ਕਾਂਗਰਸ ਦੀ ਹੂੰਝਾਫੇਰ ਜਿੱਤ ਨੇ ਸਾਬਿਤ ਕੀਤਾ, ਕੈਪਟਨ ਹੀ ਪੰਜਾਬ ਦੇ 'ਅਸਲ ਕਪਤਾਨ' : ਰੰਧਾਵਾ
Thursday, Feb 18, 2021 - 02:44 PM (IST)
ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਮਿਊਂਸੀਪਲ ਚੋਣ ਨਤੀਜਿਆਂ 'ਚ ਕਾਂਗਰਸ ਦੀ ਹੂੰਝਾਫੇਰ ਜਿੱਤ ਦਾ ਸਿਹਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਬੰਨ੍ਹਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ 'ਚ ਲੋਕਾਂ ਨੇ ਸਪੱਸ਼ਟ ਫ਼ਤਵਾ ਦੇ ਦਿੱਤਾ ਹੈ ਕਿ ਪੰਜਾਬ ਅਤੇ ਇੱਥੋਂ ਦੇ ਲੋਕਾਂ ਦਾ ਅਸਲ 'ਕਪਤਾਨ' ਕੌਣ ਹੈ। ਇਨ੍ਹਾਂ ਚੋਣ ਨਤੀਜਿਆਂ ਨੂੰ ਸਾਲ-2022 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀ-ਫਾਈਨਲ ਦੱਸਦਿਆਂ ਕਾਂਗਰਸੀ ਆਗੂ ਨੇ ਕਿਹਾ ਕਿ ਪੰਜਾਬ ਦੇ ਸੂਝਵਾਨ ਵੋਟਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ 'ਤੇ ਮੋਹਰ ਲਾਈ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਕੱਦਾਵਾਰ ਨੇਤਾ ਬਣ ਕੇ ਉੱਭਰੇ ਹਨ।
ਇਹ ਵੀ ਪੜ੍ਹੋ : ਮੋਹਾਲੀ 'ਚ 'ਕਾਂਗਰਸ' ਨੂੰ ਮਿਲੀ ਹੂੰਝਾਫੇਰ ਜਿੱਤ, ਅਕਾਲੀ-ਭਾਜਪਾ ਦਾ ਨਹੀਂ ਖੁੱਲ੍ਹਿਆ ਖਾਤਾ
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਗਾਮੀ ਵਿਧਾਨ ਸਭਾ ਚੋਣਾਂ 'ਚ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਹੀ ਚੋਣ ਮੈਦਾਨ 'ਚ ਨਿੱਤਰੇਗੀ ਅਤੇ ਮਿਊਂਸੀਪਲ ਚੋਣਾਂ ਵਾਂਗ ਸ਼ਾਨਦਾਰ ਜਿੱਤ ਹਾਸਲ ਕਰੇਗੀ। ਮੁਲਕ ਦੀ ਕੌਮੀ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਮਿਊਂਸੀਪਲ ਚੋਣਾਂ 'ਚ ਕੁੱਲ 2165 ਸੀਟਾਂ 'ਚੋਂ ਸਿਰਫ 47 ਸੀਟਾਂ ਮਿਲਣ 'ਤੇ ਤੰਜ ਕੱਸਦਿਆਂ ਸ. ਰੰਧਾਵਾ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨ ਲਿਆ ਕੇ ਕਿਸਾਨਾਂ ਦੀ ਹੋਂਦ ਮਿਟਾਉਣ ਦਾ ਏਜੰਡਾ ਲੈ ਕੇ ਤੁਰੀ ਭਾਜਪਾ ਖ਼ੁਦ ਹੀ ਸੂਬੇ ਦੇ ਸਿਆਸੀ ਨਕਸ਼ੇ ਤੋਂ ਮਿਟ ਗਈ ਹੈ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਗੁਰਦਾਸਪੁਰ ਅਤੇ ਪਠਾਨਕੋਟ 'ਚ ਫਿਲਮੀ ਅਦਾਕਾਰ ਦੇ ਸੰਸਦ ਹਲਕੇ 'ਚ ਭਾਜਪਾ ਦਾ ਕਮਲ ਦਾ ਫੁੱਲ ਪੂਰੀ ਤਰ੍ਹਾਂ ਮੁਰਝਾ ਗਿਆ ਹੈ ਅਤੇ ਉਥੋਂ ਦੇ ਸੰਸਦੀ ਮੈਂਬਰ ਦੀ 'ਸਿਆਸੀ ਐਕਟਿੰਗ' ਵੀ ਭਾਜਪਾ ਦੀ ਬੇੜੀ ਪਾਰ ਨਾ ਲਾ ਸਕੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪਹਿਲੀ ਤੋਂ ਬਾਰ੍ਹਵੀਂ ਜਮਾਤ ਤਕ ਦੇ ਅਧਿਆਪਕ ਬਣਨ ਲਈ ਇਹ ਟੈਸਟ ਪਾਸ ਕਰਨਾ ਹੋਵੇਗਾ ਲਾਜ਼ਮੀ
ਸ. ਰੰਧਾਵਾ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਅਤੇ ਉਸ ਤੋਂ ਬਾਅਦ ਸਾਲ 2019 ਦੀਆਂ ਲੋਕ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਵਾਂਗ ਉਸ ਸਮੇਂ ਵੀ ਕੈਪਟਨ ਅਮਰਿੰਦਰ ਸਿੰਘ ਇਕ ਅਜਿਹੇ ਆਗੂ ਬਣ ਕੇ ਉਭਰੇ ਸਨ, ਜਿਨ੍ਹਾਂ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਕਾਂਗਰਸ ਨੇ ਨਗਰ ਕੌਂਸਲਾਂ ਦੇ 1815 ਵਾਰਡਾਂ 'ਚੋਂ 1199 ਵਾਰਡਾਂ ਅਤੇ 7 ਨਗਰ ਨਿਗਮਾਂ ਦੀਆਂ 350 ਸੀਟਾਂ 'ਚੋਂ 281 ਸੀਟਾਂ 'ਚ ਸ਼ਾਨਦਾਰ ਜਿੱਤ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਸੂਬੇ 'ਚ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਪੰਜ ਜ਼ਿਮਨੀ ਚੋਣਾਂ 'ਚੋਂ ਚਾਰ ਸੀਟਾਂ ਜਿੱਤੀਆਂ ਅਤੇ ਇਸੇ ਤਰ੍ਹਾਂ ਸਾਲ 2017 'ਚ ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ 'ਚ ਵੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਸੀ।
ਇਹ ਵੀ ਪੜ੍ਹੋ : ਪੰਜਾਬ ਸਮੇਤ ਪੂਰੇ ਦੇਸ਼ 'ਚ ਅੱਜ 'ਟਰੇਨਾਂ' ਰੋਕਣਗੇ ਕਿਸਾਨ, 4 ਘੰਟੇ ਰਹੇਗਾ ਚੱਕਾ ਜਾਮ
ਸ. ਰੰਧਾਵਾ ਨੇ ਕਿਹਾ ਕਿ ਕੋਵਿਡ-19 ਦੀ ਮਹਾਮਾਰੀ, ਹੜ੍ਹਾਂ ਅਤੇ ਹੁਣ ਕਿਸਾਨ ਅੰਦੋਲਨ ਵਰਗੇ ਹੰਗਾਮੀ ਅਤੇ ਚੁਣੌਤੀਪੂਰਨ ਹਾਲਾਤਾਂ 'ਚ ਮੁੱਖ ਮੰਤਰੀ ਨੇ ਮਿਸਾਲੀ ਅਗਵਾਈ ਦਿੱਤੀ ਹੈ ਅਤੇ ਅਜਿਹੇ ਸੰਜੀਦਾ ਮੁੱਦਿਆਂ ਪ੍ਰਤੀ ਦੂਰਅੰਦੇਸ਼ੀ ਪਹੁੰਚ ਦਾ ਪ੍ਰਗਟਾਵਾ ਕੀਤਾ ਹੈ, ਜਿਸ ਕਰਕੇ ਉਨ੍ਹਾਂ ਨੇ ਸੂਬੇ ਦੇ ਸਾਰੇ ਵਰਗਾਂ ਦਾ ਦਿਲ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਅਮਨ-ਕਾਨੂੰਨ ਦੀ ਵਿਵਸਥਾ, ਕਰਜ਼ਾ ਮੁਆਫ਼ੀ, ਰੋਜ਼ਗਾਰ ਉਤਪਤੀ ਅਤੇ ਖ਼ਾਸ ਕਰਕੇ ਸੂਬੇ ਨੂੰ ਨਸ਼ਿਆਂ ਦੀ ਦਲਦਲ 'ਚੋਂ ਕੱਢਣ ਦੀ ਗੱਲ ਹੋਵੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਸਾਰੇ ਫਰੰਟਾਂ 'ਤੇ ਪੰਜਾਬ ਅਤੇ ਇੱਥੋਂ ਲੋਕਾਂ ਪ੍ਰਤੀ ਆਪਣਾ ਫਰਜ਼ ਨਿਭਾਇਆ ਹੈ, ਜਿਸ ਕਰਕੇ ਲੋਕਾਂ ਨੇ ਕੂੜ ਪ੍ਰਚਾਰ ਕਰਨ ਵਾਲੀਆਂ ਵਿਰੋਧੀ ਪਾਰਟੀਆਂ ਨੂੰ ਉਨ੍ਹਾਂ ਦੀ ਅਸਲ ਥਾਂ ਦਿਖਾਉਂਦੇ ਹੋਏ ਕਾਂਗਰਸ ਪਾਰਟੀ ਦੀਆਂ ਨੀਤੀਆਂ ਉਪਰ ਭਰੋਸਾ ਜ਼ਾਹਰ ਕੀਤਾ ਹੈ।
ਨੋਟ : ਪੰਜਾਬ 'ਚ ਚੋਣਾਂ ਦੌਰਾਨ ਕਾਂਗਰਸ ਦੀ ਜਿੱਤ ਸਬੰਧੀ ਮੰਤਰੀ ਰੰਧਾਵਾ 'ਤੇ ਬਿਆਨ ਬਾਰੇ ਦਿਓ ਰਾਏ