ਗ੍ਰਹਿ ਵਿਭਾਗ ਸੌਂਪਿਆ ਗਿਆ ਸੀ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਚੁੱਕੀਆਂ ਹਨ। ਸੂਬੇ ਦੀ ਸਿਆਸਤ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਵਿਰੁੱਧ ਕੇਸ ਦਰਜ ਹੋਣ ਪਿੱਛੋਂ ਭਖ ਚੁੱਕੀ ਹੈ। ਅਸੈਂਬਲੀ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਸੰਪੰਨ ਕਰਨ ਦੀ ਜ਼ਿੰਮੇਵਾਰੀ ਉਪ ਮੁੱਖ ਮੰਤਰੀ ਰੰਧਾਵਾ ਦੇ ਮੋਢਿਆਂ ’ਤੇ ਹੈ। ਪੰਜਾਬ ਨਾਲ ਜੁੜੇ ਅਹਿਮ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਨਾਲ ਸੰਖੇਪ ਇੰਟਰਵਿਊ ਕੀਤੀ ਗਈ, ਜਿਸ ਦੇ ਮੁੱਖ ਅੰਸ਼ ਹੇਠ ਲਿਖੇ ਹਨ :

ਸ. ਪੰਜਾਬ ਵਿਚ ਲੁਧਿਆਣਾ ਵਿਖੇ ਹੋਏ ਬੰਬ ਧਮਾਕੇ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ?
ਜ.
ਪੰਜਾਬ ਪੁਲਸ ਨੇ ਇਕ ਦਿਨ ਅੰਦਰ ਲੁਧਿਆਣਾ ਬੰਬ ਧਮਾਕੇ ਦੀ ਗੁੱਥੀ ਹੱਲ ਕਰ ਲਈ ਹੈ ਪਰ ਅਜੇ ਵੀ ਸਰਕਾਰ ਨੇ ਡੀ. ਜੀ. ਪੀ. ਅਤੇ ਹੋਰ ਪੁਲਸ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਇਸਦੀ ਡੂੰਘਾਈ ਵਿਚ ਜਾਂਚ ਕਰਨ। ਆਉਣ ਵਾਲੇ ਸਮੇਂ ਵਿਚ ਕਈ ਸਨਸਨੀਖੇਜ਼ ਤੱਥ ਸਾਹਮਣੇ ਸਕਦੇ ਹਨ।

ਸ. ਲੁਧਿਆਣਾ ਬੰਬ ਧਮਾਕੇ ਨੇ ਇਕ ਵਾਰ ਮੁੜ ਤੋਂ ਅੱਤਵਾਦ ਦੀ ਯਾਦ ਤਾਜ਼ਾ ਕਰ ਦਿੱਤੀ ਹੈ?
ਜ.
ਅੱਤਵਾਦ ਦੇ ਦੌਰ ਵਿਚ ਪੰਜਾਬ ਨੇ ਭਾਰੀ ਨੁਕਸਾਨ ਝੱਲਿਆ ਸੀ। ਇਸ ਦੌਰ ਵਿਚ ਮੇਰੇ ਪਿਤਾ ਸਵ. ਸੰਤੋਖ ਸਿੰਘ ਰੰਧਾਵਾ ਨੇ ਹਮੇਸ਼ਾ ਅੱਗੇ ਹੋ ਕੇ ਲੜਾਈ ਲੜੀ ਅਤੇ ਆਖੀਰ ਸੂਬੇ ਵਿਚ ਅੱਤਵਾਦ ’ਤੇ ਕਾਬੂ ਪਾਇਆ ਗਿਆ। ਲੋਕਾਂ ਨੂੰ ਹਮੇਸ਼ਾ ਇਹ ਯਾਦ ਰੱਖਣਾ ਹੋਵੇਗਾ ਕਿ ਕਿੰਨੀਆਂ ਕੁਰਬਾਨੀਆਂ ਪਿੱਛੋਂ ਸੂਬੇ ਵਿਚ ਸ਼ਾਂਤੀ ਬਹਾਲ ਹੋਈ ਸੀ।

ਸ. ਤੁਸੀਂ ਕੀ ਸਮਝਦੇ ਹੋ ਕਿ ਲੁਧਿਆਣਾ ਬੰਬ ਧਮਾਕੇ ਦੀਆਂ ਤਾਰਾਂ ਿਕਨ੍ਹਾਂ-ਕਿਨ੍ਹਾਂ ਨਾਲ ਜੁੜੀਆਂ ਹੋ ਸਕਦੀਆਂ ਹਨ?
ਜ.
ਲੁਧਿਆਣਾ ਬੰਬ ਧਮਾਕੇ ਨੇ ਇਕ ਵਾਰ ਮੁੜ ਤੋਂ ਸਾਡੀ ਉਸ ਗੱਲ ਨੂੰ ਸੱਚ ਸਿੱਧ ਕਰ ਦਿੱਤਾ ਹੈ ਕਿ ਨਾਰਕੋ-ਟੈਰਾਰਿਜ਼ਮ ਸਿਰ ਚੁੱਕ ਰਿਹਾ ਹੈ। ਨਸ਼ਿਆਂ ਦੀ ਸਪਲਾਈ ਕਰਨ ਵਾਲਿਆਂ ਦੀਆਂ ਤਾਰਾਂ ਅੱਤਵਾਦੀਆਂ ਅਤੇ ਉਨ੍ਹਾਂ ਦੇ ਸੰਗਠਨਾਂ ਨਾਲ ਜੁੜੀਆਂ ਹੋਈਆਂ ਹਨ। ਪੰਜਾਬ ਪੁਲਸ ਇਸ ਦੀ ਵੀ ਜਾਂਚ ਕਰੇਗੀ।

ਸ. ਤੁਹਾਨੂੰ ਨਹੀਂ ਲੱਗਦਾ ਕਿ ਬੰਬ ਧਮਾਕੇ ਪਿੱਛੇ ਪਾਕਿਸਤਾਨ ਅਤੇ ਉਸ ਦੀਆਂ ਏਜੰਸੀਆਂ ਦਾ ਹੱਥ ਹੋ ਸਕਦਾ ਹੈ?
ਜ.
ਪਾਕਿਸਤਾਨ ਹਮੇਸ਼ਾ ਤੋਂ ਹੀ ਪੰਜਾਬ ਨੂੰ ਡਾਵਾਂਡੋਲ ਕਰਨ ਵਿਚ ਲੱਗਾ ਰਹਿੰਦਾ ਹੈ। ਬੰਬ ਧਮਾਕੇ ਪਿੱਛੇ ਪਾਕਿਸਤਾਨ, ਉਸ ਦੀਆਂ ਏਜੰਸੀਆਂ ਅਤੇ ਉਥੇ ਬੈਠੇ ਅੱਤਵਾਦੀ ਸੰਗਠਨਾਂ ਦੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਰਕਾਰ ਅਤੇ ਸੂਬਾਈ ਪੁਲਸ ਨੂੰ ਹੋਰ ਵੀ ਚੌਕਸ ਰਹਿਣ ਦੀ ਲੋੜ ਹੈ।

ਇਹ ਵੀ ਪੜ੍ਹੋ: ਕੈਪਟਨ ਦਾ ਵੱਡਾ ਬਿਆਨ, ਕਾਂਗਰਸ ਜਾਂ ਸਿੱਧੂ ਮੇਰੀ ਯੋਜਨਾ ’ਚ ਨਹੀਂ, ਮੇਰਾ ਮਿਸ਼ਨ ਭਾਜਪਾ ਨਾਲ ਮਿਲ ਕੇ ਚੋਣ ਜਿੱਤਣਾ

ਸ. ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨੇੜੇ ਹੋਣ ’ਤੇ ਹੀ ਬੰਬ ਧਮਾਕੇ ਕਿਉਂ ਹੁੰਦੇ ਹਨ?
ਜ.
ਇਹ ਠੀਕ ਹੈ ਕਿ ਚੋਣਾਂ ਦੌਰਾਨ ਸਾਡਾ ਦੁਸ਼ਮਣ ਦੇਸ਼ ਲੋਕਾਂ ਅੰਦਰ ਦਹਿਸ਼ਤ ਦੀ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ। 2017 ਵਿਚ ਵਿਧਾਨ ਸਭਾ ਚੋਣਾਂ ਦੇ ਸਮੇਂ ਵੀ ਮੌੜ ਵਿਖੇ ਅੱਤਵਾਦੀ ਘਟਨਾ ਹੋਈ ਸੀ। ਹੁਣ ਵੀ ਅਸੈਂਬਲੀ ਚੋਣਾਂ ਤੋਂ ਪਹਿਲਾਂ ਲੁਧਿਆਣਾ ਦੇ ਕੋਰਟ ਕੰਪਲੈਕਸ ਵਿਚ ਬੰਬ ਧਮਾਕਾ ਕੀਤਾ ਗਿਆ ਹੈ।

ਸ. ਕੀ ਤੁਹਾਨੂੰ ਲੱਗਦਾ ਹੈ ਕਿ ਵਿਧਾਨ ਸਭਾ ਚੋਣਾਂ ਲਈ ਵੋਟਾਂ ਤੋਂ ਪਹਿਲਾਂ ਅਜਿਹੇ ਬੰਬ ਧਮਾਕੇ ਹੋਰ ਵੀ ਕੀਤੇ ਜਾ ਸਕਦੇ ਹਨ?
ਜ.
ਪਾਕਿਸਤਾਨ ਅਤੇ ਉਸ ਦੀਆਂ ਏਜੰਸੀਆਂ ਅਤੇ ਅੱਤਵਾਦੀ ਸੰਗਠਨਾਂ ਦੀ ਕੋਸ਼ਿਸ਼ ਰਹੇਗੀ ਕਿ ਪੰਜਾਬ ਵਿਚ ਅਜਿਹੀਆਂ ਘਟਨਾਵਾਂ ਹੋਰ ਕੀਤੀਆਂ ਜਾਣ ਪਰ ਮੈਂ ਡੀ. ਜੀ. ਪੀ. ਸਿਧਾਰਥ ਚਟੋਪਾਧਿਆਏ ਨੂੰ ਕਹਿ ਦਿੱਤਾ ਹੈ ਕਿ ਸਭ ਜ਼ਿਲਿਆਂ ਦੇ ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀ. ਨੂੰ ਅਲਰਟ ਕਰ ਦਿੱਤਾ ਜਾਵੇ। ਸੂਬੇ ਵਿਚ ਭੀੜ ਵਾਲੀਆਂ ਥਾਵਾਂ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਨਾਜ਼ੁਕ ਥਾਵਾਂ ’ਤੇ ਵੀ ਸੁਰੱਖਿਆ ਦੇ ਹੋਰ ਪ੍ਰਬੰਧ ਕੀਤੇ ਗਏ ਹਨ।

ਸ. ਕੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਪੁਲਸ ਸੂਬੇ ਵਿਚ ਸਭ ਥਾਵਾਂ ’ਤੇ ਸੁਰੱਖਿਆ ਪ੍ਰਬੰਧ ਕਰਨ ਵਿਚ ਸਮਰੱਥ ਹੈ?
ਜ.
ਪੰਜਾਬ ਪੁਲਸ ਨੂੰ ਅਮਨ-ਕਾਨੂੰਨ ਦੀ ਡਿਊਟੀ ਕਰਨ ਦੇ ਨਾਲ ਹੀ ਕਈ ਹੋਰ ਕੰਮ ਵੀ ਕਰਨੇ ਪੈ ਰਹੇ ਹਨ। ਸੂਬੇ ਵਿਚ ਕਿਸੇ ਵੀ ਥਾਂ ’ਤੇ ਧਰਨੇ ਲੱਗਦੇ ਹਨ ਤਾਂ ਪੁਲਸ ਨੂੰ ਉਥੇ ਭੇਜਣਾ ਪੈਂਦਾ ਹੈ। ਜੇ ਅਜਿਹੇ ਧਰਨੇ ਨਾ ਲੱਗਣ ਤਾਂ ਪੁਲਸ ਦਾ ਪੂਰਾ ਧਿਆਨ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਵੱਲ ਲੱਗਾ ਰਹੇਗਾ।

ਸ. ਅਜਿਹੀ ਸਥਿਤੀ ਵਿਚ ਪੰਜਾਬ ਪੁਲਸ ਦੀ ਮਦਦ ਲਈ ਤੁਸੀਂ ਕੇਂਦਰ ਕੋਲੋਂ ਕਿਸ ਤਰ੍ਹਾਂ ਦੀ ਮਦਦ ਚਾਹੋਗੇ?
ਜ.
ਅਸੀਂ ਚਾਹੁੰਦੇ ਹਾਂ ਕਿ ਕੇਂਦਰੀ ਸੁਰੱਖਿਆ ਫੋਰਸਾਂ ਦੀਆਂ ਕੁਝ ਕੰਪਨੀਆਂ ਪੰਜਾਬ ਨੂੰ ਚੋਣਾਂ ਤੱਕ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਸੂਬੇ ਵਿਚ ਅਮਨ-ਸ਼ਾਂਤੀ ਪੂਰੀ ਤਰ੍ਹਾਂ ਬਹਾਲ ਰੱਖੀ ਜਾ ਸਕੇ। ਪੰਜਾਬ ਪੁਲਸ ਆਪਣੇ ਪੱਧਰ ’ਤੇ ਅਮਨ-ਸ਼ਾਂਤੀ ਨੂੰ ਬਹਾਲ ਰੱਖਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ ਪਰ ਚੋਣਾਂ ਦੇ ਦਿਨਾਂ ਵਿਚ ਸੂਬਾਈ ਪੁਲਸ ’ਤੇ ਵੀ ਕੰਮ ਦਾ ਭਾਰ ਵਧ ਜਾਂਦਾ ਹੈ। ਇਸ ਲਈ ਕੇਂਦਰੀ ਫੋਰਸ ਦੀ ਮੰਗ ਰੱਖੀ ਜਾਵੇਗੀ।

ਸ. ਕੀ ਤੁਹਾਨੂੰ ਲੱਗਦਾ ਹੈ ਕਿ ਚੋਣਾਂ ਸ਼ਾਂਤਮਈ ਢੰਗ ਨਾਲ ਸਪੰਨ ਹੋਣਗੀਆਂ?
ਜ.
ਚੋਣਾਂ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਸੰਪੰਨ ਹੋਣਗੀਆਂ। ਸੂਬੇ ਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।

ਸ. ਪੰਜਾਬ ਵਿਚ ਸ਼ਹਿਰੀ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਅੰਦਰ ਡਰ ਦੀ ਭਾਵਨਾ ਵਧੀ ਹੈ?
ਜ.
ਅਸਲ ਵਿਚ ਬੰਬ ਧਮਾਕੇ ਕਰਨ ਵਾਲੇ ਅੱਤਵਾਦੀ ਸੰਗਠਨਾਂ ਜਾਂ ਉਨ੍ਹਾਂ ਦੇ ਆਕਾਵਾਂ ਦੀ ਕੋਸ਼ਿਸ਼ ਹੈ ਕਿ ਹਿੰਦੂਆਂ ਦੇ ਮਨ ਵਿਚ ਡਰ ਦੀ ਭਾਵਨਾ ਪੈਦਾ ਕੀਤੀ ਜਾਏ ਪਰ ਉਨ੍ਹਾਂ ਨੂੰ ਡਰਨਾ ਨਹੀਂ ਚਾਹੀਦਾ। ਪੰਜਾਬ ਸਰਕਾਰ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਹੈ। ਅਸੀਂ ਅੱਤਵਾਦੀ ਸੰਗਠਨਾਂ ਜਾਂ ਪਾਕਿਸਤਾਨ ਦੇ ਇਰਾਦਿਆਂ ਨੂੰ ਸਫਲ ਨਹੀਂ ਹੋਣ ਦਿਆਂਗੇ।

ਇਹ ਵੀ ਪੜ੍ਹੋ: ਕਾਂਗਰਸ ਹਾਈਕਮਾਨ ਦੇ ਨਵੇਂ ਨਿਯਮਾਂ ਨੇ ਫਿਕਰਾਂ 'ਚ ਪਾਏ ਦਾਗੀ ਵਿਧਾਇਕ

ਸ. ਪੰਜਾਬ ਪੁਲਸ ਵੱਲੋਂ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਵਿਰੁੱਧ ਕੇਸ ਦਰਜ ਕਰਨ ਪਿੱਛੋਂ ਤੁਹਾਨੂੰ ਅਕਾਲੀ ਆਗੂਆਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ?
ਜ.
ਮੈਂ ਅਜਿਹੀਆਂ ਧਮਕੀਆਂ ਤੋਂ ਘਬਰਾਉਣ ਵਾਲਾ ਨਹੀਂ ਹਾਂ। ਮੈਂ ਕੋਈ ਗਲਤ ਕੰਮ ਨਹੀਂ ਕਰਦਾ। ਜੋ ਵੀ ਕੇਸ ਦਰਜ ਕੀਤਾ ਗਿਆ ਹੈ, ਉਹ ਤੱਥਾਂ ਦੇ ਆਧਾਰ ’ਤੇ ਹੈ। ਹਾਈ ਕੋਰਟ ਵਿਚ ਵੀ ਮਾਮਲਾ ਰੱਖਿਆ ਗਿਆ ਸੀ। ਹਾਈ ਕੋਰਟ ਨੇ ਸਰਕਾਰ ਨੂੰ ਜਾਂਚ ਤੋਂ ਰੋਕਿਆ ਨਹੀਂ। ਜੇ ਅਕਾਲੀ ਨੇਤਾ ਮੈਨੂੰ ਧਮਕੀਆਂ ਦਿੰਦੇ ਹਨ ਤਾਂ ਵੀ ਮੈਨੂੰ ਇਸ ਦੀ ਕੋਈ ਚਿੰਤਾ ਨਹੀਂ। ਮੈਂ ਗੁਰੂਆਂ ’ਤੇ ਭਰੋਸਾ ਰੱਖ ਕੇ ਕੰਮ ਕਰਦਾ ਹਾਂ।

ਸ. ਕਾਂਗਰਸ ਸਰਕਾਰ ਸੂਬੇ ਵਿਚ ਪਿਛਲੇ ਪੌਣੇ ਪੰਜ ਸਾਲ ਤੋਂ ਕੰੰਮ ਕਰ ਰਹੀ ਸੀ ਪਰ ਇਹ ਕੇਸ ਆਖਰੀ ਦਿਨਾਂ ਵਿਚ ਹੀ ਕਿਉਂ ਦਰਜ ਕੀਤਾ ਗਿਆ?
ਜ.
ਇਸ ਦਾ ਜਵਾਬ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗਿਆ ਜਾਣਾ ਚਾਹੀਦਾ ਹੈ। ਸਾਨੂੰ ਤਾਂ ਕੰਮ ਕਰਨ ਲਈ ਸਿਰਫ 3 ਮਹੀਨਿਆਂ ਦਾ ਸਮਾਂ ਮਿਲਿਆ ਅਤੇ ਅਸੀਂ ਪੰਜਾਬ ਪੁਲਸ ਵਿਚ ਪਈਆਂ ਫਾਈਲਾਂ ਨੂੰ ਕਲੀਅਰ ਕਰ ਦਿੱਤਾ। ਹੌਲੀ-ਹੌਲੀ ਹੋਰ ਵੀ ਰਾਜ਼ ਸਾਹਮਣੇ ਆਉਣਗੇ। ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦੇਣਾ ਹੋਵੇਗਾ ਕਿ ਉਨ੍ਹਾਂ ਮਜੀਠੀਆ ਦੀ ਫਾਈਲ ਨੂੰ ਕੇਸ ਦਰਜ ਕਰਨ ਲਈ ਕਲੀਅਰ ਕਿਉਂ ਨਹੀਂ ਕੀਤਾ। ਗ੍ਰਹਿ ਮਹਿਕਮੇ ਉਨ੍ਹਾਂ ਕੋਲ ਹੀ ਸੀ।

ਸ. ਅਕਾਲੀ ਨੇਤਾ ਧਮਕੀਆਂ ਦੇ ਰਹੇ ਹਨ ਕਿ ਜੇ ਉਨ੍ਹਾਂ ਦੀ ਸਰਕਾਰ ਬਣੀ ਤਾਂ ਕਾਂਗਰਸੀ ਆਗੂਆਂ ਨੂੰ ਸਿੱਟੇ ਭੁਗਤਣੇ ਪੈਣਗੇ?
ਜ.
ਪਹਿਲਾਂ ਤਾਂ ਇਹ ਗੱਲ ਸਾਫ ਹੈ ਕਿ ਅਕਾਲੀ ਹੁਣ ਕਦੇ ਵੀ ਸੱਤਾ ਵਿਚ ਨਹੀਂ ਆ ਸਕਣਗੇ। ਲੋਕਾਂ ਨੂੰ ਉਨ੍ਹਾਂ ਦੀਆਂ ਕਰਤੂਤਾਂ ਦਾ ਪਤਾ ਲੱਗ ਗਿਆ ਹੈ। ਜਿਨ੍ਹਾਂ ਲੋਕਾਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਹੈ, ਉਨ੍ਹਾਂ ਨੂੰ ਲੋਕ ਕਦੇ ਵੀ ਵੋਟ ਨਹੀਂ ਪਾਉਣਗੇ।

ਸ. ਇਹ ਦੋਸ਼ ਵੀ ਲੱਗ ਰਹੇ ਹਨ ਕਿ ਮਜੀਠੀਆ ਦਾ ਕੇਸ ਕਮਜ਼ੋਰ ਹੈ?
ਜ.
ਇਸ ਦਾ ਪਤਾ ਤਾਂ ਆਉਣ ਵਾਲੇ ਸਮੇਂ ਵਿਚ ਲੱਗੇਗਾ। ਜੇ ਕੇਸ ਕਮਜ਼ੋਰ ਹੁੰਦਾ ਤਾਂ ਮਜੀਠੀਆ ਦੀ ਜ਼ਮਾਨਤ ਦੀ ਅਰਜ਼ੀ ਅਦਾਲਤ ਵੱਲੋਂ ਰੱਦ ਨਾ ਕੀਤੀ ਜਾਂਦੀ। ਡਰੱਗ ਮਾਮਲੇ ਨੂੰ ਸੂਬਾਈ ਪੁਲਸ ਵੇਖ ਰਹੀ ਹੈ। ਸੀਨੀਅਰ ਪੁਲਸ ਅਧਿਕਾਰੀਆਂ ਨੇ ਜਾਂਚ ਤੋਂ ਬਾਅਦ ਹੀ ਫਾਈਲ ਤਿਆਰ ਕੀਤੀ ਸੀ।

ਇਹ ਵੀ ਪੜ੍ਹੋ: ਅੰਮ੍ਰਿਤਸਰ ’ਚ ਅਰਵਿੰਦ ਕੇਜਰੀਵਾਲ ਦਾ ਵਕੀਲਾਂ ਨਾਲ ਸੰਵਾਦ, ਦਿੱਤੀਆਂ ਦੋ ਵੱਡੀਆਂ ਗਾਰੰਟੀਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News